ਪੈਨਸ਼ਨਾਂ, ਸ਼ਗਨ ਸਕੀਮਾਂ ਖੂੰਜੇ ਲਾਈਆਂ, ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਰੋਕੇ: ਬਾਦਲ
ਚੰਡੀਗੜ੍ਹ (ਮਧੂਸਾਰ ਬਿਊਰੋ) ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਚ ਵਿਕਾਸ ਅਤੇ ਭਲਾਈ ਕਾਰਜਾਂ ਵਿਚ ਮੁਕੰਮਲ ਖੜੋਤ ਆ ਚੁੱਕੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਇਹ ਜਾਣ ਕੇ ਬਹੁਤ ਹੀ ਦੁੱਖ ਲੱਗਿਆ ਹੈ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿਚ ਸ਼ਗਨ ਸਕੀਮ, ਬੁਢਾਪਾ ਪੈਨਸ਼ਨ, ਵਿਧਵਾਵਾਂ ਅਤੇ ਅਪਾਹਜਾਂ ਲਈ ਪੈਨਸ਼ਨਾਂ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਹੈ, ਕਿਉਂਕਿ ਸੂਬੇ ਵਿਚ ਕਾਂਗਰਸ ਸਰਕਾਰ ਬਣਨ ਮਗਰੋਂ ਇਹਨਾਂ ਸਾਰੇ ਲਾਭਪਾਤਰੀਆਂ ਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਇਸ ਸਰਕਾਰ ਦੀ ਨਾਕਾਰਗੁਜ਼ਾਰੀ ਦੇ ਲਗਭਗ 9 ਮਹੀਨਿਆਂ ਦੌਰਾਨ ਸੂਬੇ ਦੇ ਲੋਕਾਂ ਨੂੰ ਨਾਅਰਿਆਂ, ਭਾਸ਼ਣਾਂ, ਇਲਜ਼ਾਮਾਂ ਅਤੇ ਬਹਾਨਿਆਂ ਤੋਂ ਇਲਾਵਾ ਕੁੱਝ ਹਾਸਿਲ ਨਹੀਂ ਹੋਇਆ ਹੈ। ਇਸ ਸਰਕਾਰ ਨੇ ਪਿੰਡਾਂ ਲਈ ਜਾਰੀ ਕੀਤੇ ਸਾਰੇ ਫੰਡ ਵਾਪਸ ਲੈ ਕੇ ਪੇਂਡੂ ਵਿਕਾਸ ਨੂੰ ਥਾਂਏ ਰੋਕ ਦਿੱਤਾ ਹੈ। ਨਾ ਹੀ ਇਸ ਨੇ ਸੂਬੇ ਅੰਦਰ ਕੋਈ ਹੋਰ ਵਿਕਾਸ ਕਾਰਜ ਸ਼ੁਰੂ ਕੀਤਾ ਹੈ। ਇਹ ਸਰਕਾਰ ਆਪਣੇ ਨਾਗਰਿਕਾਂ ਅਤੇ ਮੁਲਾਜ਼ਮਾਂ ਪ੍ਰਤੀ ਰੋਜ਼ਮੱਰਾ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਨਹੀਂ ਕਰ ਰਹੀ। ਇਸ ਵੱਲੋ ਕਿਸਾਨਾਂ, ਦਲਿਤਾਂ ਅਤੇ ਗਰੀਬਾਂ, ਲੋੜਵੰਦਾਂ ਅਤੇ ਸਮਾਜ ਦੇ ਜਰੂਰਤਮੰਦ ਵਰਗਾਂ ਨੂੰ ਪਹਿਲਾਂ ਤੋਂ ਮਿਲ ਰਹੀਆਂ ਸਹੂਲਤਾਂ ਨੂੰ ਵੀ ਨਹੀਂ ਦਿੱਤੀਆਂ ਜਾ ਰਹੀਆਂ। ਨਾ ਲੋਕਾਂ ਨੂੰ ਬੁਢਾਪਾ ਪੈਨਸ਼ਨਾਂ ਮਿਲ ਰਹੀਆਂ ਹਨ, ਨਾ ਵਿਧਵਾਵਾਂ ਅਤੇ ਅੰਗਹੀਣਾਂ ਨੂੰ ਪੈਨਸ਼ਨਾਂ ਮਿਲ ਰਹੀਆਂ ਹਨ। ਇੱਥੋਂ ਤਕ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਨਹੀਂ ਦਿੱਤੇ ਜਾ ਰਹੇ। ਸਭ ਤੋਂ ਮਾੜੀ ਗੱਲ ਇਹ ਹੋਈ ਹੈ ਕਿ ਸੂਬੇ ਅੰਦਰ ਅਮਨ ਤੇ ਕਾਨੂੰਨ ਦੀ ਹਾਲਤ ਖਸਤਾ ਹੋ ਗਈ ਹੈ, ਜਿਹੜਾ ਇਸ ਸਰਕਾਰ ਦੀ ਨਾਕਾਰਗੁਜ਼ਾਰੀ ਦਾ ਸਭ ਤੋਂ ਚਿੰਤਾਜਨਕ ਪਹਿਲੂ ਹੈ।
ਸਰਕਾਰ ਵੱਲੋਂ ਸਮਾਜ ਦੇ ਵਿਭਿੰਨ ਵਰਗਾਂ ਪ੍ਰਤੀ ਆਪਣੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਹਵਾਲਾ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਬੁਢਾਪਾ ਪੈਨਸ਼ਨ, ਅਤੇ ਵਿਧਵਾਵਾਂ ਤੇ ਅੰਗਹੀਣਾਂ ਲਈ ਪੈਨਸ਼ਨਾਂ ਨੂੰ ਬੰਦ ਕਰਕੇ 20 ਪੱਖ ਪੈਨਸ਼ਨਰਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਸਰਕਾਰ ਬਣਨ ਦੇ ਮਹੀਨੇ 9 ਮਹੀਨਿਆਂ ਦੌਰਾਨ ਉਹਨਾਂ ਨੇ ਪੈਨਸ਼ਨਰਾਂ ਨੂੰ ਇੱਕ ਧੇਲਾ ਵੀ ਨਹੀਂ ਦਿੱਤਾ। ਇਹ ਬਹੁਤ ਵੱਡਾ ਵਿਸ਼ਵਾਸ਼ਘਾਤ ਹੈ, ਕਿਉਂਕਿ ਕਾਂਗਰਸ ਸਰਕਾਰ ਨੇ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਦਿੱਤੀ ਜਾ ਰਹੀ 500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਰਾਸ਼ੀ ਨੂੰ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕਰਨ ਦਾ ਵਾਅਦਾ ਕੀਤਾ ਸੀ।
ਇਸ ਦੀ ਥਾਂ ਪਹਿਲਾਂ ਉਹਨਾਂ ਨੇ ਆਪਣੀ ਪ੍ਰਤੀਬੱਧਤਾ ਤੋਂ ਮੁਕਰਦਿਆਂ ਪੈਨਸ਼ਨ 1500 ਰੁਪਏ ਪ੍ਰਤੀ ਮਹੀਨਾ ਕਰਨ ਦੀ ਥਾਂ ਮਹਿਜ਼ 750 ਰੁਪਏ ਪ੍ਰਤੀ ਮਹੀਨਾ ਕੀਤੀ। ਪਰੰਤੂ ਹੁਣ ਇੰਨੀ ਪੈਨਸ਼ਨ ਵੀ ਨਹੀਂ ਦੇ ਰਹੇ ਹਨ। ਇਹ ਲੋੜਵੰਦਾਂ ਦੀਆਂ ਮੁਸ਼ਕਿਲਾਂ ਪ੍ਰਤੀ ਬੇਹੱਦ ਸੰਵੇਦਨਹੀਣ ਨਜ਼ਰੀਆ ਹੈ। ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ 100 ਕਰੋੜ ਰੁਪਏ ਉੱਤੇ ਜੱਫਾ ਮਾਰੀ ਬੈਠੀ ਹੈ, ਜੋ ਕਿ ਅਸਲ ਵਿਚ ਪੈਨਸ਼ਨਰਾਂ ਦਾ ਪੈਸਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਸੇ ਤਰ੍ਹਾਂ ਨਵੀਂ ਸਰਕਾਰ ਬਣਨ ਮਗਰੋਂ ਸ਼ਗਨ ਸਕੀਮ ਤਹਿਤ ਕੋਈ ਸ਼ਗਨ ਦਾ ਪੈਸਾ ਨਹੀਂ ਵੰਡਿਆ ਗਿਆ ਹੈ। ਅਫਸੋਸ ਦੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਨੇ ਪੈਨਸ਼ਨਾਂ ਵਾਂਗ ਸ਼ਗਨ ਸਕੀਮ ਦੀ ਰਾਸ਼ੀ ਵੀ ਅਕਾਲੀ-ਭਾਜਪਾ ਵੱਲੋਂ ਦਿੱਤੀ ਜਾਂਦੀ 15000 ਰੁਪਏ ਤੋਂ ਵਧਾ ਕੇ 52 ਹਜ਼ਾਰ ਰੁਪਏ ਕਰ ਦੇਣ ਦਾ ਵਾਅਦਾ ਕੀਤਾ ਸੀ। ਇਸ ਮਾਮਲੇ ਵਿਚ ਵੀ ਸਰਕਾਰ 100 ਕਰੋੜ ਰੁਪਏ ਦੱਬੀ ਬੈਠੀ ਹੈ, ਜਿਸ ਉਤੇ ਗਰੀਬ ਪਰਿਵਾਰਾਂ ਦਾ ਹੱਕ ਹੈ। ਇਸੇ ਤਰ੍ਹਾਂ ਦਲਿਤਾਂ ਅਤੇ ਦੂਜੇ ਲੋੜਵੰਦ ਤੇ ਗਰੀਬ ਪਰਿਵਾਰਾਂ ਨਾਲ ਕਾਂਗਰਸ ਨੇ ਵਿਸ਼ਵਾਸ਼ਘਾਤ ਕੀਤਾ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਹਕੂਮਤ ਦੇ ਬਿਲਕੁੱਲ ਉਲਟ ਅਕਾਲੀ-ਭਾਜਪਾ ਸਰਕਾਰ ਚੋਣ ਜ਼ਾਬਤਾ ਲਾਗੂ ਹੋਣ ਤਕ ਪੈਨਸ਼ਨਰਾਂ ਅਤੇ ਸ਼ਗਨ ਸਕੀਮ ਦੇ ਲਾਭਪਾਤਰੀਆਂ ਦੀਆਂ ਸਾਰੀਆਂ ਅਦਾਇਗੀਆਂ ਕਰਦੀ ਰਹੀ ਸੀ।
ਸਰਦਾਰ ਬਾਦਲ ਨੇ ਅੱਗੇ ਕਿਹਾ ਕਿ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਵਿਦਿਆਰਥੀ ਵੀ ਕਾਂਗਰਸ ਸਰਕਾਰ ਦੀ ਪ੍ਰਤੀਬੱਧਤਾਵਾਂ ਪੂਰੀਆਂ ਨਾ ਕਰਨ ਦੀ ਇੱਛਾ ਸ਼ਕਤੀ ਦਾ ਸ਼ਿਕਾਰ ਹੋ ਗਏ ਹਨ। ਇਸ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਨਹੀਂ ਦਿੱਤੇ ਜਾ ਰਹੇ ਜਦਕਿ ਇਸ ਉਦੇਸ਼ ਲਈ ਇਹ ਕੇਂਦਰ ਸਰਕਾਰ ਤੋਂ ਵੀ 115 ਕਰੋੜ ਰੁਪਏ ਪ੍ਰਾਪਤ ਕਰ ਚੁੱਕੀ ਹੈ। ਪਰ ਇਹ ਸਰਕਾਰ ਵਜ਼ੀਫਿਆਂ ਦੀ ਰਾਸ਼ੀ ਜਾਰੀ ਨਾ ਕਰਨ ਲਈ ਆਡਿਟ ਨਾ ਹੋਣ ਵਰਗੇ ਬਹਾਨੇ ਘੜ ਰਹੀ ਹੈ। ਉਹਨਾਂ ਕਿਹਾ ਕਿ ਹੁਣ ਤਕ ਸਰਕਾਰ ਨੇ 4000 ਸੰਸਥਾਵਾਂ ਵਿਚੋਂ ਮਹਿਜ਼ 200 ਸੰਸਥਾਵਾਂ ਦਾ ਆਡਿਟ ਮੁਕੰਮਲ ਕੀਤਾ ਹੈ, ਜਿੱਥੇ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਜਾਣੇ ਹਨ। ਇਸ ਤੋਂ ਸਾਫ ਝਲਕਦਾ ਹੈ ਕਿ ਸਰਕਾਰ ਦਲਿਤ ਵਿਦਿਆਰਥੀਆਂ ਲਈ ਆਏ ਫੰਡ ਆਪਣੇ ਬੋਝੇ ਵਿਚ ਰੱਖਣ ਲਈ ਸਾਰੀ ਪ੍ਰਕਿਰਿਆ ਨੂੰ ਇੰਨਾ ਹੌਲੀ ਕਰ ਰਹੀ ਹੈ।
ਸਾਬਕਾ ਮੁੱਖ ਮੰਤਰੀ ਨੇ ਸੂਬਾ ਸਰਕਾਰ ਨੂੰ ਸਾਰੇ ਵਰਗਾਂ ਦੇ ਪੈਨਸ਼ਨਰਾਂ ਦੇ ਫੰਡ ਤੁਰੰਤ ਜਾਰੀ ਕਰਨ ਲਈ ਆਖਿਆ ਅਤੇ ਨਾਲ ਹੀ ਸ਼ਗਨ ਸਕੀਮ ਵੀ ਦੁਬਾਰਾ ਚਾਲੂ ਕਰ ਲਈ ਕਿਹਾ। ਉਹਨਾਂ ਨੇ ਕੇਂਦਰ ਵੱਲੋਂ ਸਕਾਲਰਸ਼ਿਪ ਲਈ ਭੇਜੇ 115 ਕਰੋੜ ਰੁਪਏ ਵੀ ਤੁਰੰਤ ਦਲਿਤ ਵਿਦਿਆਰਥੀਆਂ ਨੂੰ ਵੰਡਣ ਦੀ ਤਾਕੀਦ ਕੀਤੀ।

