ਸ਼ਹੀਦੀ ਸਭਾ ਦੌਰਾਨ ਬਾਲ ਭਿੱਖਿਆ ਤੇ ਬਾਲ ਮਜਦੂਰੀ ਕਰਦੇ ਮਿਲੇ 25 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ
ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਤੇ ਬਾਲ ਭਲਾਈ ਕਮੇਟੀ ਦੇ ਸਾਂਝੇ ਉਪਰਾਲਿਆਂ ਨਾਲ 5 ਗੁੰਮ ਹੋਏ ਬੱਚੇ ਕੀਤੇ ਮਾਪਿਆਂ ਹਵਾਲੇ
ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਨੂੰ ਸੰਗਠਿਤ ਬਾਲ ਸੁਰੱਖਿਆ ਸਕੀਮ ਬਾਰੇ ਕਰਵਾਇਆ ਗਿਆ ਜਾਣੂ
ਫ਼ਤਹਿਗੜ੍ਹ ਸਾਹਿਬ, 29 ਦਸੰਬਰ:
ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਤੇ ਬਾਲ ਭਲਾਈ ਕਮੇਟੀ ਵੱਲੋਂ ਸ਼ਹੀਦੀ ਸਭਾ ਦੌਰਾਨ ਬਾਲ ਭਿੱਖਿਆ ਤੇ ਬਾਲ ਮਜਦੂਰੀ ਨੂੰ ਠੱਲ ਪਾਉਣ ਲਈ ਸ਼ਹੀਦੀ ਸਭਾ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਖੋਲੇ ਗਏ ਬਾਲ ਸਹਾਇਤਾ ਕੇਂਦਰ ਵੱਲੋਂ ਬਾਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਅਤੇ ਇਸ ਕੰਮ ਵਿੱਚ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਗੁਲਸ਼ਨ ਰਾਏ ਬੌਬੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਨੇ ਮਾਤਾ ਗੁਜਰੀ ਕਾਲਜ਼ ਦੇ ਵਲੰਟੀਅਰਾਂ ਦੀ ਮਦਦ ਨਾਲ ਵੱਖ-ਵੱਖ ਟੀਮਾਂ ਬਣਾ ਕੇ ਸ਼ਹੀਦੀ ਸਭਾ ਦੌਰਾਨ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਬਾਲ ਭਿੱਖਿਆ ਤੇ ਬਾਲ ਮਜਦੂਰੀ ਕਰਨ ਵਾਲੇ 25 ਬੱਚਿਆਂ ਨੂੰ ਲੱਭ ਕੇ ਆਪਣੀ ਨਿਗਰਾਨੀ ਹੇਠ ਰੱਖਿਆ ਗਿਆ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਬਾਲ ਮਜਦੂਰੀ ਤੇ ਬਾਲ ਭਿੱਖਿਆ ਦੇ ਖਾਤਮੇ ਲਈ ਯੁਨਿਟ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਇਸ ਪਵਿੱਤਰ ਧਰਤੀ ‘ਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਯੁਨਿਟ ਵੱਲੋਂ ਬਾਲ ਮਜਦੂਰੀ ਤੇ ਬਾਲ ਭਿੱਖਿਆ ਮੰਗਣ ਵਾਲੇ ਬੱਚਿਆਂ ਦੇ ਮਾਪਿਆਂ ਦੀ ਭਾਲ ਕਰਕੇ ਇਹ ਬੱਚੇ ਉਨ੍ਹਾਂ ਦੇ ਹਵਾਲੇ ਕਰ ਦਿੱਤੇ ਗਏ ਅਤੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਇਹ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਭਵਿੱਖ ਵਿੱਚ ਬੱਚਿਆਂ ਤੋਂ ਅਜਿਹਾ ਕੰਮ ਨਾ ਕਰਵਾਇਆ ਜਾਵੇ ਕਿਉਂਕਿ ਬੱਚਿਆਂ ਤੋਂ ਬਾਲ ਮਜਦੂਰੀ ਕਰਵਾਉਣਾ ਜਾਂ ਭੀਖ ਮੰਗਵਾਉਣਾ ਇੱਕ ਕਾਨੁੰਨੀ ਜੁਰਮ ਹੈ ਜਿਸ ਵਿੱਚ ਸਜਾ ਤੇ ਜੁਰਮਾਨਾ ਦੋਵੇਂ ਹੋ ਸਕਦੇ ਹਨ।
ਇਸ ਮੌਕੇ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਗੁਲਸ਼ਨ ਰਾਏ ਬੌਬੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਸ਼ਹੀਦੀ ਸਭਾ ਦੌਰਾਨ 5 ਗੁਆਚੇ ਹੋਏ ਬੱਚਿਆਂ ਨੂੰ ਵੀ ਉਨ੍ਹਾਂ ਦੇ ਮਾਪਿਆਂ ਨਾਲ ਮਿਲਾਇਆ ਗਿਆ। ਉਨ੍ਹਾਂ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਨੂੰ ਸੰਗਠਿਤ ਬਾਲ ਸੁਰੱਖਿਆ ਸਕੀਮ ਬਾਰੇ ਜਾਣੂ ਕਰਵਾਇਆ ਗਿਆ ਅਤੇ ਬੱਚਿਆਂ ਦੀ ਸੁਰੱਖਿਆ ‘ਤੇ ਵਿਸ਼ੇਸ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਬਾਲ ਭਲਾਈ ਕਮੇਟੀ ਦੇ ਮੈਂਬਰ ਸ਼੍ਰੀ ਸੁਨੀਤ ਸਿੰਘੀ, ਮੈਂਬਰ ਸੋਨੀਆ ਮੜਕਨ, ਰੰਜਨਾਂ ਸ਼ਰਮਾ, ਬਾਲ ਸੁਰੱਖਿਆ ਯੁਨਿਟ ਦੇ ਲੀਗਲ ਅਫਸਰ ਸਰੂ ਸ਼ਰਮਾ, ਬਾਲ ਸੁਰੱਖਿਆ ਅਫਸਰ ਨੇਹਾ ਸਿੰਗਲਾ,ਕਾਊਂਸਲਰ ਅਨਿਲ ਕੁਮਾਰ, ਰਿੰਕਲੀਨ ਢਿੱਲੋਂ ਅਤੇ ਹਰਪ੍ਰੀਤ ਕੌਰ ਸੋਸ਼ਲ ਵਰਕਰ, ਰਣਦੀਪ ਕੌਰ, ਗਗਨਦੀਪ ਸ਼ਾਹੀ, ਲਖਵੀਰ ਕੌਰ ਅਤੇ ਗੁਚਸ਼ਰਨ ਸਿੰਘ ਨੇ ਬਾਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਲਾਘਾਯੋਗ ਉਪਰਾਲੇ ਕੀਤੇ।

