ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਹਾੜੇ ਨੂੰ ਸਮਰਪਿਤ ਕਲਾ ਭਵਨ ਵਿਖੇ ਖੂਨਦਾਨ ਕੈਂਪ
ਪਟਿਆਲਾ 2 ਨਵੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਵਿਭਾਗ, ਯੂਨੀਵਰਸਿਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਡੀਕਲ ਕਾਲਜ ਦੇ ਬਲੱਡ ਬੈਂਕ ਦੀ ਸਹਿਯੋਗੀ ਟੀਮ ਵਲੋਂ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਹਾੜੇ ਨੂੰ ਸਮਰਪਿੱਤ ਅੱਜ ਇਥੇ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕੀਤਾ ਅਤੇ ਵਿਦਿਅਰਥੀ ਵਲੰਟੀਅਰਜ਼, ਅਧਿਆਪਕਾਂ ਅਤੇ ਕਰਮਚਾਰੀਆਂ ਦੇ ਬੈਜ ਲਗਾਕੇ ਇਸ ਸਮਾਜ ਸੇਵੀ ਕਾਰਜ ਵਿਚ ਹਿੱਸਾ ਲੈਣ ਹਿੱਤ ਉਹਨਾਂ ਦਾ ਹੋਸਲਾ ਵਧਾਇਆ।
ਉਹਨਾਂ ਨੇ ਇਸ ਗੱਲ ਤੇ ਬਹੁਤ ਤਸੱਲੀ ਪ੍ਰਗਟਾਈ ਕਿ ਐਨ.ਐਸ.ਐਸ. ਵਿਭਾਗ ਖੂਨਦਾਨ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਕੈਂਪ ਵਿਚ ਡਾ. ਇੰਦਰਜੀਤ ਸਿੰਘ, ਡੀਨ,ਅਕਾਦਮਿਕ ਮਾਮਲੇ, ਰਜਿਸਟਰਾਰ, ਪ੍ਰੋ. ਮਨਜੀਤ ਸਿੰਘ, ਡੀਨ, ਵਿਦਿਆਰਥੀ ਭਲਾਈ, ਡਾ. ਕੁਲਬੀਰ ਢਿੱਲੋ, ਡੀਨ, ਵਿਦਿਅਰਥੀ (ਲੜਕੀਆਂ) ਡਾ.ਅੰਮ੍ਰਿਤਪਾਲ ਕੌਰ, ਡੀਨ(ਰਿਸਰਚ) ਡਾ.ਬਤਰਾ, ਡਾ. ਗੁਰਨਾਮ ਸਿੰਘ, ਪ੍ਰੋ.ਗੁਰਮਤਿ ਸੰਗੀਤ ਨੇ ਵੀ ਖੂਨਦਾਨ ਕੈਂਪ ਵਿਚ ਸ਼ਿਰਕਤ ਕੀਤੀ ਅਤੇ ਖੂਨਦਾਨੀਆਂ ਦਾ ਹੌਸਲਾ ਵਧਾਇਆ। ਡੀਨ,ਅਕਾਦਮਿਕ ਮਾਮਲੇ ਜੋ ਕਿ 60 ਵਾਰ ਖੂਨਦਾਨ ਦੇ ਚੁੱਕੇ ਹਨ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਖੂਨਦਾਨ ਆਪਣੇ-ਆਪ ਵਿਚ ਇਕ ਮਹਾਂਦਾਨ ਹੈ, ਪਰੰਤੂ ਵਿਅਕਤੀਗਤ ਤੌਰ ਤੇ ਵੀ ਖੂਨਦਾਨ ਕਰਨ ਨਾਲ ਵਿਅਕਤੀ ਦੀ ਆਪਣੀ ਸਿਹਤ ਵੀ ਬਹੁਤ ਠੀਕ ਰਹਿੰਦੀ ਹੈ।
ਪ੍ਰੋਗਰਾਮ ਕੋਆਰਡੀਨੇਟਰ, ਐਨ.ਐਸ.ਐਸ. ਡਾ. ਪਰਮਵੀਰ ਸਿੰਘ ਨੇ ਡਾ.ਸ਼ੈਲੀ ਜੇਤਲੀ, ਡਾ.ਵਿਨੈ ਗੁਰੱਈਆ, ਸ੍ਰੀ ਸੁਖਵਿੰਦਰ ਅਤੇ ਸਤਪਾਲ ਸਿੰਘ ਅਤੇ ਬਲੱਡ ਬੈਂਕ ਦੇ ਸਹਿਯੋਗੀ ਸਟਾਫ ਅਤੇ ਯੂਨੀਵਰਸਿਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਮਹਾਨ ਕਾਰਜ ਨਾਲ ਜੁੜਨ ਤੇ ਧੰਨਵਾਦ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਐਨ.ਐਸ.ਐਸ. ਯੂਨਿਟਾਂ ਦੇ ਪ੍ਰੋਗਰਾਮ ਅਫ਼ਸਰਾਂ ਡਾ. ਕੇਵਲ ਕ੍ਰਿਸ਼ਨ, ਡਾ. ਬਲਵਿੰਦਰ ਸਿੰਘ ਸੂਚ, ਡਾ. ਯੋਗਤਾ ਨੇ ਵਿਸ਼ੇਸ਼ ਤੌਰ ਤੇ ਆਪਣੀ ਜਿੰਮੇਵਾਰੀ ਨਿਭਾਈ। ਇਸ ਮੌਕੇ ਐਨ.ਐਸ.ਐਸ. ਵਲੰਟੀਅਰਾਂ ਦੀ ਐਨਰੋਲਮੈਂਟ ਵੀ ਕੀਤੀ ਗਈ। ਇਸ ਖੂਨਦਾਨ ਕੈਂਪ ਵਿਚ ਪਟਿਆਲੇ ਸ਼ਹਿਰ ਦੇ ਕਾਲਜਾਂ ਸਰਕਾਰੀ ਮਹਿੰਦਰਾ ਕਾਲਜ, ਬਿਕਰਮ ਕਾਲਜ, ਏਸ਼ੀਅਨ ਕਾਲਜ ਅਤੇ ਹੋਰ ਕਈ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਪਾਇਆ ਹੈ। ਇਸ ਖੂਨਦਾਨ ਕੈਂਪ ਵਿੱਚ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਵੱਲੋਂ ਲਗਭਗ 120 ਯੂਨਿਟ ਖੂਨਦਾਨ ਕੀਤਾ ਗਿਆ।

