ਸ਼ਹੀਦ ਊਧਮ ਸਿੰਘ ਦੇ ਵਾਰਿਸ ਨੂੰ ਨੌਕਰੀ ਨਾ ਦੇਣ ਵਾਲੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ : ਅਬਲੋਵਾਲ
ਪੰਜਾਬ ਦੇ ਇਕ ਵੀ ਨੌਜਵਾਨ ਨੂੰ ਨਹੀਂ ਮਿਲੀ ਕੋਈ ਨੌਕਰੀ
ਪਟਿਆਲਾ, 10 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਟੂਰੀਜ਼ਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਨੇਤਾ ਸੁਰਜੀਤ ਸਿੰਘ ਅਬਲੋਵਾਲ ਨੇ ਅੱਜ ਇੱਥੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੂੰ ਬੁਰੀ ਤਰ੍ਹਾਂ ਫੇਲ੍ਹ ਕਰਾਰ ਕਰਦਿਆਂ ਆਖਿਆ ਹੈ ਕਿ ਜਿਹੜੀ ਸਰਕਾਰ ਐਲਾਨ ਕਰਨ ਦੇ ਬਾਵਜੂਦ ਵੀ ਕੌਮੀ ਸ਼ਹੀਦ ਊਧਮ ਸਿੰਘ ਦੇ ਇਕ ਵਾਰਿਸ ਨੂੰ ਨੌਕਰੀ ਨਹੀਂ ਦੇ ਸਕੀ ਉਸ ਨੂੰ ਸੱਤ੍ਹਾ ‘ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਸ੍ਰੀ ਅਬਲੋਵਾਲ ਅੱਜ ਇੱਥੇ ਇਕ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ।
ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਖਾਸ ਕਰਕੇ ਹਰ ਘਰ ਵਿਚ ਇਕ ਨੌਜਵਾਨ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਲਗਭਗ ਸਰਕਾਰ ਦਾ ਇਕ ਸਾਲ ਬੀਤਣ ਨੂੰ ਆ ਗਿਆ ਹੈ, ਅਜੇ ਤੱਕ ਇਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ ਜੋ ਕੇ ਸਰਕਾਰ ਦੇ ਮੂੰਹ ‘ਤੇ ਚਪੇਟ ਸਾਬਤ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਸ਼ਹੀਦ ਊਧਮ ਸਿੰਘ ਦੇ ਵਾਰਿਸ ਨੂੰ ਨੌਕਰੀ ਨਾ ਮਿਲਣ ਕਾਰਨ ਸ਼ਹੀਦ ਊਧਮ ਸਿੰਘ ਦੇ ਭਾਣਜੇ ਬਚਨ ਸਿੰਘ ਦੇ 21 ਸਾਲਾ ਦੋਹਤੇ ਨੇ ਮੌਤ ਨੂੰ ਆਪਣੇ ਗਲ ਨਾਲ ਲਾ ਲਿਆ। ਪਰ ਸਰਕਾਰ ਫਿਰ ਵੀ ਜਾਗ ਨਹੀਂ ਰਹੀ ਹੈ।
ਅਬਲੋਵਾਲ ਨੇ ਆਖਿਆ ਕਿ ਅਸਲ ‘ਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਨੌਜਵਾਨਾਂ ਬਾਰੇ ਕੁਝ ਵੀ ਸੋਚ ਨਹੀਂ ਰਿਹਾ ਹੈ। ਅਮਰਿੰਦਰ ਸਿਰਫ਼ ਆਪਣੇ ਮੌਜ ਮੇਲਿਆਂ ‘ਚ ਮਸਤ ਹੈ ਜਿਸ ਕਾਰਨ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਵੱਡੇ ਵੱਡੇ ਐਲਾਨ ਤਾਂ ਕਰ ਰਹੀ ਹੈ ਪਰ ਇਹ ਐਲਾਨ ਪੂਰੇ ਕਦੋਂ ਹੋਣਗੇ, ਇਹ ਸਰਕਾਰ ਦੱਸਣ ਵਿਚ ਨਾਕਾਮ ਸਾਬਿਤ ਹੋਈ ਹੈ। ਅਬਲੋਵਾਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰੇ ਕੀਤੇ ਸਨ ਤੇ ਅੱਜ ਲੋਕ ਮੁੜ ਦੋਬਾਰਾ ਇਸ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ।
ਇਸ ਮੌਕੇ ਜਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਮੈਨ ਜਸਪਾਲ ਸਿੰਘ ਕਲਿਆਣ, ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਚੇਅਰਮੈਨ ਬਲਵਿੰਦਰ ਸਿੰਘ ਬਰਸਟ, ਚੇਅਰਮੈਨ ਮਲਕੀਤ ਸਿੰਘ ਡਕਾਲਾ, ਜੱਥੇਦਾਰ ਪਵਿੱਤਰ ਸਿੰਘ ਡਕਾਲਾ, ਚੇਅਰਮੈਨ ਹਰਜਿੰਦਰ ਸਿੰਘ ਬੱਲ, ਜਸਪਾਲ ਸਿੰਘ ਬਿੱਟੂ ਚੱਠਾ, ਗੌਂਸਾ ਢੀਂਡਸਾ ਸਰਪੰਚ, ਹਰਵਿੰਦਰ ਸਿੰਘ ਬੱਬੂ, ਪਰਮਜੀਤ ਸਿੰਘ ਪੰਮਾ, ਰਜਿੰਦਰ ਸਿੰਘ ਵਿਰਕ, ਮਾਲਵਿੰਦਰ ਸਿੰਘ ਝਿੱਲ ਅਤੇ ਹੋਰ ਵੀ ਨੇਤਾ ਹਾਜ਼ਰ ਸਨ।

