ਪਟਿਆਲਾ ਜ਼ਿਲ੍ਹੇ ‘ਚ 156 ਡੇਅਰੀ ਯੂਨਿਟ ਸਥਾਪਿਤ ਕਰਕੇ ਬੈਂਕਾਂ ਪਾਸੋਂ 576.80 ਲੱਖ ਰੁਪਏ ਦੀ ਕਰਜ਼ਾ ਰਾਸ਼ੀ ਮੁਹੱਈਆ ਕਰਵਾਈ
ਪਟਿਆਲਾ 16 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਤੋਂ ਇਲਾਵਾ ਨੌਜਵਾਨਾਂ ਨੂੰ ਡੇਅਰੀ ਕਿੱਤੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦੇਣ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਲਈ ਡੇਅਰੀ ਵਿਕਾਸ ਵਿਭਾਗ ਤੇ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਦੱਸਿਆਂ ਕਿ ਜ਼ਿਲ੍ਹੇ ਵਿੱਚ ਇਸ ਚਾਲੂ ਮਾਲੀ ਸਾਲ ਦੌਰਾਨ ੩੩੮ ਸਿੱਖਿਆਰਥੀਆਂ ਨੂੰ ਡੇਅਰੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਤੇ ਡੇਅਰੀ ਉੱਦਮ ਸਿਖਲਾਈ ਅਧੀਨ ੪੭ ਲਾਭਪਾਤਰੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਵੱਖ-ਵੱਖ ਬੈਂਕਾਂ ਪਾਸੋਂ ੧੫੬ ਡੇਅਰੀ ਯੂਨਿਟ ਸਥਾਪਿਤ ਕਰਵਾ ਕੇ ੫ ਕਰੋੜ ੭੬ ਲੱਖ ੮੦ ਹਜ਼ਾਰ ਰੁਪਏ ਦੀ ਕਰਜ਼ਾ ਰਾਸ਼ੀ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈ ਗਈ ਹੈ। ਹੁਣ ਤੱਕ ੨੧ ਲਾਭਪਾਤਰੀਆਂ ਨੂੰ ੨੫.੨੫ ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਪੰਜਾਬ ਵਿੱਚ ਦੁੱਧ ਦੇ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਹੈ, ਇਸ ਲਈ ਕਿਸਾਨਾਂ ਨੂੰ ਡੇਅਰੀ ਧੰਦਿਆਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁੱਧ ਉਤਪਾਦਕ ਕਿਸਾਨ ਦੁੱਧ ਤੋਂ ਪਦਾਰਥ ਤਿਆਰ ਕਰਕੇ ਸਿੱਧਾ ਮੰਡੀਕਰਨ ਕਰਨ ਅਤੇ ਵਧੇਰੇ ਲਾਭ ਪ੍ਰਾਪਤ ਕਰਨ।
ਡਿਪਟੀ ਕਮਿਸ਼ਨਰ ਦੇ ਕਿਹਾ ਕਿ ਕਿਸਾਨੀ ਧੰਦੇ ਨਾਲ ਜੁੜੇ ਲੋਕਾਂ ਦੀਆਂ ਘਰੇਲੂ ਲੋੜਾਂ ਨੂੰ ਪੂਰਾ ਕਰਨ ਲਈ ਬੱਝਵੀਂ ਆਮਦਨ ਬਹੁਤ ਜ਼ਰੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਫ਼ਸਲ ਪ੍ਰਣਾਲੀ ਚਾਰ ਤੋਂ ਛੇ ਮਹੀਨਿਆਂ ਬਾਅਦ ਆਮਦਨ ਦਿੰਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਰੋਜ਼ਾਨਾ ਦੇ ਪਰਿਵਾਰਿਕ ਤੇ ਸਮਾਜਿਕ ਖ਼ਰਚੇ ਪੂਰੇ ਕਰਨ ਲਈ ਬੈਂਕਾਂ ਜਾਂ ਸ਼ਾਹੂਕਾਰਾਂ ਤੋਂ ਕਰਜ਼ਾ ਲੈਣਾ ਪੈਂਦਾ ਹੈ ਜੋ ਕਿ ਵਿਆਜ ਸਮੇਤ ਸਮੇਂ ਸਿਰ ਮੋੜਨਾ ਅਸੰਭਵ ਹੋ ਜਾਂਦਾ ਹੈ ਅਤੇ ਕਿਸਾਨਾਂ ਉੱਤੇ ਕਰਜ਼ੇ ਦਾ ਬੋਝ ਪੈਂਦਾ ਹੈ। ਉਨ੍ਹਾਂ ਕਿਹਾ ਕਿ ਡੇਅਰੀ ਫਾਰਮਿੰਗ ਦਾ ਧੰਦਾ ਇੱਕ ਇਹੋ ਜਿਹਾ ਕਿੱਤਾ ਹੈ, ਜਿਸ ਨਾਲ ਕਿਸਾਨ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰ ਸਕਦੇ ਹਨ। ਇਸ ਤਰ੍ਹਾਂ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਡੇਅਰੀ ਕਿੱਤੇ ਨੂੰ ਅਪਣਾ ਕੇ ਆਪਣੀ ਆਮਦਨ ‘ਚ ਚੋਖਾ ਵਾਧਾ ਕਰ ਸਕਦੇ ਹਨ।
ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ, ਸ਼੍ਰੀ ਅਸ਼ੋਕ ਕੁਮਾਰ ਰੌਣੀ ਨੇ ਦੱਸਿਆ ਕਿ ਇਸ ਸਾਲ ਵੱਖ-ਵੱਖ ਪਿੰਡਾਂ ਵਿਚ ਕੁੱਲ ੬ ਇੱਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਏ ਗਏ ਹਨ, ਇਹ ਕੈਂਪ ਪਿੰਡਾਂ ਵਿਚ ਡੇਅਰੀ ਵਿਭਾਗ ਦੀ ਸਕੀਮਾਂ ਸਬੰਧੀ ਫਾਰਮਰਾਂ ਨੂੰ ਜਾਣੂ ਕਰਵਾਉਣ ਲਈ ਅਤੇ ਡੇਅਰੀ ਦੇ ਕੰਮ ਸਬੰਧੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਵੱਖ ਵੱਖ ਸ਼ਹਿਰੀ ਖੇਤਰਾਂ ਅਤੇ ਕਸਬਿਆਂ ਵਿਚ ੨੬ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਏ ਗਏ ਹਨ, ਜਿਨ੍ਹਾਂ ਵਿਚ ਦੁੱਧ ਖਪਤਕਾਰਾਂ ਨੂੰ ਉਨ੍ਹਾਂ ਵਲੋਂ ਘਰਾਂ ਵਿਚ ਵਰਤੇ ਜਾਂਦੇ ਦੁੱਧ ਦੀ ਗੁਣਵੱਤਾ ਬਾਰੇ ਅਤੇ ਦੁੱਧ ਵਿਚ ਜੇਕਰ ਕੋਈ ਮਿਲਾਵਟ ਹੋਵੇ ਤਾਂ ਉਹ ਵੀ ਚੈੱਕ ਕਰ ਕੇ ਮੌਕੇ ਤੇ ਹੀ ਜਾਣੂ ਕਰਵਾਇਆ ਜਾਂਦਾ ਹੈ।

