ਮਾਮਲਾ ਵਾਲਮੀਕਿ ਸਮਾਜ ਦੀ ਵਿਦਿਆਰਥਣ ਵੀਰਪਾਲ ਨਾਲ ਜਾਤੀ ਵਿਤਕਰੇ ਦਾ…
-ਜਿਲਾ ਸਿੱਖਿਆ ਅਫਸਰ ਨੂੰ ਕੀਤੀ ਸਕੂਲੀ ਸਟਾਫ ਨੂੰ ਤੁਰੰਤ ਬਦਲਣ ਦੀ ਮੰਗ
-ਸਾਜਿਸ਼ ‘ਚ ਸ਼ਾਮਿਲ ਸਟਾਫ ਨਾ ਬਦਲਿਆ ਤਾਂ ਡੀ.ਈ.ਓ ਦਫਤਰ ਦਾ ਕਰਾਂਗੇ ਘਿਰਾਓ : ਡਾ. ਜਤਿੰਦਰ ਮੱਟੂ
ਪਟਿਆਲਾ 5 ਜਨਵਰੀ (ਮਧੂਸਾਰ ਬਿਊਰੋ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਜਿਲਾ ਪਟਿਆਲਾ ਦੀ 11ਵੀਂ ਜਮਾਤ ਵਿਚ ਪੜਦੀ ਵਿਦਿਆਰਥਣ ਵੀਰਪਾਲ ਕੌਰ ਨਾਲ ਸਕੂਲ ਅਤੇ ਉਸਦੇ ਪਿੰਡ ਵਿਚ ਹੋ ਰਹੇ ਜਾਤੀ ਵਿਤਕਰੇ ਦਾ ਮਾਮਲਾ ਪੂਰੀ ਤਰਾਂ ਗਰਮਾਉਂਦਾ ਜਾ ਰਿਹਾ ਹੈ।
ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਅਤੇ ਦਲਿਤ ਸਮਾਜ ਦੇ ਨੇਤਾ ਡਾ. ਜਤਿੰਦਰ ਸਿੰਘ ਮੱਟੂ ਅਤੇ ਆਦਿ ਧਰਮ ਸਮਾਜ (ਆਧਸ) ਭਾਰਤ ਦੇ ਰਾਸ਼ਟਰੀ ਮਹਾਂਮੰਤਰੀ ਵੀਰ ਲਵਲੀ ਅਛੂਤ ਵਲੋਂ ਜਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਕੰਵਲ ਕੁਮਾਰੀ ਨੂੰ ਪੂਰੇ ਐਸ.ਸੀ ਸਮਾਜ ਵਲੋਂ ਇਕ ਮੰਗ ਪੱਤਰ ਭੇਜ ਕੇ ਅਪੀਲ ਕੀਤੀ ਗਈ ਹੈ ਕਿ ਪਿੰਡ ਟੌਹੜਾ ਸਕੂਲ ਦੇ ਪ੍ਰਿੰਸੀਪਲ, ਕਲਰਕ ਅਤੇ ਜਾਤੀ ਵਿਤਕਰੇ ਦਾ ਜ਼ਹਿਰ ਫੈਲਾਉਣ ਦੀ ਸਾਜਿਸ਼ ਵਿਚ ਸ਼ਾਮਿਲ ਬਾਕੀ ਸਟਾਫ ਮੈਂਬਰਾਂ ਨੂੰ ਸਕੂਲ ਤੋਂ ਫੌਰੀ ਬਦਲਿਆ ਜਾਵੇ। ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਇਹ ਮੰਗ ਪੱਤਰ ਡਿਪਟੀ ਡੀ.ਈ.ਓ ਸ੍ਰੀ ਸੰਜੀਵ ਬਾਂਸਲ ਨੂੰ ਦਿੱਤਾ ਗਿਆ। ਡਾ. ਜਤਿੰਦਰ ਮੱਟੂ ਨੇ ਡਿਪਟੀ ਡੀ.ਈ.ਓ ਨੂੰ ਸਾਰੇ ਮਾਮਲੇ ਬਾਰੇ ਦੱਸਿਆ ਕਿ ਵੀਰਪਾਲ ਕੌਰ ਨਾਲ ਹੋ ਰਹੇ ਵਿਤਕਰੇ ਅਤੇ ਧੱਕੇਸ਼ਾਹੀ ਵਿਚ ਵੀਰਪਾਲ ਨੂੰ ਅੱਠ ਮਹੀਨੇ ਬੀਤ ਜਾਣ ਬਾਅਦ ਵੀ ਇਨਸਾਫ ਨਹੀਂ ਮਿਲਿਆ। ਉਨਾਂ ਕਿਹਾ ਕਿ ਜਿਲਾ ਸਿੱਖਿਆ ਅਫਸਰ ਫੌਰੀ ਅਜਿਹੇ ਸਟਾਫ ਨੂੰ ਬਦਲਣ ਤੋਂ ਬਾਅਦ ਇਕ ਉੱਚ ਪੱਧਰੀ ਕਮੇਟੀ ਰਾਹੀਂ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਦੋਸ਼ੀ ਪਾਏ ਜਾਣ ਵਾਲੇ ਸਟਾਫ ਅਤੇ ਪ੍ਰਿੰਸੀਪਲ ਖਿਲਾਫ ਵਿਭਾਗੀ ਕਾਰਵਾਈ ਕਰਨ। ਜੇਕਰ ਜਿਲਾ ਸਿੱਖਿਆ ਅਫਸਰ ਅਤੇ ਆਲਾ ਅਧਿਕਾਰੀਆਂ ਨੇ ਸਕੂਲ ਦੇ ਪ੍ਰਿੰਸੀਪਲ, ਕਲਰਕ ਅਤੇ ਸਾਜਿਸ਼ ਵਿਚ ਸ਼ਾਮਿਲ ਬਾਕੀ ਸਟਾਫ ਦਾ ਤਬਾਦਲਾ ਨਾ ਕੀਤਾ ਤਾਂ ਆਉਣ ਵਾਲੇ ਦੋ ਚਾਰ ਦਿਨਾਂ ਵਿਚ ਵਾਲਮੀਕਿ ਸਮਾਜ ਅਤੇ ਸਮੁੱਚਾ ਐਸ.ਸੀ ਸਮਾਜ ਜਿਲਾ ਸਿੱਖਿਆ ਅਫਸਰ, ਸੈਕੰਡਰੀ ਦੇ ਦਫਤਰ ਦਾ ਘਿਰਾਓ ਕਰੇਗਾ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਾਜਿਸ਼ ਵਿਚ ਸ਼ਾਮਿਲ ਸਟਾਫ ਦੀ ਜਾਂਚ ਐਸ.ਸੀ ਕਮਿਸ਼ਨ ਪੰਜਾਬ ਕਰ ਰਿਹਾ ਹੈ ਲਿਹਾਜਾ ਸਾਨੂੰ ਡਰ ਹੈ ਕਿ ਜੇਕਰ ਇਹੀ ਸਟਾਫ ਸਕੂਲ ਵਿਚ ਰਿਹਾ ਤਾਂ ਵਿਦਿਆਰਥਣ ਖੌਫ ਅਤੇ ਡਰ ਵਿਚ ਰਹੇਗੀ ਅਤੇ ਉਸ ਉੱਪਰ ਵਾਰ ਵਾਰ ਦਬਾਓ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਉਨਾਂ ਕਿਹਾ ਕਿ ਵੀਰਪਾਲ ਨਾਲ ਜਾਤੀ ਵਿਤਕਰਾ ਕਰਨ ਵਾਲੇ ਦੋਸ਼ੀਆਂ ਖਿਲਾਫ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਹ ਚੁੱਪ ਨਹੀਂ ਬੈਠਣਗੇ। ਇਸ ਮੌਕੇ ਸਾਰੇ ਤੱਥਾਂ ਤੋਂ ਜਾਣੂ ਹੋਣ ਤੋਂ ਬਾਅਦ ਡਿਪਟੀ ਜਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਸੰਜੀਵ ਬਾਂਸਲ ਨੇ ਫੌਨ ‘ਤੇ ਜਿਲਾ ਸਿੱਖਿਆ ਅਫਸਰ ਸ੍ਰੀਮਤੀ ਕੰਵਲ ਕੁਮਾਰੀ ਨੂੰ ਸਾਰੇ ਮਾਮਲੇ ਬਾਰੇ ਦੱਸਦਿਆਂ ਜਲਦ ਤੋਂ ਜਲਦ ਇਸ ਮਾਮਲੇ ‘ਤੇ ਸਖਤ ਕਾਰਵਾਈ ਕਰਨ ਲਈ ਬੇਨਤੀ ਕੀਤੀ।ਇਸ ਮੌਕੇ ਹਾਜਰ ਨੁਮਾਇੰਦਿਆਂ ਵਿਚ ਵੀਰ ਲਵਲੀ ਅਛੂਤ ਰਾਸ਼ਟਰੀ ਮਹਾਂਮੰਤਰੀ ਆਧਸ, ਡਾ. ਗਿਆਨ ਸਿੰਘ, ਰਵੀ ਕੁਮਾਰ, ਬਿੱਟੂ ਪੰਜੋਲਾ, ਹਰਪ੍ਰੀਤ ਪੰਜੋਲਾ, ਨਰਿੰੰਦਰ ਸਿੰਘ, ਸੁਖਜੀਤ ਸਿੰਘ ਮੱਟੂ ਅਤੇ ਐਸ.ਸੀ ਸਮਾਜ ਦੇ ਹੋਰ ਨੁਮਾਇੰਦੇ ਹਾਜਰ ਸਨ।

