ਪ੍ਰੋ. ਬਡੂੰਗਰ ਨੇ ਪੰਜਾਬ ਦਿਵਸ ‘ਤੇ ਦਿੱਤੀ ਵਧਾਈ
ਇਤਿਹਾਸ ਅਤੇ ਵਿਰਾਸਤ ਦਾ ਅਸਲ ਵਾਰਸ ਬਣਨ ਦੀ ਲੋੜ : ਪ੍ਰੋ. ਬਡੂੰਗਰ
ਪਟਿਆਲਾ (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬੀ ਦਿਵਸ ‘ਤੇ ਸੂਬੇ ‘ਚ ਰਹਿ ਰਹੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਪੰਜਾਬ ਦਾ ਸ਼ਾਨਦਾਰ ਕਿਰਦਾਰ, ਇਤਿਹਾਸ ਅਤੇ ਵਿਰਾਸਤ ਹੈ, ਜਿਸ ਦਾ ਅਸਲ ਵਾਰਸ ਬਣਨਾ ਅੱਜ ਸਮੇਂ ਦੀ ਮੁੱਖ ਜ਼ਰੂਰਤ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਅਜ਼ਾਦੀ ਦੀ ਲੜਾਈ ਦੌਰਾਨ ਖਾਲਸਾ ਪੰਥ ਨੇ 80 ਫੀਸਦੀ ਕੁਰਬਾਨੀਆਂ ਦੇ ਕੇ ਅਹਿਮ ਯੋਗਦਾਨ ਪਾਇਆ ਅਤੇ ਉਸ ਸਮੇਂ ਦੀ ਕਾਂਗਰਸ ਪਾਰਟੀ ਨੇ ਦੇਸ਼ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਅਜ਼ਾਦੀ ਮਿਲਣ ‘ਤੇ ਦੇਸ਼ ਦਾ ਭਾਸ਼ਾ ਦੇ ਆਧਾਰ ‘ਤੇ ਪੁਨਰਗਠਨ ਕੀਤਾ ਜਾਵੇਗਾ, ਪ੍ਰੰਤੂ ਵਾਅਦਾ ਖਿਲਾਫ਼ੀ ਕਰਦਿਆਂ ਸਮੇਂ ਦੇ ਹਾਕਮਾਂ ਨੇ ਇਹ ਆਖ ਦਿੱਤਾ ਕਿ ਹਾਲਤ ਬਦਲ ਗਏ ਹਨ, ਜੋ ਮੁਕਰ ਗਏ, ਪ੍ਰੰਤੂ ਲੰਮੇ ਸੰਘਰਸ਼ ਤੋਂ ਬਾਦ ਸਰਕਾਰ ਜਾਗੀ ਤਾਂ ਦੇਸ਼ ਦੇ ਸਾਰੇ ਸੂਬਿਆਂ ਦਾ ਭਾਸ਼ਾ ਦੇ ਆਧਾਰ ‘ਤੇ ਪੁਨਰਗਠਨ ਕੀਤਾ ਅਤੇ ਸਿੱਖ ਕੌਮ ਕਰਕੇ ਪੰਜਾਬ ਨਾਲ ਵੱਡਾ ਵਿਤਕਰਾ ਹੋਇਆ ਅਤੇ ਸਰਕਾਰ ਭਾਸ਼ਾ ਦੇ ਆਧਾਰ ‘ਤੇ ਪੰਜਾਬ ਨੂੰ ਸੂਬਾ ਬਣਾਉਣ ਤੋਂ ਮੁਕਰ ਗਈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਦਿਵਸ ਮੌਕੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ਦਾ ਗਠਨ ਹੋਣ ਮਗਰੋਂ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੀ ਇਲਾਕੇ, ਦਰਿਆਈ ਪਾਣੀ ਅਤੇ ਹੋਰ ਅਹਿਮ ਮਸਲੇ ਅਤੇ ਮੰਗਾਂ ਅਜੇ ਵੀ ਲਟਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਦੇ ਪੰਨਿਆਂ ‘ਤੇ ਦਰਦਨਾਕ ਵਰਨਣ ਹਨ, ਜਿਨ੍ਹਾਂ ਦਾ ਜ਼ਿਕਰ ਹੁੰਦਿਆਂ ਹੀ ਅੱਖਾਂ ਨਮ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਦਿਵਸ ‘ਤੇ ਸਾਨੂੰ ਦੇਸ਼ ਭਗਤੀ ਦਾ ਸਬੂਤ ਦਿੰਦੇ ਹੋਏ ਪੰਜਾਬ ਦਾ ਨਾਂ ਉਚਾ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਅਤੇ ਦੇਸ਼ ਦੀ ਹੋਂਦ-ਹਸਤੀ, ਸੱਭਿਆਚਾਰ ਅਤੇ ਗੌਰਵ ਨੂੰ ਬਚਾਉਣ ਦਾ ਸੰਕਲਪ ਵੀ ਲੈਣਾ ਚਾਹੀਦਾ ਹੈ।

