ਇੰਡੀਅਨ ਏਅਰ ਫੋਰਸ ਦੀ ਟੀਮ ਪਹੁੰਚੀ ਖ਼ਾਲਸਾ ਕਾਲਜ ਪਟਿਆਲਾ ਦੇ ਵਿਹੜੇ
ਪਟਿਆਲਾ 2 ਨਵੰਬਰ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਕਾਲਜ ਦੇ ਡਾ. ਗੰਡਾ ਸਿੰਘ ਕੈਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਪਲੇਸਮੈਂਟ ਸੈਂਟਰ ਦੇ ਸਹਿਯੋਗ ਨਾਲ ਭਾਰਤੀ ਹਵਾਈ ਸੈਨਾ ਨੇ ਇੰਡਕਸ਼ਨ ਪ੍ਰੋਗਰਾਮ ‘ਦਿਸ਼ਾ’ ਦਾ ਆਯੋਜਨ ਕੀਤਾ। ਇੰਡੀਅਨ ਏਅਰ ਫੋਰਸ ਵੱਲੋਂ ਇਹ ਪ੍ਰੋਗਰਾਮ ਆਈ.ਏ.ਐਫ਼ ਵਿੱਚ ਅਧਿਕਾਰੀਆਂ ਦੇ ਕਾਡਰ ਲਈ ਭਰਤੀ ਹੋਣ ਦੇ ਸੰਬੰਧ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਏਅਰ ਫੋਰਸ ਸੰਬੰਧੀ ਵਿਵਹਾਰਿਕ ਗਿਆਨ ਮੁਹੱਇਆ ਕਰਵਾਉਣਾ ਹੈ। ਇਸ ਗਿਆਨ ਨੂੰ ਮੁਹੱਇਆ ਕਰਵਾਉਣ ਲਈ ਉਹਨਾਂ ਨੇ ਇੰਡਕਸ਼ਨ ਪਬਲੀਸਿਟੀ ਐਕਜੀਬੀਸ਼ਨ ਬੱਸ ਦੀ ਵਰਤੋਂ ਕੀਤੀ ਜੋ ਕਿ ਫਲਾਇਟ ਸਿਮੂਲੇਟਰ ਅਤੇ ਹੋਰ ਯੰਤਰਾਂ ਨਾਲ ਲੈਸ ਸੀ।
ਇਸ ਪ੍ਰੋਗਰਾਮ ਦੌਰਾਨ ਅਸੀਸ਼ ਕੋਹਲੀ, ਵਿੰਗ ਕਮਾਂਡਰ, ਹਵਾਈ ਸੈਨਾ ਦੇਹਰਾਦੂਨ ਨੇ ਵਿਦਿਆਰਥੀਆਂ ਨਾਲ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦੀ ਜ਼ਿੰਦਗੀ ਵਿੱਚ ਆਉਂਦੀਆਂ ਪੇਸ਼ੇਵਾਰ ਪ੍ਰੇਸ਼ਾਨੀਆਂ ਅਤੇ ਉਹਨਾਂ ਨੂੰ ਨਜਿੱਠਣ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਡਰਾਇਵ ਨੁੰ 23 ਅਗਸਤ 2017 ਨੂੰ ਦਿੱਲੀ ਤੋਂ ਝੰਡੀ ਦਿੱਤੀ ਗਈ ਸੀ ਅਤੇ 12 ਨਵੰਬਰ 2017 ਤੱਕ ਇਹ ਜਾਰੀ ਰਹੇਗੀ। ਇਹ ਡਰਾਇਵ ਕੁਲ 1774 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਜਿਸ ਦੌਰਾਨ ਇਹ 19 ਸ਼ਹਿਰਾਂ ਦੇ ਲਗਭਗ 40 ਪ੍ਰਮੁੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਅਤੇ ਉਤਸ਼ਾਹਿਤ ਕਰਨ ਦਾ ਟੀਚਾ ਪੂਰਾ ਕਰੇਗੀ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦਾ ਸਵਾਗਤ ਕਰਦੇ ਹੋਏ ਉਹਨਾਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ। ਡਾ. ਉੱਭਾ ਨੇ ਇਹ ਵੀ ਕਿਹਾ ਕਿ ਇਹ ਡਰਾਇਵ ਵਿਦਿਆਰਥੀਆਂ ਦੇ ਭਾਰਤੀ ਹਵਾਈ ਸੈਨਾ ਵਿੱਚ ਕੈਰੀਅਰ ਬਣਾਉਣ ਵਿੱਚ ਇੱਕ ਸੁਨਿਹਰੀ ਕਿਣਕਾ ਸਾਬਤ ਹੋਵੇਗੀ।
ਡਾ. ਜਸਲੀਨ ਕੌਰ, ਡਿਪਟੀ ਪ੍ਰਿੰਸੀਪਲ ਅਤੇ ਕੋ-ਆਰਡੀਨੇਟਰ ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ ਕਾਊਂਸਲਿੰਗ ਐਂਡ ਪਲੇਸਮੈਂਟ ਸੈਂਟਰ ਨੇ ਇਸ ਪ੍ਰੋਗਰਾਮ ਦੌਰਾਨ ਇੰਡੀਅਨ ਏਅਰ ਫੋਰਸ ਦੇ ਅਧਿਕਾਰੀਆਂ ਦਾ ਖ਼ਾਲਸਾ ਕਾਲਜ ਪਟਿਆਲਾ ਨੂੰ ਚੁਣਨ ‘ਤੇ ਧੰਨਵਾਦ ਕੀਤਾ ਅਤੇ ਅਜਿਹੇ ਪ੍ਰੇਰਕ ਯਤਨਾਂ ਦੀ ਸ਼ੁਰੂਆਤ ਕਰਨ ਲਈ ਉਹਨਾਂ ਨੂੰ ਵਧਾਈ ਦਿੱਤੀ।
ਇਸ ਪ੍ਰੋਗਰਾਮ ਵਿੱਚ ਕਾਲਜ ਦੇ ਐਨ.ਸੀ.ਸੀ. ਏਅਰ ਵਿੰਗ ਦੇ ਸਕੁਆਰਡਨ ਲੀਡਰ ਡਾ. ਗੁਰਮੀਤ ਸਿੰਘ, ਅਧਿਆਪਕ ਸਹਿਬਾਨ ਅਤੇ ਕਾਲਜ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।

