ਕਿਤਾਬਾਂ ਵੰਡਣੀਆਂ ਚਾਹੀਦੀਆਂ ਹਨ ਕਿਰਪਾਨਾ ਨਹੀਂ : ਹਰਿੰਦਰਪਾਲ ਚੰਦੂਮਾਜਰਾ
ਸਨੋਰ ਦੇ ਲੋਕ ਸਿਰ ਵੱਢਣ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਦੇਣਗੇ ਕਰਾਰ ਜਵਾਬ
ਹੈਰੀਮਾਨ ਦੇ ਖਿਲਾਫ 15 ਜਨਵਰੀ ਤੋਂ ਮੁੱਖ ਮੰਤਰੀ ਨਿਵਾਸ ਅੱਗੇ ਧਰਨੇ ‘ਤੇ ਬੈਠਣਗੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ
ਪਟਿਆਲਾ, 10 ਜਨਵਰੀ (ਮਧੂਸਾਰ ਬਿਊਰੋ) ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਸਨੋਰ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੇ ਅਤੇ ਪੰਜਾਸੀ ਯੂਨੀਵਰਸਿਟੀ ਦੇ ਹਾਲ ਹੀ ਵਿਚ ਨਿਯੁਕਤ ਕੀਤੇ ਗਏ ਸਿੰਡੀਕੇਟ ਮੈਂਬਰ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਕਿਰਪਾਨਾ ਵੰਡਣ ਅਤੇ ਸਿਰ ਵੱਢਣ ਦੇ ਬਿਆਨ ਦੀ ਹੋਈ ਵਾਇਰਲ ਵੀਡੀਓ ‘ਤੇ ਸਖਤ ਪ੍ਰਤੀਕ੍ਰਿਆ ਕਰਦੇ ਹੋਏ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਿੰਡੀਕੇਟ ਦੇ ਮੈਂਬਰ ਨੂੰ ਕਿਰਪਾਨਾ ਨਹੀਂ ਸਗੋਂ ਕਿਤਾਬਾਂ ਵੰਡਣੀਆਂ ਚਾਹੀਦੀਆਂ ਹਨ ਕਿਉਂਕਿ ਸਿੰਡੀਕੇਟ ਦੇ ਮੈਂਬਰ ਦਾ ਕੰਮ ਵਿਦਿਆ ਵੰਡਣਾ ਹੁੰਦਾ ਹੈ, ਕਿਰਪਾਨਾਂ ਵੰਡਣਾ ਨਹੀਂ।
ਉਨ੍ਹਾਂ ਕਿਹਾ ਕਿ ਆਗਾਮੀ ਪੰਚਾਇਤੀ ਚੋਣਾਂ ਵਿਚ ਸਨੌਰ ਦੇ ਲੋਕ ਜ਼ਿਆਦਾ ਤੋਂ ਜ਼ਿਆਦਾ ਸਰਬਸੰਮਤੀ ਕਰਕੇ ਸਿਰ ਵੱਢਣ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦੇਣਗੇ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਸਨੌਰ ਮੇਰਾ ਆਪਣਾ ਹਲਕਾ ਹੈ ਅਤੇ ਇਸ ਹਲਕੇ ਦੇ ਲੋਕਾਂ ਨੇ ਨਾ ਕਦੇ ਵੀ ਗਰਦਨਾਂ ਵੱਢਣ ਦੀ ਗੱਲ ਕਰਨ ਵਾਲਿਆਂ ਨੂੰ ਹਲਕੇ ਵਿਚ ਵੜਣ ਦਿੱਤਾ ਹੈ ਅਤੇ ਨਾ ਹੀ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਇਕ ਅਜਿਹਾ ਹਲਕਾ ਹੈ, ਜਿਸ ਨੇ ਦੇਸ਼ ਦੀ ਰਾਜਨੀਤੀ ਵਿਚ ਵੱਡੇ ਤੋਂ ਵੱਡੇ ਆਗੂ ਦਿੱਤੇ ਹਨ। ਜਿਥੋਂ ਤੱਕ ਹੈਰੀਮਾਨ ਦੀ ਗੱਲ ਹੈ, ਉਸ ਦਾ ਹਲਕਾ ਸਨੌਰ ਨਾਲ ਕੋਈ ਸਬੰਧ ਨਹੀਂ। ਜੇਕਰ ਸਬੰਧ ਹੈ ਤਾਂ ਸਿਰਫ ਇੰਨਾ ਕੁ ਹੀ ਕਿ ਜਿਸ ਤਰ੍ਹਾਂ ਅਬਦਾਲੀ ਪੰਜਾਬ ਨੂੰ ਲੁੱਟਣ ਲਈ ਆਉਂਦੇ ਸਨ ਅਤੇ ਲੁੱਟ ਕੇ ਚਲੇ ਜਾਂਦੇ ਸਨ। ਇਹ ਟੋਲਾ ਵੀ ਜਿਸ ਦਿਨ ਦਾ ਆਇਆ ਹੈ, ਉਸ ਦਾ ਦਿਨ ਦਾ ਇਨ੍ਹਾਂ ਦਾ ਕੰਮ ਪਲਾਟਾਂ ‘ਤੇ ਕਬਜ਼ੇ ਕਰਨਾ, ਸਾਈਕਲ ਸਟੈਂਡਾਂ ‘ਤੇ ਕਬਜ਼ੇ ਕਰਨਾ ਅਤੇ ਘਰਾਂ ਵਿਚ ਝਗੜੇ ਕਰਵਾ ਕੇ ਆਪਣਾ ਨਿੱਜੀ ਮਨੋਰਥ ਹੱਲ ਕਰਨਾ ਰਿਹਾ ਹੈ। ਜਿਥੋਂ ਤੱਕ ਦਾ ਵਿਕਾਸ ਦਾ ਸਬੰਧ ਹੈ ਪਹਿਲਾਂ ਅਕਾਲੀ ਭਾਜਪਾ ਸਰਕਾਰ ਵਲੋਂ ਮਨਜ਼ੂਰ ਕੀਤੇ ਗਏ 100 ਕਰੋੜ ਰੁਪਏ ‘ਤੇ ਰੋਕ ਲਾਈ, ਫਿਰ ਪਟਿਆਲਾ-ਚੀਕਾ ਰੋਡ ਬਣਨ ਵਿਚ ਅੜਿੱਕੇ ਖੜ੍ਹੇ ਕੀਤੇ ਗਏ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਦੀ ਹਾਈਕਮਾਂਡ ਨੂੰ ਵੀ ਅਜਿਹੇ ਆਪਹੁਦਰੇ ਆਗੂਆਂ ‘ਤੇ ਨਕੇਲ ਕਸਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੈਰੀਮਾਨ ਵਲੋਂ ਵਾਰ-ਵਾਰ ਪ੍ਰਨੀਤ ਕੌਰ ਦੀ ਸਰਪ੍ਰਸਤੀ ਦੀ ਗੱਲ ਕਹੀ ਗਈ, ਇਸ ਲਈ ਸ਼੍ਰੀਮਤੀ ਪ੍ਰਨੀਤ ਕੌਰ ਅਤੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਹੈਰੀਮਾਨ ਦੀ ਸਰਪ੍ਰਸਤੀ ਕਰਨ ਦੀ ਸਥਿਤੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ।
ਵਿਧਾਇਕ ਚੰਦੂਮਾਜਰਾ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਪੰਜਾਬ ਦੇ ਰਾਜਪਾਲ ਤੇ ਉਚ ਸਿੱਖਿਆ ਮੰਤਰੀ ਨੂੰ ਇਕ ਪੱਤਰ ਲਿਖ ਕੇ ਹੈਰੀਮਾਨ ਨੂੰ ਸਿੰਡੀਕੇਟ ਦੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਉਸ ਸੰਬੰਧੀ ਐਸ. ਐਸ. ਪੀ. ਨੂੰ ਸ਼ਿਕਾਇਤ ਦਿੱਤੀ ਗਈ ਹੈ ਤਾਂ ਕਿ ਹੈਰੀਮਾਨ ਦੇ ਖਿਲਾਫ ਹਿੰਸਾ ਭੜਕਾਉਣ ਦਾ ਕੇਸ ਦਰਜ ਕੀਤਾ ਜਾ ਸਕੇ ਅਤੇ ਹਲਕਾ ਸਨੌਰ ਦੇ ਲੋਕਾਂ ਨੂੰ ਦਹਿਸ਼ਤ ਵਿਚੋਂ ਕੱਢਿਆ ਜਾ ਸਕੇ। ਹਰਿੰਦਰਪਾਲ ਚੰਦੂਮਾਜਰਾ ਨੇ ਐਲਾਨ ਕੀਤਾ ਕਿ ਜੇਕਰ ਜ਼ਿਲਾ ਪ੍ਰਸ਼ਾਸ਼ਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ 15 ਜਨਵਰੀ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਨਿਊ ਮੋਤੀ ਮਹਿਲ ਦੇ ਬਾਹਰ ਧਰਨੇ ‘ਤੇ ਬੈਠਣਗੇ, ਫਿਰ ਵੀ ਇਨਸਾਫ ਨਾ ਮਿਲਿਆ ਤਾਂ ਹਲਕਾ ਸਨੌਰ ਦੇ ਲੋਕ ਅਜਿਹੇ ਆਗੂ ਦੇ ਖਿਲਾਫ ਕਾਰਵਾਈ ਕਰਨ ਲਈ ਰਾਹੁਲ ਗਾਂਧੀ ਦੇ ਘਰ ਤੱਕ ਜਾਣਗੇ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਐਸ. ਜੀ. ਪੀ. ਸੀ. ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਨਿਰੰਜਨ ਸਿੰਘ ਫੌਜੀ, ਸੰਦੀਪ ਤੁੜ, ਭੁਪਿੰਦਰ ਸਿੰਘ ਸ਼ੇਖੁਪੁਰ, ਕ੍ਰਿਸ਼ਨ ਸਨੌਰ, ਸੁਰਮੁਖ ਸਿੰਘ ਦੌਣਕਲਾਂ, ਹਰਮਿੰਦਰ ਜੋਗੀਪੁਰ, ਜਰਨੈਲ ਸਿੰਘ ਅਲੀਪੁਰ, ਜਸਵਿੰਦਰਪਾਲ ਸਿੰਘ ਚੱਢਾ, ਭੁਪਿੰਦਰ ਸਿੰਘ, ਜਤਿੰਦਰ ਕੌਲੀ, ਯਾਦਵਿੰਦਰ ਬਲਬੇੜਾ, ਰਾਕੇਸ਼ ਮਿੱਤਲ, ਲਖਵਿੰਦਰ ਸਿੰਘ, ਬਲਦੇਵ ਸਿੰਘ, ਰੂਪੀ ਕੱਕੇਪੁਰ, ਸਤਪਾਲ ਪੂਨੀਆ, ਜੈ ਸਿੰਘ ਡਕਾਲਾ, ਬੀਬੀ ਮਹਿੰਦਰ ਕੌਰ, ਇੰਦਰ ਕੁਮਾਰ ਛਿੰਦੀ, ਸਰਪੰਚ ਗੁਰਦੇਵ ਸਿੰਘ ਮਰਦਾਂਹੇੜੀ, ਜਤਿੰਦਰ ਪਹਾੜੀਪੁਰ, ਗੁਰਪ੍ਰੀਤ ਸਿੰਘ ਕੱਕੇਪੁਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

