ਪੰਜਾਬੀ ਯੂਨੀਵਰਸਿਟੀ ਨੂੰ ਵਿਤੀ ਸੰਕਟ ਵਿਚੋ ਬਾਹਰ ਕੱਢਣ ਲਈ ਲੱਖਾਂ ਰੁਪਏ ਦਾਨ ਵਜੋਂ ਆਉਣੇ ਸ਼ੁਰੁ
ਪਟਿਆਲਾ 1 ਜਨਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਚ ਅੱਜ ਨਵੇਂ ਸਾਲ ਦੇ ਸ਼ੁੱਭ ਮੌਕੇ ‘ਤੇ ਇਕ ਨਵਾਂ ਅਧਿਆਇ ਜੁੜ ਗਿਆ ਜਦੋਂ ਯੂਨੀਵਰਸਿਟੀ ਨੂੰ ਮੌਜੂਦਾ ਵਿੱਤੀ ਸੰਕਟ ਤੋਂ ਮੁਕਤ ਕਰਨ ਲਈ ਭਾਰੀ ਮਾਤਰਾ ਵਿੱਚ ਰਾਸ਼ੀ ਵਿੱਤੀ ਸਹਾਇਤਾ ਵਜੋਂ ਆਉਣੀ ਸ਼ੁਰੂ ਹੋਈ।
ਸਭ ਤੋਂ ਵੱਡਾ ਯੋਗਦਾਨ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ; ਡੀਨ, ਅਕਾਦਮਿਕ ਮਾਮਲੇ, ਡਾ. ਜੀ.ਐਸ. ਬੱਤਰਾ; ਰਜਿਸਟਰਾਰ, ਡਾ. ਮਨਜੀਤ ਸਿੰਘ ਨਿੱਜਰ ਅਤੇ ਡੀਨ, ਕਾਲਜ ਵਿਕਾਸ ਕੌਂਸਲ, ਡਾ ਕੁਲਬੀਰ ਸਿੰਘ ਢਿਲੋਂ ਨੇ ਪਾਇਆ ਜਿਨ੍ਹਾਂ ਨੇ ਇੱਕ-ਇੱਕ ਲੱਖ ਰੁਪਏ ਦੇ ਚੈਕ ਜਮ੍ਹਾਂ ਕਰਾਏ ਅਤੇ ਆਪਣੇ ਬੈਂਕ ਖਾਤਿਆਂ ਤੋਂ ਆਟੋ-ਡੈਬਿਟ 5,000 ਰੁਪਏ ਪ੍ਰਤੀ ਮਹੀਨਾ ਕਰਵਾਉਣ ਲਈ ਆਪਣੀ ਸਹਿਮਤੀ ਦਿੱਤੀ।
ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਮਾਨ ਨੇ ਪਹਿਲਾਂ ਹੀ ਆਪਣੀ ਰਿਟਾਇਰਮੈਂਟ ਦੇ ਲਾਭਾਂ ਵਿੱਚੋਂ 10 ਪ੍ਰਤੀਸ਼ਤ ਦੀ ਕਟੌਤੀ ਕਰਵਾਉਣ ਲਈ ਸਹਿਮਤੀ ਦਿੱਤੀ ਹੋਈ ਹੈ। ਇਹ ਰਾਸ਼ੀ ਤਿੰਨ ਤੋਂ ਚਾਰ ਲੱਖ ਰੁਪਏ ਤੱਕ ਬਣਦੀ ਹੈ। ਉਨ੍ਹਾਂ ਨੇ ਆਪਣੀ ਤਨਖਾਹ ਵਿਚੋਂ 1,500 ਰੁਪਏ ਆਟੋ-ਡੈਬਿਟ ਕਰਵਾਉਣ ਅਤੇ ਇਕ ਟਾਪਰ ਵਿਦਿਆਰਥੀ ਨੂੰ ਅਡਾਪਟ ਕਰਕੇ ਉਸ ਦੀ ਟਿਊਸ਼ਨ ਫੀਸ ਦੇਣ ਦੀ ਵੀ ਸਹਿਮਤੀ ਦੇ ਦਿਤੀ ਸੀ। ਡਾ. ਮਾਨ ਨੇ ਯੂਨੀਵਰਸਿਟੀ ਦੇ ਕਿਸੇ ਵੀ ਅਕਾਦਮਿਕ ਕਾਰਜ ਲਈ ਕੋਈ ਸੇਵਾਫਲ ਨਾ ਲੈਣ ਦਾ ਵੀ ਫੈਸਲਾ ਕੀਤਾ ਹੈ। ਡਾ. ਦਲੀਪ ਸਿੰਘ ਉੱਪਲ, ਸਾਬਕਾ ਵਿਤ ਅਫਸਰ ਅਤੇ ਡਾ. ਕਮਲੇਸ਼ ਉੱਪਲ, ਸਾਬਕਾ ਪ੍ਰੋਫੈਸਰ ਅਤੇ ਮੁਖੀ, ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਨੇ ਪਹਿਲਾਂ ਹੀ ਕ੍ਰਮਵਾਰ ਇਕ ਲੱਖ ਅਤੇ 1.25 ਲੱਖ ਰੁਪਏ ਦਾਨ ਕੀਤੇ ਹਨ।
ਡਾ. ਗੁਰਨਾਮ ਸਿੰਘ, ਮੁਖੀ, ਗੁਰਮਤਿ ਸੰਗੀਤ ਅਤੇ ਡਾ. ਅੰਮ੍ਰਿਤਪਾਲ ਕੌਰ, ਐਡੀਸ਼ਨਲ ਡੀਨ, ਵਿਦਿਆਰਥੀ ਭਲਾਈ (ਲੜਕੀਆਂ) ਨੇ ਵੀ ਆਪਣੀ ਤਨਖਾਹਾਂ ਵਿਚੋਂ 2000 ਰੁਪਏ ਪ੍ਰਤੀ ਮਹੀਨਾ ਦੀ ਕਟੌਤੀ ਦੀ ਪੇਸ਼ਕਸ਼ ਕੀਤੀ ਹੈ। ਸ਼੍ਰੀ ਐਲ.ਕੇ. ਪਟੇਲ ਨੇ 500 ਰੁਪਏ ਅਤੇ ਸ਼੍ਰੀ ਕਮਲਜੀਤ ਜੱਗੀ ਨੇ ਵੀ 500 ਰੁਪਏ ਦਾਨ ਦਿੱਤੇ ਹਨ। ਬਹੁਤ ਸਾਰੇ ਐੱਨ.ਆਰ.ਆਈਜ਼, ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਤੋਂ ਇਲਾਵਾ ਬਹੁਤ ਸਾਰੇ ਅਧਿਆਪਕ ਅਤੇ ਕਰਮਚਾਰੀ ਹਨ, ਵੀ ਇਸ ਸਬੰਧ ਵਿਚ ਯੂਨੀਵਰਸਿਟੀ ਨੂੰ ਪੈਸੇ ਦਾਨ ਕਰਨ ਲਈ ਵਚਨਬੱਧ ਹਨ।
ਵਾਈਸ-ਚਾਂਸਲਰ ਨੇ ਸਾਰੇ ਸਬੰਧਤ, ਵਿਸ਼ੇਸ਼ ਤੌਰ ‘ਤੇ ਪ੍ਰਾਈਵੇਟ ਕਾਲਜ ਦੇ ਪ੍ਰਬੰਧਕਾਂ ਨੂੰ ਇਸ ਚੰਗੇ ਕੰਮ ਲਈ ਦਾਨ ਦੇਣ ਅਪੀਲ ਕੀਤੀ ਹੈ। ਉਹ ਆਪਣੇ ਦਾਨ ਦੀ ਰਾਸ਼ੀ ਨੂੰ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਾਂ ਤੇ ਅਕਾਉਂਟ ਨੰ: 55081433179 ਵਿੱਚ ਆਨਲਾਈਨ ਜਮ੍ਹਾਂ ਕਰ ਸਕਦੇ ਹਨ । ਉਨਾਂ ਨੇ ਕਿਹਾ ਕਿ ਉਕਤ ਫੰਡ ਨਿਰਪੱਖ ਅਤੇ ਪਾਰਦਰਸ਼ੀ ਪ੍ਰਣਾਲੀ ਰੱਖਣ ਲਈ ਸਮਾਜਿਕ ਆਡਿਟ ਲਈ ਖੁੱਲ੍ਹੇ ਹੋਣਗੇ।
ਇਸ ਤੋਂ ਪਹਿਲਾਂ ਇਕ ਨਵੀਂ ਪਰੰਪਰਾ ਚਲਾਉਂਦਿਆਂ ਡਾ. ਘੁੰਮਣ ਨੇ ਨਿੱਜੀ ਤੌਰ ‘ਤੇ ਨਵੇਂ ਨਿਯੁਕਤ ਡੀਨ, ਅਕਾਦਮਿਕ ਮਾਮਲੇ, ਡਾ. ਬੱਤਰਾ; ਡੀਨ, ਰਿਸਰਚ; ਡਾ. ਜਸਪਾਲ ਕੌਰ ਅਤੇ ਡੀਨ, ਵਿਦਿਆਰਥੀ ਭਲਾਈ ਡਾ. ਤਾਰਾ ਸਿੰਘ ਦੇ ਦਫਤਰਾਂ ਵਿਚ ਜਾ ਕੇ ਆਪਣੇ ਅਹੁਦੇ ਸੰਭਾਲਣ ਲਈ ਕਿਹਾ। ਉਨ੍ਹਾਂ ਨੇ ਨਿੱਜੀ ਤੌਰ ‘ਤੇ ਸਹਿਯੋਗੀ ਸਟਾਫ ਦੇ ਸਾਰੇ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣ ਲਈ ਪ੍ਰਬੰਧਕੀ ਬਲਾਕ- 1, ਅਤੇ 2 ਦੀਆਂ ਸ਼ਾਖਾਵਾਂ ਦਾ ਵੀ ਦੌਰਾ ਕੀਤਾ।

