ਕੈਪਟਨ ਸਰਕਾਰ ਪੰਜਾਬ ਨੂੰ ਪਸ਼ੂਧਨ ਪਖੋਂ ਦੇਸ਼ ਦਾ ਮੋਹਰੀ ਸੂਬਾ ਬਣਾਏਗੀ : ਸਾਧੂ ਸਿੰਘ ਧਰਮਸੋਤ
ਕਿਸਾਨ ਅਪਣੇ ਵਿਹਲੇ ਸਮੇਂ ਦੀ ਸਦਵਰਤੋਂ ਸਹਾਇਕ ਧੰਦਿਆਂ ਲਈ ਕਰਨ- ਧਰਮਸੋਤ
ਕੈਬਨਿਟ ਮੰਤਰੀ ਧਰਮਸੋਤ ਤੇ ਵਿਧਾਇਕ ਜਲਾਲਪੁਰ ਵਲੋਂ 10ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ-2017 ‘ਚ ਸ਼ਿਰਕਤ
ਚੈਂਪੀਅਨਸ਼ਿਪ ਅਤੇ ਐਕਸਪੋ ‘ਚ ਡੇਢ ਲੱਖ ਦਰਸ਼ਕਾਂ ਨੇ ਕੀਤੀ ਸ਼ਿਰਕਤ, ਅੰਕੜਾ 5 ਲੱਖ ਤਕ ਪੁਜੇਗਾ-ਡਾ. ਅਮਰਜੀਤ ਸਿੰਘ
ਜਾਹਲਾਂ (ਪਟਿਆਲਾ), 3 ਦਸੰਬਰ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 10ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ-2017 ਦੇ ਤੀਜੇ ਦਿਨ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਅਤੇ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਸ਼ਿਰਕਤ ਕੀਤੀ।
ਇਸ ਮੌਕੇ ਪਸ਼ੂ ਪਾਲਕਾਂ ਅਤੇ ਆਮ ਲੋਕਾਂ ਦੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਪੰਜਾਬ ਨੂੰ ਪਸ਼ੂਧਨ ਦੀ ਹਰ ਸ਼੍ਰੇਣੀ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਏਗੀ।
ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਸੱਦਾ ਦਿਤਾ ਕਿ ਉਹ ਇਸ ਮਸ਼ੀਨੀ ਯੁਗ ‘ਚ ਅਪਣੇ ਵਿਹਲੇ ਸਮੇਂ ਦੀ ਸਦਵਰਤੋਂ ਸਹਾਇਕ ਧੰਦੇ ਅਪਣਾ ਕੇ ਵਾਧੂ ਮੁਨਾਫ਼ਾ ਕਮਾਉਣ ਲਈ ਕਰਨ, ਕਿਉਂਕਿ ਡੇਅਰੀ ਧੰਦੇ ਸਮੇਤ ਸੂਰ, ਮਧੂਮੱਖੀ, ਬੱਕਰੀ, ਸੂਰ ਤੇ ਮੱਛੀ ਆਦਿ ਪਾਲਣ ਨਾਲ ਜਿਥੇ ਬੇਰੁਜ਼ਗਾਰੀ ਦੂਰ ਹੋਵੇਗੀ ਉਥੇ ਦੇਸ਼ ਅੰਦਰ ਭੋਜਨ ਸੁਰੱਖਿਆ ਵੀ ਯਕੀਨੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀਬਾੜੀ ਵਿਭਿੰਨਤਾ ਪ੍ਰੋਗਰਾਮ ਜਰੀਏ ਖੇਤੀ ਨੂੰ ਲਾਹੇਵੰਦਾ ਧੰਦਾ ਬਣਾਉਣ ਦੇ ਉਪਰਾਲਿਆਂ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਪ੍ਰਫੁਲਤ ਕਰਨ ਲਈ ਯਤਨਸ਼ੀਲ ਹੈ।
ਸ. ਧਰਮਸੋਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨੀ ਪ੍ਰਤੀ ਫ਼ਿਕਰਮੰਦੀ ਦਾ ਜਿਕਰ ਕਰਦਿਆਂ ਦਸਿਆ ਕਿ ਉਨ੍ਹਾਂ ਨੇ ਹੀ 2006 ‘ਚ ਇਸ ਚੈਂਪੀਅਨਸ਼ਿਪ ਦਾ ਮੁੱਢ ਬੰਨ੍ਹਿਆ ਜਿਸ ਦੇ ਨਤੀਜੇ ਵਜੋਂ ਪਸ਼ੂ ਪਾਲਕਾਂ ਅਤੇ ਕਿਸਾਨਾਂ ‘ਚ ਪਸ਼ੂਧਨ ਪ੍ਰਤੀ ਪੈਦਾ ਹੋਏ ਸ਼ੌਂਕ ਕਰਕੇ ਅੱਜ ਇਨ੍ਹਾਂ ਮੁਕਾਬਲਿਆਂ ‘ਚ ਕਰੋੜਾਂ ਰੁਪਏ ਦੇ ਮੁੱਲ ਦੇ ਪਸ਼ੂ ਲੋਕਾਂ ਦੀ ਖਿਚ ਦਾ ਕੇਂਦਰ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਿ ਪੰਜਾਬ ‘ਚ ਦੁਧਾਰੂ ਪਸ਼ੂਆਂ ਦਾ ਹਿੱਸਾ ਕੇਵਲ 3.5 ਫੀਸਦੀ ਹੈ ਪਰ ਦੇਸ਼ ਦਾ ਕੁਲ ਦੁੱਧ ਉਤਪਾਦਨ 7 ਫੀਸਦੀ ਹੈ ਤੇ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 1035 ਗ੍ਰਾਮ ਹੈ ਜੋ ਕਿ ਕੌਮੀ ਔਸਤ ਤੋਂ ਵੀ ਵਧ ਹੈ। ਇਸ ਮੌਕੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਆਪਣੇ ਸੰਬੋਧਨ ‘ਚ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪਸ਼ੂ ਪਾਲਕਾਂ ਦਾ ਹੌਂਸਲਾ ਵਧੇਗਾ।
ਇਸ ਤੋਂ ਬਾਅਦ ਸ. ਧਰਮਸੋਤ ਨੇ ਇਸ ਚੈਂਪੀਅਨਸ਼ਿਪ ਦੌਰਾਨ ਪਸ਼ੂਆਂ ਦੇ ਹੋ ਰਹੇ ਵੱਖ-ਵੱਖ ਮੁਕਾਬਲਿਆਂ ਵਾਲੇ ਸਥਾਨਾਂ ਦਾ ਦੌਰਾ ਕਰਕੇ ਪਸ਼ੂ ਪਾਲਕਾਂ ਨਾਲ ਮੁਲਾਕਾਤ ਕੀਤੀ ਅਤੇ ਐਕਸਪੋ-2017 ‘ਚ ਲਗਾਈ ਗਈ ਪ੍ਰਦਰਸ਼ਨੀ ਦਾ ਵੀ ਜਾਇਜਾ ਲਿਆ। ਉਨ੍ਹਾਂ ਨੇ ਪਸ਼ੂ ਮੁਕਾਬਲਿਆਂ ਲਈ ਪੁਜੇ ਮਾਹਰਾਂ ਦਾ ਸਨਮਾਨ ਵੀ ਕੀਤਾ।
ਇਸ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਦਸਿਆ ਕਿ ਇਸ ਮੇਲੇ ਦੌਰਾਨ ਘੋੜਿਆਂ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਸੂਰਾਂ, ਕੁੱਤਿਆਂ, ਮੁਰਗੀਆਂ ਆਦਿ ਦੇ 92 ਸ਼੍ਰੇਣੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਤੇ ਜੇਤੂ ਪਸ਼ੂ ਪਾਲਕਾਂ ਨੂੰ ਸਵਾ ਕਰੋੜ ਰੁਪਏ ਦੇ ਕਰੀਬ ਇਨਾਮੀ ਰਾਸ਼ੀ ਵੰਡੀ ਜਾਵੇਗੀ। ਉਨ੍ਹਾਂ ਦਸਿਆ ਕਿ ਇਸ ਚੈਂਪੀਅਨਸ਼ਿਪ ਮੌਕੇ ਫਿੱਕੀ ਵਲੋਂ ਪਸ਼ੂਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਤੇ ਖੇਤੀਬਾੜੀ ਨਾਲ ਸਬੰਧਤ 200 ਤੋਂ ਵੱਧ ਕੰਪਨੀਆਂ ਵਲੋਂ ਲਗਾਈ ਗਈ ਪ੍ਰਦਰਸ਼ਨੀ ਪਸ਼ੂਪਾਲਕਾਂ ਦੀ ਖਿਚ ਦਾ ਕੇਂਦਰ ਰਹੀ ਤੇ ਅੱਜ ਤੀਜੇ ਦਿਨ ਤਕ ਇਸ ਮੇਲੇ ‘ਚ ਲਗਪੱਗ ਡੇਢ ਲੱਖ ਲੋਕਾਂ ਵਲੋਂ ਸ਼ਿਰਕਤ ਕੀਤੀ ਜਾ ਚੁਕੀ ਹੈ ਤੇ ਇਹ ਅੰਕੜਾ 5 ਲੱਖ ਤਕ ਪੁਜਣ ਦੀ ਸੰਭਾਵਨਾ ਹੈ। ਇਸ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਾ. ਕੇਵਲ ਅਰੋੜਾ, ਡਾ. ਜਸਵੀਰ ਮਹਿਰਮ, ਡਾ. ਬੀਰ ਸੁਖਵੰਤ ਦੀ ਟੀਮ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲਿਆ। ਡਾ. ਅਮਰਜੀਤ ਸਿੰਘ ਮੁਲਤਾਨੀ ਨੇ ਦਸਿਆ ਕਿ ਇਸੇ ਦੌਰਾਨ ਨਿਊ ਪੋਲੋ ਗਰਾਂਉਂਡ ਵਿਖੇ ਘੋੜਿਆਂ ਦੀਆਂ ਵੱਖ ਵੱਖ ਨਸਲਾਂ ਦੇ ਰਾਬੀਆ ਚਾਲ, ਘੋੜਿਆਂ ਦੀ ਰੇਸ ਤੇ ਹੋਰ ਮੁਕਾਬਲੇ ਵੀ ਕਰਵਾਏ ਗਏ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਸਲਾਹਕਾਰ ਡਾ. ਪੀ. ਕੇ. ਉੱਪਲ ਦੀ ਧਰਮਪਤਨੀ ਸ੍ਰੀਮਤੀ ਕੁਸਮ ਉਪਲ, ਜੁਆਇੰਟ ਡਾਇਰੈਕਟਰ ਡਾ. ਅਮਰਜੀਤ ਸਿੰਘ ਮੁਲਤਾਨੀ, ਜੁਆਇੰਟ ਡਾਇਰੈਕਟਰ ਡਾ. ਬਲਦੇਵ ਸਿੰਘ ਰੋਮਾਣਾ, ਸਹਾਇਕ ਡਾਇਰੈਕਟਰ ਪਸ਼ੂ ਪਾਲਣ ਗੁਰਿੰਦਰ ਸਿੰਘ ਵਾਲੀਆ, ਮੇਲਾ ਪ੍ਰਬੰਧਕ ਡਾ. ਐਚ.ਐਮ. ਵਾਲੀਆ, ਡਾ. ਲਖਵਿੰਦਰ ਸਿੰਘ, ਗੁਰਮੀਤ ਸਿੰਘ ਮੋਹਣੀ ਜੱਸੋਵਾਲ, ਦੇਵਿੰਦਰ ਸਿੰਘ ਲਾਲੀ ਕਿਸ਼ਨਗੜ੍ਹ, ਇੰਦਰਜੀਤ ਸਿੰਘ ਬੋਪਾਰਾਏ, ਬਲਵਿੰਦਰ ਪਾਲ ਸ਼ਰਮਾ, ਪਵਨਜੀਤ ਸ਼ਰਮਾ, ਤਕਨੀਕੀ ਮਾਹਰਾਂ ਸਮੇਤ ਵੱਡੀ ਗਿਣਤੀ ਵਿਚ ਪੰਜਾਬ ਸਮੇਤ ਕਰੀਬ 12 ਸੂਬਿਆਂ ਤੋਂ ਪਸ਼ੂ ਪਾਲਕ ਤੇ ਕਿਸਾਨ ਪੁੱਜੇ ਹੋਏ ਸਨ।

