ਕਿਰਤ ਵਿਭਾਗ ਅੱਗੇ ਪਰਿਵਾਰਾਂ ਸਮੇਤ ਧਰਨਾ ਅਤੇ ਸੰਘਰਸ਼ ਦੀ ਚਿਤਾਵਨੀ
ਪਟਿਆਲਾ 11 ਜੂਨ (ਮਧੂਸਾਰ ਬਿਊਰੋ) ਗੈਸ ਏਜ਼ੰਸੀ ਵਰਕਰਜ਼ ਯੂਨੀਅਨ (ਇਫਟੂ) ਵਲੋਂ ਪਰਿਵਾਰਾਂ ਸਮੇਤ ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ ਧਰਨਾਂ ਦਿੱਤਾ ਗਿਆ।
ਗੈਸ ਏਜ਼ੰਸੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਕਿਰਤ ਕਾਨੂੰਨਾਂ ਮੁਤਾਬਿਕ ਮੰਗ ਪੱਤਰ ਜਿਸ ਵਿੱਚ ਤਨਖਾਹ ਅਤੇ ਸਹੂਲਤਾਂ ਲਾਗੂ ਕਰਵਾਉਣ ਵਿੱਚ ਕਿਰਤ ਵਿਭਾਗ ਵਲੋਂ ਆਨਾਕਾਨੀ ਕੀਤੀ ਜਾ ਰਹੀ ਹੈ। ਕਿਰਤ ਅਧਿਕਾਰੀ ਗੈਸ ਕੰਪਨੀਆਂ ਅਤੇ ਏਜ਼ੰਸੀ ਮਾਲਕਾਂ ਦੇ ਦਬਾਅ ਹੇਠ ਏਜ਼ੰਸੀਆਂ ਦੀ ਚੈਕਿੰਗ ਨਹੀਂ ਕਰਦੇ ਅਤੇ ਕਿਰਤੀਆਂ ਦਾ ਸ਼ੋਸ਼ਣ ਤਨਖਾਹ ਘੱਟ ਦੇ ਕੇ ਅਤੇ ਕਿਰਤ ਕਾਨੂੰਨਾਂ ਮੁਤਾਬਿਕ ਸਹੂਲਤਾਂ ਨਾ ਦੇ ਕੇ ਕਰਨ ਖੁੱਲਾ੍ਹ ਮੌਕਾ ਦੇ ਰਹੇ ਹਨ। ਇਫ਼ਟੂ ਦੇ ਜਿਲਾ੍ਹ ਆਗੂ ਸੁਰਿੰਦਰ ਸਿੰਘ ਖਾਲਸਾ ਅਤੇ ਰਾਮ ਚੰਦ ਲਹਿਲ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਵਲੋਂ ਮਜ਼ਦੂਰ ਵਿਰੋਧੀ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਉਨਾਂ ਕਿਹਾ ਜੇਕਰ ਕਿਰਤ ਵਿਭਾਗ ਪਟਿਆਲਾ ਨੇ ਕਿਰਤੀਆਂ ਦੀਆਂ ਮੰਗਾਂ ਲਾਗੂ ਕਰਨ ਪ੍ਰਤੀ ਕਾਰਵਾਈ ਨਾ ਕੀਤੀ ਤਾਂ ਪਟਿਆਲਾ ਸ਼ਹਿਰ ਸ਼ੰਘਰਸ ਦਾ ਅਖਾੜਾ ਬਣ ਜਾਵੇਗਾ। ਇਸ ਸ਼ੰਘਰਸ਼ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜੁੰਮੇਵਾਰੀ ਕਿਰਤ ਵਿਭਾਗ ਅਤੇ ਜਿਲਾ੍ਹ ਪ੍ਰਸ਼ਾਸ਼ਨ ਦੀ ਹੋਵੇਗੀ।
ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਵਲੋਂ ਕਿਰਤੀਆਂ ਨਾਲ ਮੀਟਿੰਗ ਕਰਕੇ 14 ਜੂਨ ਤੱਕ ਕਿਰਤੀਆਂ ਦੀਆਂ ਸਾਰੀਆਂ ਮੰਗਾਂ ਲਾਗੂ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਕਿਰਤੀਆਂ ਨੇ ਧਰਨਾਂ ਸਮਾਪਤ ਕੀਤਾ।
ਧਰਨੇ ਵਿੱਚ ਸੁਰਜੀਤ ਸਿੰਘ, ਜ਼ਸਪਾਲ ਸਿੰਘ, ਦੇਸ ਰਾਜ, ਧੀਰਜ, ਤਰਲੋਕ ਸਿੰਘ, ਸਤਪਾਲ ਸਿੰਘ, ਸ੍ਰੀ ਨਾਥ, ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਐਡਵੋਕੇਟ ਰਾਜੀਵ ਲੋਹਟਬੱਦੀ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਵਿਕਰਮ ਦੇਵ ਨੇ ਵੀ ਸਮਹੂਲੀਅਤ ਕੀਤੀ ਅਤੇ ਸੰਘਰਸ਼ ਦਾ ਪੋਰਜੋਰ ਸਮਰਥਨ ਕੀਤਾ ਅਤੇ ਸਟੇਜ਼ ਦੀ ਕਾਰਵਾਈ ਜਸਪਾਲ ਸਿੰਘ ਨੇ ਚਲਾਈ।

