ਪੰਜਾਬ

ਚੀਫ ਖਾਲਸਾ ਦੀਵਾਨ ਵੱਲੋਂ ਜ਼ਿੰਮੇਵਾਰੀ ਸੰਵਿਧਾਨਕ ਤਰੀਕੇ ਨਾਲ ਸੌਂਪੀ : ਧੰਨਰਾਜ ਸਿੰਘ

ਅੰਮ੍ਰਿਤਸਰ 29 ਦਸੰਬਰ (ਮਧੂਸਾਰ ਬਿਊਰੋ) ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਦੇ ਪ੍ਰਧਾਨ ਧੰਨਰਾਜ ਸਿੰਘ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਦੀ ਧਾਰਾ 15 ਅਨੁਸਾਰ ਉਨ੍ਹਾਂ ਨੇ ਦੀਵਾਨ ਦੀ ਸੇਵਾ ਦਾ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਕੌਮ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਅਤੇ ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਵੱਲੋਂ ਸੰਭਾਲੀ ਗਈ ਇਸ ਸੇਵਾ ਦਾ ਹਰ ਕਦਮ ਗੁਰੂ ਸਿਧਾਂਤ ਦੀ ਰੌਸ਼ਨੀ ਵਿਚ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਇਹ ਸੇਵਾ ਦੀਵਾਨ ਦੇ ਮੈਂਬਰਾਂ ਵੱਲੋਂ ਸੰਵਿਧਾਨਕ ਤਰੀਕੇ ਨਾਲ ਸੌਂਪੀ ਗਈ ਹੈ ਨਾ ਕਿਸੇ ਵਿਸ਼ੇਸ਼ ਵਿਅਕਤੀ ਵੱਲੋਂ।

ਚੀਫ ਖਾਲਸਾ ਦੀਵਾਨ ਲੋਕਾਂ ਦੀਆਂ ਭਾਵਨਾਵਾਂ ‘ਤੇ ਪੂਰਾ ਉਤਰਨ ਲਈ ਇਕ ਯੋਜਨਾਬੱਧ ਤਰੀਕੇ ਨਾਲ ਤਿਆਰੀ ਕਰ ਰਿਹਾ ਹੈ। ਚੀਫ ਖਾਲਸਾ ਦੀਵਾਨ ਦੇ ਵਿੱਦਿਆ ਦੇ ਮਿਆਰ ਨੂੰ ਹੋਰ ਉਚੇਰਾ ਚੁੱਕਣ ਅਤੇ ਕੌਮ ਦੀ ਚੜ੍ਹਦੀਕਲਾ ਲਈ ਯਤਨਸ਼ੀਲ ਹੋਣਾ ਉਨ੍ਹਾਂ ਦਾ ਪਹਿਲਾ ਮਕਸਦ ਹੋਵੇਗਾ। ਚੀਫ ਖਾਲਸਾ ਦੀਵਾਨ ਦੇ ਸਕੂਲਾਂ ਵਿਚ ਵਿਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਵਿਸ਼ਵਾਸ ਨੂੰ ਬਹਾਲ ਰੱਖਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 1994 ਤੋਂ ਇਸ ਸੰਸਥਾ ਦੇ ਮੈਂਬਰ ਵਜੋਂ ਉਹ ਕੌਮ ਦੀ ਇਸ ਵੱਕਾਰੀ ਸੰਸਥਾ ਦੀ ਸੇਵਾ ਤਨਦੇਹੀ ਨਾਲ ਨਿਭਾ ਰਹੇ ਹਨ। ਆਪਣੇ ਤਜਰਬੇ ਅਤੇ ਸਾਥੀ ਮੈਂਬਰਾਂ ਦੇ ਸਹਿਯੋਗ ਨਾਲ ਇਸ ਸੰਸਥਾ ਨੂੰ ਹੋਰ ਅੱਗੇ ਵਧਾਉਣਾ ਉਨ੍ਹਾਂ ਦਾ ਪਰਮ ਕਰਮ ਹੈ। ਉਨ੍ਹਾਂ ਚੀਫ ਖਾਲਸਾ ਦੀਵਾਨ ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਸਨਮਾਨ ਅਤੇ ਸਤਿਕਾਰ ਇਸ ਸੰਸਥਾ ਦੀ ਜ਼ਿੰਮੇਵਾਰੀ ਹੈ ਅਤੇ ਇਸ ਵਿਚ ਕੋਈ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਕੌਮ ਦੀ ਇਸ ਸੰਸਥਾ ਨੂੰ ਹੋਰ ਬੁਲੰਦੀਆਂ ਉਪਰ ਲਿਜਾਣ ਲਈ ਉਸਾਰੂ ਸੁਝਾਅ ਲੈ ਕੇ ਅੱਗੇ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਵਿਚਾਰਕੇ ਸੰਸਥਾ ਦੀ ਚੜ੍ਹਦੀਕਲਾ ਦੇ ਫੈਸਲੇ ਲਏ ਜਾ ਸਕਣ।

Leave a Reply

Your email address will not be published. Required fields are marked *