ਪੰਜਾਬ

ਸਿੰਜਾਈ ਘੁਟਾਲੇ ਦੇ ਪੈਸੇ ਨਾਲ ਰੇਤ ਖੱਡਾਂ ਖਰੀਦਣ ਦੇ ਮਾਮਲੇ ਦੀ ਸੀਬੀਆਈ ਜਾਂਚ ਹੋਵੇ: ਅਕਾਲੀ ਦਲ

ਚੰਡੀਗੜ੍ਹ 1 ਜਨਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਹੁਣ ਜਦੋਂ ਇਹ ਸਪੱਸ਼ਟ ਹੋ ਗਿਆ ਹੈ ਕਿ 1000 ਕਰੋੜ ਦੇ ਸਿੰਜਾਈ ਘੁਟਾਲੇ ਦੇ ਮੁੱਖ ਦੋਸ਼ੀ ਨੇ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨੇੜਲੇ ਸਹਿਯੋਗੀਆਂ ਅਤੇ ਸਾਂਝੀਦਾਰ ਵੱਲੋਂ ਦਿੱਤੀ ਰੇਤ ਖੱਡਾਂ ਦੀ ਬੋਲੀ ਵਾਸਤੇ ਪੈਸਾ ਲਾਇਆ ਸੀ ਤਾਂ ਉਸ ਖ਼ਿਲਾਫ ਬਿਨਾਂ ਦੇਰੀ ਤੋਂ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਜਾਂਚ ਹੋਣੀ ਚਾਹੀਦੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂਆਂ ਅਤੇ ਸਾਂਸਦਾਂ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਨੂੰ ਰਾਣਾ ਗੁਰਜੀਤ ਸਿੰਘ ਦੇ ਮੰਤਰਾਲੇ ਵੱਲੋਂ ਸਿੰਜਾਈ ਘੁਟਾਲੇ ਦੇ ਮੁੱਖ ਦੋਸ਼ੀ ਠੇਕੇਦਾਰ ਗੁਰਿੰਦਰ ਸਿੰਘ ਨੂੰ ਜਾਰੀ ਕੀਤੇ 4 ਕਰੋੜ ਰੁਪਏ ਦੀ ਵੀ ਜਾਂਚ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿੰਜਾਈ ਮੰਤਰਾਲਾ ਇੱਕ ਅਜਿਹੇ ਠੇਕੇਦਾਰ ਨੂੰ ਪੈਸੇ ਕਿਵੇਂ ਜਾਰੀ ਕਰ ਸਕਦਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜਾ ਗਿਰਫਤਾਰ ਵੀ ਕੀਤਾ ਜਾ ਚੁੱਕਿਆ ਹੈ? ਇਸ ਠੇਕੇਦਾਰ ਦੀ ਰਾਣਾ ਗੁਰਜੀਤ ਦੇ ਸਹਿਯੋਗੀਆਂ ਨੂੰ ਅਲਾਟ ਕੀਤੀਆਂ ਰੇਤ ਖੱਡਾਂ ਵਿਚ ਸਿੱਧੀ ਸ਼ਮੂਲੀਅਤ ਕਰਕੇ ਹੀ ਸਿੰਜਾਈ ਮੰਤਰਾਲੇ ਨੇ ਉਸ ਉੱਤੇ ਦਿਆਲ ਰਿਹਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਇਹਨਾਂ ਦੋਵੇ ਕੇਸਾਂ ਵਿਚ ਮੰਤਰੀ ਅਪਰਾਧਿਕ ਕਾਰਵਾਈ ਲਈ ਦੋਸ਼ੀ ਹੈ, ਕਿਉਂਕਿ ਤੱਥਾਂ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸਿੰਜਾਈ ਘੁਟਾਲੇ ਦਾ ਪੈਸਾ ਰਾਣਾ ਗੁਰਜੀਤ ਦੇ ਨੇੜਲੇ ਸਹਿਯੋਗੀਆਂ ਅਤੇ ਸਾਂਝੀਦਾਰ ਕੈਪਟਨ ਜੇ ਐਸ ਰੰਧਾਵਾ ਦੇ ਨਿੱਜੀ ਕਾਰੋਬਾਰਾਂ ਲਈ ਵਰਤਿਆ ਗਿਆ ਸੀ। ਉਹਨਾਂ ਕਿਹਾ ਕਿ ਰਾਣਾ ਗੁਰਜੀਤ ਹੁਣ ਮੰਤਰੀ ਦੇ ਅਹੁਦੇ ਉੱਤੇ ਨਹੀਂ ਰਹਿ ਸਕਦਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ।
ਸਰਦਾਰ ਢੀਂਡਸਾ ਨੇ ਕਿਹਾ ਕਿ ਖੁਲਾਸਿਆਂ ਤੋਂ ਇਸ ਗੱਲ ਦਾ ਵੀ ਪਰਦਾਫਾਸ਼ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਜਸਟਿਸ (ਸੇਵਾ ਮੁਕਤ) ਜੇ ਐਸ ਨਾਰੰਗ ਕੋਲੋਂ ਰੇਤ ਖੇਡਾਂ ਦੀ ਕਰਵਾਈ ਜਾਂਚ ਮਹਿਜ ਇੱਕ ਮਿੱਤਰਤਾਪੂਰਨ ਕਾਰਵਾਈ ਹੋ ਨਿੱਬੜੀ ਸੀ, ਕਿਉਂਕਿ ਜਸਟਿਸ ਨਾਰੰਗ ਰਾਣਾ ਗੁਰਜੀਤ ਦਾ ਖਾਸ ਮਿੱਤਰ ਸੀ। ਉਹਨਾਂ ਕਿਹਾ ਕਿ ਇਹ ਸਾਰੀ ਜਾਂਚ ਇੱਕ ਢਕਵੰਜ ਸੀ, ਕਿਉਂਕਿ ਸਰਕਾਰ ਨੇ ਜਾਂਚ ਦਾ ਦਾਇਰਾ ਸਿਰਫ ਇਸ ਗੱਲ ਤਕ ਸੀਮਤ ਕਰ ਦਿੱਤਾ ਸੀ ਕਿ ਕੀ ਬੋਲੀ ਦੀਆਂ ਸ਼ਰਤਾਂ ਅਤੇ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ। ਜਦਕਿ ਇਸ ਗੱਲ ਦੀ ਜਾਂਚ ਕਰਨੀ ਬਣਦੀ ਸੀ ਕਿ ਮੰਤਰੀ ਦਾ ਖਾਨਸਾਮਾ ਅਮਿਤ ਬਹਾਦਰ ਅਤੇ ਦੂਜੇ ਕਰਮਚਾਰੀ ਕਿਸ ਤਰ੍ਹਾਂ ਕਰੋੜਾਂ ਰੁਪਏ ਦੀਆਂ ਬੋਲੀਆਂ ਹਾਸਿਲ ਕਰ ਗਏ। ਇਹਨਾਂ ਬੋਲੀਆਂ ਵਿਚ ਲਾਏ ਪੈਸੇ ਅਤੇ ਬੇਨਾਮੀ ਪੱਖ ਦੀ ਕਦੇ ਜਾਂਚ ਨਹੀਂ ਹੋਈ। ਉਹਨਾਂ ਕਿਹਾ ਕਿ ਇਸ ਸਾਰੇ ਮਸਲੇ ਦੀ ਨਵੇਂ ਸਿਰਿਓਂ ਜਾਂਚ ਹੋਣੀ ਚਾਹੀਦੀ ਹੈ।
ਸਰਦਾਰ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੇ ਰੇਤ ਦੀਆਂ ਖੱਡਾਂ ਦੀ ਨੀਲਾਮੀ ਵਿਚ ਹੋਈਆਂ ਬੇਨਿਯਮੀਆਂ ਪ੍ਰਤੀ ਅੱਖਾਂ ਕਿਉਂ ਬੰਦ ਕਰ ਲਈਆਂ ਸਨ ਅਤੇ ਰਾਣਾ ਗੁਰਜੀਤ ਦੇ ਮੰਤਰਾਲੇ ਵੱਲੋਂ ਇੱਕ ਦਾਗੀ ਠੇਕੇਦਾਰ ਨੂੰ ਪੈਸੇ ਜਾਰੀ ਕਰ ਕੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਿਉਂ ਕਰਵਾਈ? ਉਹਨਾਂ ਕਿਹਾ ਕਿ ਜੇ ਹੁਣ ਵੀ ਦੋਸ਼ੀ ਮੰਤਰੀ ਖ਼ਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬੀ ਇਸ ਦਾ ਇਹ ਅਰਥ ਕੱਢਣਗੇ ਕਿ ਸਮੁੱਚੀ ਸਰਕਾਰ ਹੀ ਇਹਨਾਂ ਗੈਰ ਕਾਨੂੰਨੀ ਗਤੀਵਿਧੀਆਂ ਵਿਚ ਗਲਤਾਨ ਹੈ।

Leave a Reply

Your email address will not be published. Required fields are marked *