ਐਸ.ਸੀ, ਐਸ.ਟੀ. ਐਕਟ ਤਹਿਤ ਮਾਮਲਿਆਂ ਦੇ ਪੀੜਤਾਂ ਨੂੰ ਮੁਆਵਜਾ ਰਾਸ਼ੀ ਦੇਣ ਨੂੰ ਪ੍ਰਵਾਨਗੀ
ਪਟਿਆਲਾ, 16 ਜਨਵਰੀ (ਮਧੂਸਾਰ ਬਿਊਰੋ) ਸਹਾਇਕ ਕਮਿਸ਼ਨਰ ਜਨਰਲ ਸ. ਸੂਬਾ ਸਿੰਘ ਦੀ ਪ੍ਰਧਾਨਗੀ ਹੇਠ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅੱਤਿਆਚਾਰ ਰੋਕਥਾਮ ਐਕਟ 1989 ਦੇ ਰੂਲਜ 1995 ਤਹਿਤ ਦਰਜ ਕੇਸਾਂ ਵਿੱਚ ਪੀੜਤਾਂ ਨੂੰ ਮੁਆਵਜੇ ਦੇਣ ਸਬੰਧੀਂ ਹੋਈ ਮੀਟਿੰਗ ‘ਚ ਜ਼ਿਲ੍ਹੇ ਵਿਚਲੇ ਅਜਿਹੇ 7 ਮਾਮਲਿਆਂ ਦੇ ਪੀੜਤਾਂ ਨੂੰ 2,70,000 ਰੁਪਏ ਮੁਆਵਜਾ ਦੇਣ ਦੀ ਪ੍ਰਵਾਨਗੀ ਦਿੱਤੀ ਗਈ।
ਇਸ ਮੌਕੇ ਸ. ਸੂਬਾ ਸਿੰਘ ਨੇ ਦੱਸਿਆ ਕਿ ਜਾਤੀ ਸੂਚਕ ਅਪਸ਼ਬਦ ਬੋਲਣ ਅਤੇ ਕੁੱਟਮਾਰ ਕਰਨ ਸਮੇਤ ਐਸ.ਸੀ., ਐਸ.ਟੀ. ਮਹਿਲਾਵਾਂ ਨਾਲ ਜਿਸਮਾਨੀ ਛੇੜਛਾੜ ਆਦਿ ਦੇ ਮਾਮਲਿਆਂ ‘ਚ ਮੁਆਵਜੇ ਦੀ ਵਿਵਸਥਾ ਹੈ।
ਸਹਾਇਕ ਕਮਿਸ਼ਨਰ ਜਨਰਲ ਨੇ ਜ਼ਿਲ੍ਹਾ ਭਲਾਈ ਅਫ਼ਸਰ ਨੂੰ ਹਦਾਇਤ ਕੀਤੀ ਕਿ ਪੀੜਤਾਂ ਨੂੰ ਮੁਆਵਜਾ ਦੇਣ ਲਈ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਮੁਕੰਮਲ ਕਰਕੇ ਇਨ੍ਹਾਂ ਮਾਮਲਿਆਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਜ਼ਿਲ੍ਹਾ ਭਲਾਈ ਅਫ਼ਸਰ ਸ. ਗੁਰਿੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ ਸਮੇਂ ਦੌਰਾਨ ਐਸ. ਸੀ., ਐਸ.ਟੀ. ਐਕਟ 1989 ਤਹਿਤ 7 ਮਾਮਲੇ ਵੱਖ-ਵੱਖ ਥਾਣਿਆਂ ‘ਚ ਦਰਜ ਹੋਏ ਸਨ, ਇਨ੍ਹਾਂ ਪੀੜਤਾਂ ਨੂੰ 2,70,000 ਰੁਪਏ ਮੁਆਵਜਾ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਅਟਾਰਨੀ ਪਟਿਆਲਾ ਵੱਲੋਂ ਏ.ਡੀ.ਏ. ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਤੇਜਿੰਦਰ ਸਿੰਘ ਬੱਲ, ਜ਼ਿਲ੍ਹਾ ਪੁਲਿਸ ਵੱਲੋਂ ਇੰਸਪੈਕਟਰ ਪੁਸ਼ਪਾ ਦੇਵੀ ਮੌਜੂਦ ਸਨ।

