ਪੰਜਾਬਪਟਿਆਲਾ

ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ

ਚੇਅਰਮੈਨ ਪੀ.ਆਰ.ਟੀ.ਸੀ., ਆਈ.ਜੀ., ਡੀ.ਆਈ.ਜੀ., ਐਸ.ਐਸ.ਪੀ. ਸਿੱਧੂ ਸਮੇਤ ਹੋਰਨਾਂ ਵੱਲੋਂ ਸ਼ਰਧਾਂਜਲੀਆਂ ਭੇਟ
ਪਟਿਆਲਾ, 12 ਜਨਵਰੀ (ਮਧੂਸਾਰ ਬਿਊਰੋ) ਦਰੋਣਾਚਾਰੀਆ ਐਵਾਰਡੀ ਅਤੇ ਕੌਮੀ ਪੱਧਰ ਦੇ ਪਹਿਲਵਾਨ ਸੁਖਚੈਨ ਸਿੰਘ ਚੀਮਾ, ਜਿਨ੍ਹਾਂ ਦਾ ਬੀਤੇ ਦਿਨ ਇਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਅੰਤਮ ਸੰਸਕਾਰ ਅੱਜ ਇਥੇ ਘਲੋੜੀ ਗੇਟ ਸਥਿਤ ਸਮਸ਼ਾਨ ਘਾਟ ਵਿਖੇ ਪੂਰੀਆਂ ਧਾਰਮਿਕ ਰਹੁ ਰੀਤਾਂ ਨਾਲ ਕਰ ਦਿੱਤਾ ਗਿਆ।

ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਡੀ.ਐਸ.ਪੀ. ਤੇ ਭਾਰਤ ਕੇਸਰੀ ਓਲੰਪੀਅਨ ਪਲਵਿੰਦਰ ਸਿੰਘ ਚੀਮਾ ਅਤੇ ਰਾਸ਼ਟਰੀ ਪੱਧਰ ਦੇ ਪਹਿਲਵਾਨ ਤੇਜਪਾਲ ਸਿੰਘ ਚੀਮਾ ਨੇ ਵਿਖਾਈ। ਇਸ ਮੌਕੇ ਉਨ੍ਹਾਂ ਦੇ ਵੱਡੇ ਭਰਾ ਸ. ਨਿਰਮਲ ਸਿੰਘ ਚੀਮਾ ਯੂ.ਐਸ.ਏ., ਪੋਤਰੇ ਬਿਲਾਵਲ ਅਤੇ ਇਵਾਨ ਸਮੇਤ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।
ਇਸ ਮੌਕੇ ਜਿਥੇ ਪਰਿਵਾਰਕ ਮੈਂਬਰਾਂ ਨੇ ਸਵਰਗੀ ਸ. ਚੀਮਾਂ ਨੂੰ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਅੰਤਮ ਵਿਦਾਈ ਦਿੱਤੀ ਉਥੇ ਹੀ ਰੁਸਤਮ-ਏ-ਹਿੰਦ ਕੇਸਰ ਸਿੰਘ ਕੁਸ਼ਤੀ ਅਖਾੜਾ ਦੇ ਪਹਿਲਵਾਨਾਂ ਨੇ ਆਪਣੇ ਪਿਤਾ ਵਰਗੇ ਭਲਵਾਨੀ ਦੇ ਉਸਤਾਦ ਨੂੰ ਹੰਝੂਆਂ ਭਿੱਜੀ ਅੰਤਮ ਸ਼ਰਧਾਂਜਲੀ ਭੇਟ ਕੀਤੀ। ਜਦੋਂ ਕਿ ਵੱਡੀ ਗਿਣਤੀ ‘ਚ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਪਹਿਲਵਾਨ, ਖਿਡਾਰੀ, ਪਟਿਆਲਾ ਨਿਵਾਸੀ, ਸਮਾਜਿਕ, ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ ਸਮੇਤ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਤੇ ਕਰਮਚਾਰੀ ਵੀ ਵੱਡੀ ਗਿਣਤੀ ‘ਚ ਹਾਜਰ ਹੋਏ।
ਸ. ਚੀਮਾ ਦੇ ਅੰਤਮ ਸੰਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਫੋਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਅਤੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਤਰਫ਼ੋਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਜਦੋਂ ਕਿ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲੋਂ ਵੱਲੋਂ ਜ਼ਿਲ੍ਹਾ ਖੇਡ ਅਫ਼ਸਰ ਸ. ਉਪਕਾਰ ਸਿੰਘ ਵਿਰਕ ਨੇ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਤਰਫ਼ੋਂ ਤਹਿਸੀਲਦਾਰ ਸ੍ਰੀ ਸੁਭਾਸ਼ ਭਾਰਦਵਾਜ ਨੇ, ਰੁਸਤਮ-ਏ-ਹਿੰਦ ਕੇਸਰ ਸਿੰਘ ਅਖਾੜਾ ਦੇ ਪਹਿਲਵਾਨਾਂ ਵੱਲੋਂ ਕੋਚ ਸ. ਗੁਰਮੇਲ ਸਿੰਘ ਨੇ, ਪੰਜਾਬ ਆਰਚਰੀ ਐਸਸੀਏਸ਼ਨ ਦੇ ਪ੍ਰਧਾਨ ਕੇ.ਐਸ. ਕੰਗ ਵੱਲੋਂ ਸਕੱਤਰ ਸ੍ਰੀ ਆਰ.ਕੇ. ਬਾਲੀ ਅਤੇ ਐਨ.ਆਈ.ਐਸ. ਵੱਲੋਂ ਸਾਬਕਾ ਡਾਇਰੈਕਟਰ ਡਾ. ਜੀ.ਐਸ. ਅਨੰਦ ਨੇ ਰੀਥਾਂ ਰੱਖੀਆਂ।
ਇਸ ਮੌਕੇ ਆਈ.ਜੀ. ਪਟਿਆਲਾ ਜੋਨ ਸ੍ਰੀ ਏ.ਐਸ. ਰਾਏ, ਡੀ.ਆਈ.ਜੀ. ਪਟਿਆਲਾ ਰੇਂਜ ਡਾ. ਸੁਖਚੈਨ ਸਿੰਘ ਗਿੱਲ, ਪੀ.ਆਰ.ਟੀ.ਸੀ. ਦੇ ਐਮ.ਡੀ. ਮਨਜੀਤ ਸਿੰਘ ਨਾਰੰਗ, ਡਾਇਰੈਕਟਰ ਜੀ.ਐਸ.ਟੀ. ਗੁਰਪਾਲ ਸਿੰਘ ਚਹਿਲ, ਐਸ.ਐਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ, ਐਸ.ਪੀ. ਸਿਟੀ ਕੇਸਰ ਸਿੰਘ, ਐਸ.ਪੀ. ਜਾਂਚ ਹਰਵਿੰਦਰ ਸਿੰਘ ਵਿਰਕ, ਐਸ.ਪੀ. ਟ੍ਰੈਫਿਕ ਅਮਰਜੀਤ ਸਿੰਘ ਘੁੰਮਣ, ਐਸ.ਪੀ. ਬਰਨਾਲਾ ਸਵਰਨ ਸਿੰਘ ਖੰਨਾ, ਕੌਂਸਲਰ ਸ੍ਰੀ ਸੰਜੀਵ ਬਿੱਟੂ, ਨਿਰਮਲ ਸਿੰਘ ਭੱਟੀਆਂ, ਗੁਰਵੰਤ ਸਿੰਘ ਬਰਾੜ, ਹਰਪ੍ਰੀਤ ਸਿੰਘ ਸਿੱਧੂ ਲੁਧਿਆਣਾ, ਸ਼ਾਇਰ ਕੁਲਵੰਤ ਗਰੇਵਾਲ, ਲੋਕ ਗਾਇਕ ਪੰਮੀ ਬਾਈ, ਸਾਬਕਾ ਡੀ.ਪੀ.ਆਰ.ਓ. ਉਜਾਗਰ ਸਿੰਘ, ਡੀ.ਪੀ.ਆਰ.ਓ. ਪਟਿਆਲਾ ਇਸ਼ਵਿੰਦਰ ਸਿੰਘ ਗਰੇਵਾਲ, ਏ.ਪੀ.ਆਰ.ਓ. ਹਰਦੀਪ ਸਿੰਘ, ਤੇਜਪ੍ਰਤਾਪ ਸਿੰਘ ਸੰਧੂ, ਪ੍ਰੋ. ਸੁਰਜੀਤ ਸਿੰਘ ਭੱਟੀ, ਬਾਕਸਿੰਗ ਦੇ ਕੌਮੀ ਕੋਚ ਜੀ.ਐਸ. ਸੰਧੂ, ਡੀ.ਐਸ.ਪੀ. ਵਿਲੀਅਮ ਜੇਜੀ, ਸਾਰਜ ਭੁੱਲਰ, ਸੁਖਚੈਨ ਸਿੰਘ, ਡਾ. ਦਰਸ਼ਨ ਸਿੰਘ ਘੁੰਮਣ, ਭਗਵਾਨ ਦਾਸ ਗੁਪਤਾ, ਸਾਬਕਾ ਮੇਅਰ ਵਿਸ਼ਨੂ ਸ਼ਰਮਾ, ਜੀਤ ਸਿੰਘ ਬੁੱਟਰ ਸਮੇਤ ਵੱਖ-ਵੱਖ ਰਾਜਸੀ, ਧਾਰਮਿਕ, ਸ਼ਖ਼ਸੀਅਤਾਂ ਸਮੇਤ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ, ਸ਼ਹਿਰ ਨਿਵਾਸੀ, ਕੌਂਸਲਰ, ਵੱਡੀ ਗਿÎਣਤੀ ਸਥਾਨਕ ਮੀਡੀਆ ਦੇ ਨੁਮਾਇੰਦੇ ਅਤੇ ਚੀਮਾ ਪਰਿਵਾਰ ਦੇ ਸਕੇ ਸਬੰਧੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਪਰਿਵਾਰਕ ਸੂਤਰਾਂ ਮੁਤਾਬਕ ਸ. ਸੁਖਚੈਨ ਸਿੰਘ ਚੀਮਾ ਦੀ ਮ੍ਰਿਤਕ ਦੇਹ ਦੇ ਫੁੱਲ ਸ਼ਨੀਵਾਰ ਸਵੇਰੇ 8 ਵਜੇ ਚੁਗੇ ਜਾਣਗੇ ਅਤੇ ਅੰਤਮ ਅਰਦਾਸ 20 ਜਨਵਰੀ ਨੂੰ ਗੁਰਦੁਆਰ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ। ਵਰਨਣਯੋਗ ਹੈ ਕਿ ਪਟਿਆਲਾ ਵਾਸੀ ਸਵਰਗੀ ਓਲੰਪੀਅਨ ਕੇਸਰ ਸਿੰਘ ਚੀਮਾ ਰੁਸਤਮ-ਏ-ਹਿੰਦ ਦੇ ਸਪੁੱਤਰ ਸਵਰਗੀ ਸ. ਸੁਖਚੈਨ ਸਿੰਘ ਚੀਮਾ ਦਾ ਸਪੁੱਤਰ ਓਲੰਪੀਅਨ ਪਲਵਿੰਦਰ ਸਿੰਘ ਚੀਮਾ ਵੀ ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦਾ ਤਮਗਾ ਜੇਤੂ ਹੈ। ਸਵਰਗੀ ਸ. ਸੁਖਚੈਨ ਸਿੰਘ ਚੀਮਾ ਨੇ 1974 ਵਿੱਚ ਤਹਿਰਾਨ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਅਤੇ ਇਨ੍ਹਾਂ ਨੂੰ ਕੁਸ਼ਤੀ ਵਿੱਚ ਬਤੌਰ ਕੋਚ ਯੋਗਦਾਨ ਪਾਉਣ ਬਦਲੇ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਆ ਗਿਆ ਸੀ।

Leave a Reply

Your email address will not be published. Required fields are marked *