ਬੀਬੀ ਦੇ ਪਾਠ ਦਾ ਭੋਗ ਅਕਾਲੀ ਦਲ ਦੇ ਧਰਨੇ ਦੀ ਭੇਂਟ ਚੜਿਆ !
ਬੇਅਦਬੀ ਮਾਮਲੇ ‘ਤੇ ਇਨਸਾਫ ਮੰਗਣ ਵਾਲੇ ਨੇ ਕੀ ਬੇਅਦਬੀ ਨਹੀਂ ਕਰ ਰਹੇ?
ਪਟਿਆਲਾ (ਮਧੂਸਾਰ ਬਿਊਰੋ) ਗੁਰਦੁਆਰਾ ਨਵੀਨ ਸਿੰਘ ਸਭਾ ਵਿਖੇ ਅਕਾਲੀ ਆਗੂਆਂ ਵੱਲੋਂ ਮੋਰਚਾ ਲੱਗਾ ਹੋਣ ਕਾਰਨ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਬੀਬੀ ਦਾ ਸ੍ਰੀ ਆਖੰਡ ਪਾਠ ਸਾਹਿਬ ਧਰਨੇ ਦੇ ਭੇਂਟ ਚੜ ਗਿਆ। ਧਰਨੇ ਦੌਰਾਨ ਗੁਰਦੁਆਰਾ ਪ੍ਰਬੰਧਕ ਅਤੇ ਮੈਂਬਰ ਮੌਜੂਦ ਸਨ, ਜਿਨ੍ਹਾਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਅਤੇ ਧਰਨਾਕਾਰੀਆਂ ਨੂੰ ਕਈ ਤਰਲੇ ਮਿੰਨਤ ਕੀਤੀਆਂ, ਪਰ ਉਨ੍ਹਾਂ ਦਾ ਕੋਈ ਵੱਸ ਨਾ ਚੱਲਿਆ। ਜਾਣਕਾਰੀ ਅਨੁਸਾਰ ਇੰਦਰ ਮੋਹਨ ਬਜਾਜ ਖ਼ੁਦ ਗੁਰਦੁਆਰਾ ਕਮੇਟੀ ਦੇ ਮੈਂਬਰ ਹਨ ਅਤੇ ਉਹ ਅਕਾਲੀ ਵੱਲੋਂ ਧਰਨੇ ‘ਚ ਸ਼ਾਮਲ ਸਨ।
ਗੁਰਦੁਆਰਾ ਸਾਹਿਬ ‘ਚ ਜਿਸ ਪਰਿਵਾਰ ਵੱਲੋਂ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਣਾ ਸੀ, ਉਨ੍ਹਾਂ ਦੇ ਕਈ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਧਰਨਾ ਲੱਗਾ ਹੋਣ ਕਾਰਨ ਭੋਗ ‘ਚ ਸ਼ਾਮਲ ਨਾ ਹੋ ਸਕੇ, ਜੋ ਧਰਨਾਕਾਰੀਆਂ ਨੂੰ ਗੁਰਦੁਆਰਾ ਨੂੰ ਅਖਾੜਾ ਬਣਾਏ ਜਾਣ ‘ਤੇ ਵਾਸਤੇ ਪਾਉਂਦੇ ਵਿਖਾਈ ਦਿੱਤੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਬੀਬੀ ਜੀ ਦਾ ਭੋਗ ਸੀ, ਜੋ ਧਰਨੇ ਦੀ ਭੇਂਟ ਚੜ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਬੇਅਦਬੀ ਮਾਮਲੇ ‘ਤੇ ਰੌਲਾ ਪਾਉਂਦੇ ਫਿਰਦੇ ਹਨ, ਕੀ ਗੁਰਦੁਆਰਾ ਸਾਹਿਬ ‘ਚ ਧਰਨਾ ਲਗਾ ਕੇ ਅਕਾਲੀ ਬੇਅਦਬੀ ਨਹੀਂ ਕਰ ਰਹੇ?

