ਪੰਜਾਬਪਟਿਆਲਾ

ਮੁੱਖ ਮੰਤਰੀ ਦੇ ਸ਼ਹਿਰ ‘ਚ ਕਾਂਗਰਸ ਦੇ ਦੋ ਵਾਰਡਾਂ ‘ਚ ਬਗਾਵਤ

ਵਾਰਡ ਨੰ. 46 ਦੇ ਲੋਕਾਂ ਨੇ ਕਾਂਗਰਸ ਵਲੋਂ ਐਲਾਨੇ ਉਮੀਦਵਾਰ ਹੈਪੀ ਵਰਮਾ ਨੂੰ ਨਕਾਰਿਆ
ਜ਼ਿਲਾ ਜਨਰਲ ਸਕੱਤਰ ਸ਼ੇਰ ਖਾਨ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਖੜ੍ਹੇ ਹੋਣਗੇ
ਪਟਿਆਲਾ, 5 ਦਸੰਬਰ (ਮਧੂਸਾਰ ਬਿਊਰੋ) ਕਾਂਗਰਸ ਵਲੋਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਐਲਾਨੀ ਟਿਕਟਾਂ ਦੇ ਖਿਲਾਫ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸ਼ਹਿਰ ਦੇ ਦੋ ਵਾਰਡਾਂ ਵਿਚ ਹੀ ਬਗਾਵਤ ਹੋ ਗਈ ਹੈ।
ਕਾਂਗਰਸ ਵਲੋਂ ਵਾਰਡ ਨੰ. 46 ਤੋਂ ਐਲਾਨੇ ਉਮੀਦਵਾਰ ਹੈਪੀ ਵਰਮਾ ਨੂੰ ਨਕਾਰ ਕੇ ਲੋਕ ਸ਼ੇਰ ਖਾਨ ਦੇ ਸਮਰਥਨ ਵਿਚ ਖੜ੍ਹੇ ਹੋ ਗਏ ਹਨ ਜਦੋਂ ਕਿ ਵਾਰਡ ਨੰ. 34 ਤੋਂ ਐਲਾਨੇ ਗਏ ਉਮੀਦਵਾਰ ਅਤੁਲ ਜੋਸ਼ੀ ਨੂੰ ਨਕਾਰ ਕੇ ਲੋਕ ਐਡਵੋਕੇਟ ਸ਼ੈਲਿੰਦਰ ਮੋਂਟੀ ਦੇ ਹੱਕ ਵਿਚ ਨਿਤਰ ਗਏ ਹਨ।

ਜ਼ਿਲਾ ਕਾਂਗਰਸ ਦੇ ਜਨਰਲ ਸਕੱਤਰ ਮੋਤੀ ਮਹਿਲ ਦੇ 20 ਸਾਲ ਤੋਂ ਕਰੀਬੀ ਅਤੇ ਟਿਕਟ ਦੇ ਮਜਬੂਤ ਦਾਅਵੇਦਾਰ ਸ਼ੇਰ ਖਾਨ ਸ਼ਾਮਲ ਹੋਏ। ਇਸ ਮੌਕੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਸ਼ੇਰ ਖਾਨ ਨੂੰ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਕਾਗਜ਼ ਭਰਨ। ਇਸ ਦੌਰਾਨ ਮੁਹੱਲਾ ਕਸ਼ਮੀਰੀਆਂ ਟੋਭਾ ਤੋਂ ਸਤਪਾਲ ਵਰਮਾ, ਸੰਦੀਪ ਵਰਮਾ, ਸੰਦੀਪ ਸਿੰਘ, ਵਿਕਰਾਂਤ ਸ਼ਰਮਾ, ਦੀਪਕ ਮਿੱਤਲ, ਮੰਦਰ ਸ਼ਨੀ ਦੇਵ ਤੋਂ ਰਾਜੂ ਗਾਂਧੀ, ਨਰਿੰਦਰ ਸ਼ਰਮਾ, ਸੋਹਨਦੀਪ ਸਿੰਘ, ਬਗੀਚੀ ਮੰਗਲ ਦਾਸ ਤੋਂ ਰਮੇਸ਼ ਸ਼ਰਮਾ, ਟੀਨਾ ਜੀ, ਗੁਰਚਰਨ ਸਿੰਘ ਮਾਟਾ, ਧਬਲਾਨੀਆ ਮੰਦਰ ਤੋਂ ਰਜਿੰਦਰ ਮਹਿੰਦਰੋ, ਅਸ਼ੋਕ ਸ਼ਰਮਾ, ਰਵਿੰਦਰ ਧਬਲਾਨੀਆ, ਦਰਜੀਆਂ ਵਾਲੀ ਗਲੀ ਤੋਂ ਰਾਜੇਸ਼ ਕਨੌਜੀਆ, ਵਿੱਕੀ ਕਨੌਜੀਆ, ਰਾਜੂ ਕਨੌਜੀਆ, ਛਟਾਕਪੁਰਾ ਮੁਹੱਲਾ ਤੋਂ ਨਫੀਸ ਅਹਿਮਦ, ਵਿਕਾਸ ਸ਼ਰਮਾ, ਹਰਨੀਤ ਸਿੰਘ, ਡੁੰਮਾ ਵਾਲੀ ਗਲੀ ਤੋਂ ਈਸ਼ਾ ਖਾਨ, ਅਮਿਤ ਗਰਗ, ਸੰਜੀਵ ਸ਼ਰਮਾ, ਗੁਰੂ ਨਾਨਕ ਸਟਰੀਟ ਤੋਂ ਸਰਬਜੀਤ ਸਿੰਘ, ਰਮੇਸ਼ ਕ੍ਰਿਸ਼ਨ ਤੇ ਗੁਰਦੀਪ ਸਿੰਘ ਸਟਰੀਟ ਤੋਂ ਸਾਗਰ ਅਹਿਮਦ, ਸ਼ਾਰੂ ਅਹਿਮਦ, ਅਮਨਦੀਪ ਗਰੇਵਾਲ ਆਦਿ ਇਲਾਕਾ ਨਿਵਾਸੀ ਪਹੁੰਚੇ ਹੋਏ ਸਨ। ਲੋਕਾਂ ਨੇ ਕਿਹਾ ਕਿ ਸ਼ੇਰ ਖਾਨ ਦੀ ਟਿਕਟ ਸਿਰਫ ਇਸ ਲਈ ਕੱਟਣਾ ਕਿ ਉਹ ਮੁਸਲਮਾਨ ਹੈ, ਸਰਾਸਰ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਸ਼ੇਰ ਖਾਨ ਬੇਸ਼ੱਕ ਮੁਸਲਿਮ ਪਰਿਵਾਰ ਵਿਚ ਜੰਮਿਆ ਹੈ ਪਰ ਉਹ ਸਮੂਹ ਧਰਮਾਂ ਦਾ ਸਤਿਕਾਰ ਕਰਦਾ ਹੈ। ਸ਼ੇਰ ਖਾਨ ਦੀ ਅਗਵਾਈ ਵਾਲੀ ਸਦਭਾਵਨਾ ਸੇਵਾ ਸੁਸਾਇਟੀ ਪਿਛਲੇ 20 ਸਾਲਾਂ ਤੋਂ ਸ਼ਿਵਰਾਤਰੀ, ਰਾਮ ਨੌਮੀ, ਕ੍ਰਿਸ਼ਨ ਜਨਮ ਅਸ਼ਟਮੀ, ਬਾਮਨ ਦੁਆਦਸ਼ੀ, ਸਿੱਖ ਧਰਮ ਦਾ ਹਰ ਗੁਰਪੁਰਬ, ਕ੍ਰਿਸਮਿਸ ਮਨਾਉਂਦੀ ਆ ਰਹੀ ਹੈ। ਹਰ ਧਰਮ ਵਲੋਂ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦਾ ਸਵਾਗਤ ਅਤੇ ਲੰਗਰ ਦਾ ਪ੍ਰਬੰਧ ਸ਼ੇਰ ਖਾਨ ਵਲੋਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਮੁਸਲਮਾਨ ਹੋਣ ‘ਤੇ ਟਿਕਟ ਕੱਟਣਾ ਕਾਂਗਰਸ ਦੀ ਧਰਮਨਿਰਪੱਖਤਾ ‘ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼ੇਰ ਖਾਨ ਇਨਸਾਨੀਅਤ ਦੀ ਸੇਵਾ ਕਰਨ ਵਾਲਾ ਆਗੂ ਹੈ ਅਤੇ ਪਿਛਲੇ 20 ਸਾਲਾਂ ਤੋਂ ਕਾਂਗਰਸ ਪਾਰਟੀ ਅਤੇ ਮੋਤੀ ਬਾਗ ਪੈਲਸ ਦੀ ਨਿਸ਼ਕਾਮ ਸੇਵਾ ਕਰ ਰਿਹਾ ਹੈ। ਅਜਿਹੇ ਵਿਚ ਸ਼ੇਰ ਖਾਨ ਦੀ ਟਿਕਟ ਕੱਟਣਾ ਕਾਂਗਰਸ ਵਲੋਂ ਕੀਤਾ ਗਿਆ ਘੋਰ ਪਾਪ ਹੈ, ਜਿਸ ਨੂੰ ਇਲਾਕੇ ਦੇ ਲੋਕ ਸਹਿਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਲਾਕਾ ਸ਼ੇਰ ਖਾਨ ਨੂੰ ਆਜ਼ਾਦ ਖੜ੍ਹਾ ਕਰਕੇ ਉਸ ਨੂੰ ਆਪਣਾ ਕੌਂਸਲਰ ਚੁਣੇਗਾ ਕਿਉਂਕਿ ਵੋਟਾਂ ਲੋਕਾਂ ਨੇ ਪਾਉਣੀਆਂ ਹਨ। ਸ਼ੇਰ ਖਾਨ ਪਿਛਲੇ 20 ਸਾਲਾਂ ਤੋਂ ਇਲਾਕੇ ਦੇ ਹਰ ਨਿਵਾਸੀ ਦੇ ਦੁੱਖ ਸੁੱਖ ਵਿਚ ਸ਼ਰੀਕ ਹੁੰਦਾ ਹੈ। ਇਸ ਮੌਕੇ ਸ਼ੇਰ ਖਾਨ ਨੇ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ। ਇਲਾਕੇ ਦੇ ਲੋਕਾਂ ਦੇ ਕਹਿਣ ‘ਤੇ ਉਹ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਬੁੱਧਵਾਰ ਨੂੰ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦਗੀ ਪੱਤਰ ਭਰਨਗੇ।
ਇਸ ਦੌਰਾਨ ਮੋਤੀ ਬਾਗ ਦੇ ਇਕ ਹੋਰ ਅਤਿ ਕਰੀਬੀ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਖਾਸ ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਕੌਮੀ ਲੀਗਲ ਐਡਵਾਈਜ਼ਰ ਐਡਵੋਕੇਟ ਸ਼ੈਲਿੰਦਰ ਗਰਗ ਮੋਂਟੀ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਵਾਰਡ ਦੇ ਲੋਕਾਂ ਨੇ ਐਡਵੋਕੇਟ ਮੋਂਟੀ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਆਜ਼ਾਦ ਚੋਣ ਲੜਨ ਲਈ ਕਿਹਾ, ਜਿਸ ਤੋਂ ਬਾਅਦ ਮੋਂਟੀ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਆਜ਼ਾਦ ਚੋਣ ਲੜਨ ਦਾ ਫੈਸਲਾ ਕੀਤਾ ਹੈ। ਐਡਵੋਕੇਟ ਮੋਂਟੀ ਨੇ ਕਿਹਾ ਕਿ ਅਗਰਵਾਲ ਸਮਾਜ ਨੂੰ ਟਿਕਟਾਂ ਦੇਣ ਵਿਚ ਅਣਦੇਖਾ ਕੀਤਾ ਗਿਆ ਹੈ।

Leave a Reply

Your email address will not be published. Required fields are marked *