10ਵੀਂ ਨੈਸ਼ਨਲ ਲਾਈਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ 2017 ਕੁੱਤਿਆਂ ਦੇ ਨਸਲੀ ਮੁਕਾਬਲੇ ਬਣੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ
ਉਤਸ਼ਾਹੀ ਦਰਸ਼ਕਾਂ ਨੇ ਡਾਗ ਬਰੀਡਰਜ਼ ਕੋਲੋਂ ਵੱਖਰੀ-ਵੱਖਰੀ ਨਸਲ ਦੇ ਕੁੱਤਿਆਂ ਬਾਰੇ ਜਾਣਕਾਰੀ ਹਾਸਲ ਕੀਤੀ
ਜਾਹਲਾਂ (ਪਟਿਆਲਾ), 3 ਦਸੰਬਰ (ਮਧੂਸਾਰ ਬਿÀਰੋ) ਇਥੇ ਸੰਗਰੂਰ ਰੋਡ ‘ਤੇ ਸਥਿਤ ਪਿੰਡ ਜਾਹਲਾਂ ਵਿਖੇ ਪਸ਼ੂ ਪਾਲਣ ਵਿਭਾਗ ਵਲੋਂ ਕਰਵਾਈ ਜਾ ਰਹੀ 10ਵੀਂ ਨੈਸ਼ਨਲ ਲਾਈਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ 2017 ਦੌਰਾਨ 25 ਵੱਖ-ਵੱਖ ਨਸਲਾਂ ਦੇ ਕੁੱਤਿਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਪਸ਼ੂ ਪਾਲਕ ਅਤੇ ਦਰਸ਼ਕ ਪੁਜੇ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜ ਲੱਖ ਦੇ ਨਗਦ ਇਨਾਮ ਜੇਤੂਆਂ ਵਿੱਚ ਤਕਸੀਮ ਕੀਤੇ ਗਏ।
ਇਹ ਜਾਣਕਾਰੀ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨੂੰ ਵੇਖਣ ਆਏ ਦਰਸ਼ਕਾਂ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਸੀ। ਇਸ ਦੌਰਾਨ ਕੁੱਤੇ ਪਾਲਣ ਦੇ ਲਈ ਉਤਸ਼ਾਹਤ ਹੋਏ ਦਰਸ਼ਕਾਂ ਨੇ ਡਾਗ ਬਰੀਡਰਜ਼ ਕੋਲੋਂ ਵੱਖਰੀ-ਵੱਖਰੀ ਨਸਲ ਦੇ ਕੁੱਤਿਆਂ ਬਾਰੇ ਜਾਣਕਾਰੀ ਹਾਸਲ ਕੀਤੀ।
ਮੇਲਾ ਪ੍ਰਬੰਧਕ ਡਾ. ਐਚ.ਐਮ ਵਾਲੀਆ ਤੇ ਸਹਾਇਕ ਡਾਇਰੈਕਟਰ ਡਾ. ਗੁਰਿੰਦਰ ਸਿੰਘ ਵਾਲੀਆ ਨੇ ਦਸਿਆ ਕਿ ਇਸ ਦੌਰਾਨ ਹੋਏ ਮੁਕਾਬਲਿਆਂ ਦੌਰਾਨ ਲਵਪ੍ਰੀਤ ਸਿੰਘ, ਪਿੰਡ ਖੁੱਡਾ ਜ਼ਿਲ੍ਹਾ ਪਟਿਆਲਾ ਦੀ ਬੀਗਲ ਨਸਲ ਦੀ ਕੁੱਤੀ, ਗੁਰਪ੍ਰੀਤ ਸਿੰਘ, ਪਿੰਡ ਖੋਜੇ ਮਾਜਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਕੌਕਰ ਸਪੈਨੀਅਲ ਕੁੱਤਾ ਅਤੇ ਕੁੱਤੀ, ਪ੍ਰਭਜੋਤ ਸਿੰਘ ਪਿੰਡ ਡੰਗਰ ਖੇੜਾ ਜ਼ਿਲ੍ਹਾ ਫਾਜ਼ਿਲਕਾ ਦਾ ਬੁੱਲ ਟੈਰੀਅਰ ਕੁੱਤਾ, ਨੰਦ ਲਾਲ ਪਿੰਡ ਜੌਹਲ ਜ਼ਿਲ੍ਹਾ ਜਲੰਧਰ ਦੀ ਡੈਸ਼ਹਾਊਂਡ ਕੁੱਤੀ, ਸਤਨਾਮ ਸਿੰਘ, ਪਿੰਡ ਰਾਮਾ ਮੰਡੀ ਜ਼ਿਲ੍ਹਾ ਜਲੰਧਰ ਦੀ ਇਸੇ ਨਸਲ ਦੀ ਕੁੱਤੀ, ਸੰਦੀਪ ਸਿੰਘ ਜ਼ਿਲ੍ਹਾ ਸੰਗਰੂਰ ਦੀ ਡਾਲਮੇਸ਼ਨ ਕੁੱਤੀ, ਜਤਿੰਦਰ ਸਿੰਘ ਪਿੰਡ ਰੁਪਾਣਾ ਸ਼੍ਰੀ ਮੁਕਤਸਰ ਸਾਹਿਬ ਦੀ ਗੱਦੀ ਨਸਲ ਦਾ ਕੁੱਤਾ, ਸੁਖਬੀਰ ਸਿੰਘ ਪਿੰਡ ਖੇੜੀ ਗੁਰਨਾ (ਪਟਿਆਲਾ) ਦੀ ਗੱਦੀ ਨਸਲ ਦੀ ਕੁੱਤੀ, ਪਰਮਜੀਤ ਸਿੰਘ, ਪਿੰਡ ਫਤਿਹਗੜ੍ਹ ਭਾਦਸੋਂ ਦੀ ਲੈਬਰਾਡੌਰ ਰਟਰੀਵਰ ਨਸਲ ਦਾ ਕੁੱਤਾ ਜੇਤੂ ਰਹੇ।
ਇਸ ਤੋਂ ਇਲਾਵਾ ਅਜੇ ਕੁਮਾਰ ਨਾਭਾ, ਗੁਰਪ੍ਰੀਤ ਸਿੰਘ ਖੋਜੇ ਮਾਜਰਾ (ਸ਼੍ਰੀ ਮੁਕਤਸਰ ਸਾਹਿਬ) ਬਾਬਾ ਬਲਬੀਰ (ਪਟਿਆਲਾ), ਮਨਦੀਪ ਸਿੰਘ ਧਨੇਠਾ, ਅਨੀਤਾ ਜਲੰਧਰ ਦੇ ਕੁੱਤਿਆਂ ਨੇ ਵੀ ਨਸਲੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਹਾਇਕ ਡਾਇਰੈਕਟਰ ਡਾ. ਗੁਰਿੰਦਰ ਸਿੰਘ ਵਾਲੀਆ ਤੇ ਡਾ. ਲਖਵਿੰਦਰ ਸਿੰਘ ਨੇ ਦਸਿਆ ਕਿ ਜੇਤੂਆਂ ਨੂੰ 4000 ਰੁਪਏ ਦਾ ਨਗਦ ਇਨਾਮ ਦਿੱਤਾ ਗਿਆ।

