ਪੰਜਾਬਪਟਿਆਲਾ

ਸਿਹਤ ਮੰਤਰੀ ਬੱਚਾ ਚੋਰੀ ਮਾਮਲੇ ‘ਚ ਦੋਸ਼ੀ ਅਧਿਕਾਰੀਆਂ ਖਿਲਾਫ਼ ਕਰਨ ਕਾਰਵਾਈ : ਸਵਰਾਜ ਘੁੰਮਣ

ਸ਼ਿਵ ਸੈਨਾ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੇ ਪੀੜਤ ਮਹਿਲਾ ਨਾਲ ਮੁਲਾਕਾਤ ਕਰਕੇ ਘਟਨਾ ਦੀ ਜਾਂਚ ਮੰਗੀ
ਮਾਤਾ ਕੌਸ਼ੱਲਿਆ ਹਪਸਤਾਲ ‘ਚ ਬੱਚਾ ਚੋਰੀ ਦਾ ਮਾਮਲਾ
ਪਟਿਆਲਾ 10 ਜਨਵਰੀ (ਮਧੂਸਾਰ ਬਿਊਰੋ) ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਵਿਚੋਂ ਨਵ-ਜੰਮਿਆ ਬੱਚਾ ਚੋਰੀ ਹੋਣ ਦਾ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਨੇ ਮਾਤਾ ਕੌਸ਼ਲਿਆ ਹਸਪਤਾਲ ਪ੍ਰਸ਼ਾਸਨ ਦੀ ਕਰੜੇ ਸ਼ਬਦਾਂ ‘ਚ ਨਿੰਦਾ ਕੀਤੀ ਹੈ।

ਸ਼ਿਵ ਸੈਨਾ ਮਹਿਲਾ ਸੰਗਠਨ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੇ ਮਾਤਾ ਕੌਸ਼ਲਿਆ ਹਸਪਤਾਲ ਪਹੁੰਚ ਕੇ ਪੀੜਤ ਮਹਿਲਾ ਸੰਦੀਪ ਕੌਰ ਨਾਲ ਮੁਲਾਕਾਤ ਕੀਤੀ ਸਾਰੇ ਘਟਨਾਕ੍ਰਮ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਹਸਪਤਾਲ ਵਾਪਰੀ ਘਟਨਾ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਸਰਕਾਰੀ ਮਾਤਾ ਕੌਸ਼ਲਿਆ ਹਸਪਤਾਲ ਵਿਖੇ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਸ ਮਗਰੋਂ ਹਸਪਤਾਲ ਪ੍ਰਸ਼ਾਸਨ ਨੇ ਸਬਕ ਲੈਣਾ ਮੁਨਾਸਿਬ ਨਹੀਂ ਸਮਝਿਆ ਅਤੇ ਅਜਿਹੀ ਢਿੱਲ-ਮੱਠ ਦੇ ਚੱਲਦਿਆਂ ਹਸਪਤਾਲ ਪ੍ਰਸ਼ਾਸਨ ਦੀਆਂ ਸੇਵਾਵਾਂ ਦੀ ਮੁੜ ਪੋਲ ਖੁੱਲ੍ਹ ਗਈ ਹੈ।
ਸਵਰਾਜ ਘੁੰਮਣ ਨੇ ਕਿਹਾ ਕਿ ਹਸਪਤਾਲ ‘ਚੋਂ ਨਵ-ਜੰਮਿਆ ਬੱਚਾ ਚੋਰੀ ਹੋਣ ਜਾਣ ਨਾਲ ਜਿਥੇ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵਾਲ ਉਠ ਖੜੇ ਹੋਏ ਹਨ, ਉਥੇ ਹਸਪਤਾਲ ਪ੍ਰਸ਼ਾਸਨ ਦੇ ਜ਼ਿੰਮੇਵਾਰ ਡਾਕਟਰ ਅਧਿਕਾਰੀਆਂ ਤੇ ਸਟਾਫ ਕਰਮਚਾਰੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹਸਪਤਾਲ ‘ਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ, ਪਰ ਫਿਰ ਵੀ ਕਰਮਚਾਰੀਆਂ ‘ਚ ਹਾਜ਼ਰੀ ‘ਚ ਅਜਿਹੀ ਘਟਨਾ ਦਾ ਵਾਪਰ ਜਾਣਾ ਮਿਲੀਭੁਗਤ ਹੋਣ ਦੇ ਸ਼ੰਕੇ ਵੀ ਖੜਾ ਕਰਦਾ ਹੈ, ਜਿਸ ਦੀ ਜਲਦ ਜਾਂਚ ਹੋਵੇ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੀੜਤ ਸੰਦੀਪ ਕੌਰ ਵੱਲੋਂ ਜਦੋਂ ਸਟਾਫ਼ ਕਰਮਚਾਰੀਆਂ ਨੂੰ ਬੱਚਾ ਚੁੱਕੇ ਜਾਣ ਸਬੰਧੀ ਰੌਲਾ ਪਾਇਆ ਗਿਆ ਤਾਂ ਸਟਾਫ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਸ ਨਾਲ ਕਰਮਚਾਰੀਆਂ ਦੀ ਅਣਗਹਿਲੀ ਅਤੇ ਕਾਰਗੁਜ਼ਾਰੀ ਦਾ ਵੀ ਪਰਦਾਫਾਸ਼ ਹੁੰਦਾ ਹੈ।
ਮਹਿਲਾ ਸੰਗਠਨ ਨੇ ਮੰਗ ਕਰਦਿਆਂ ਕਿਹਾ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਮਾਤਾ ਕੌਸ਼ਲਿਆ ਹਸਪਤਾਲ ‘ਚ ਨਵ-ਜੰਮੇ ਬੱਚੇ ਦੇ ਚੋਰੀ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਂਦੇ ਹੋਏ ਦੋਸ਼ੀ ਡਾਕਟਰ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਪੰਜਾਬ ਰਾਜਵੀਰ ਵਰਮਾ, ਉਪ ਪ੍ਰਧਾਨ ਕਾਂਤਾ ਰਾਣੀ, ਜ਼ਿਲ੍ਹਾ ਪਟਿਆਲਾ ਚੇਅਰਮੈਨ ਰੇਣੂੰ ਕੁਮਾਰੀ, ਅਮਨਦੀਪ ਬਹਿਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *