ਹਲਕਾ ਘਨੌਰ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸ. ਸੁਰਜੀਤ ਸਿੰਘ ਰੱਖੜਾ ਸਨਮਾਨਤ
ਜ਼ਿਲ੍ਹਾ ਪ੍ਰਧਾਨ ਸ. ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ‘ਚ ਮੀਟਿੰਗਾਂ ਦਾ ਸਿਲਸਿਲਾ ਜਾਰੀ
ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਕਜੁੱਟਤਾ ਨਾਲ ਦੇਣ : ਸ. ਰੱਖੜਾ
ਪਟਿਆਲਾ, 24 ਜਨਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਸ. ਸੁਰਜੀਤ ਸਿੰਘ ਰੱਖੜਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜਾਂ, ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮਿਲ ਕੇ ਕੀਤੀਆਂ ਜਾ ਰਹੀਆਂ ਮੀਟਿੰਗ ਤਹਿਤ ਅੱਜ ਹਲਕਾ ਘਨੌਰ ਦੇ ਪਿੰੰਡ ਨਿੰਮ ਸਾਹਿਬ ਆਕੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ।
ਜ਼ਿਲ੍ਹਾ ਪ੍ਰਧਾਨ ਸ. ਸੁਰਜੀਤ ਸਿੰਘ ਰੱਖੜਾ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ‘ਚ ਵਰਕਰਾਂ ਵੱਲੋਂ ਭਰਵੀਂ ਹਾਜ਼ਰੀ ਲਗਵਾਈ ਗਈ। ਇਸ ਮੌਕੇ ਹਲਕਾ ਘਨੌਰ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਸਨਮਾਨ ਕਰਨ ਵਾਲਿਆਂ ‘ਚ ਸਾਬਕਾ ਵਿਧਾਇਕ ਅਜਾਇਬ ਸਿੰਘ ਮੁਖਮੈਲਪੁਰ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਣਧੀਰ ਸਿੰਘ ਰੱਖੜਾ, ਕੌਰ ਕਮੇਟੀ ਰਾਜਪੁਰਾ ਦੇ ਮੈਂਬਰ ਸ. ਨਰਦੇਵ ਸਿੰਘ ਆਕੜੀ, ਹਰਵਿੰਦਰ ਸਿੰਘ ਹਰਪਾਲਪੁਰ ਤੋਂ ਇਲਾਵਾ ਪਾਲ ਸਿੰਘ ਪ੍ਰਧਾਨ ਪਿੰਡ ਆਕੜ, ਭਾਗ ਸਿੰਘ, ਭੁਪਿੰਦਰ ਸਿੰਘ ਸ਼ੇਖੂਪੁਰ, ਹੈਰੀ ਮੁਖਮੈਲਪੁਰ, ਬਹਾਦਰ ਸਿੰਘ ਖੈਰਪੁਰ, ਹਰਪਾਲ ਸਿੰਘ ਸਰਾਓ, ਜਤਿੰਦਰ ਸਿੰਘ ਕੁੱਥਾਖੇੜੀ, ਅਜੈਬ ਸਿੰਘ ਸੇਹਰਾ, ਸੁਰਿੰਦਰ ਸਿੰਘ ਸੇਹਰੀ ਆਦਿ ਸ਼ਾਮਲ ਸਨ।
ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜ਼ਿਲ੍ਹੇ ਭਰ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਜ਼ਿਲ੍ਹਾ ਇੰਚਾਰਜਾਂ, ਵਰਕਰਾਂ ਤੇ ਅਹੁਦੇਦਾਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਤਾਂ ਜੋ ਭਵਿੱਖ ‘ਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਮੁੜ ਸੱਤਾ ਵਿਚ ਲਿਆਂਦਾ ਜਾ ਸਕੇ।
ਸ. ਰੱਖੜਾ ਨੇ ਕਿਹਾ ਕਿ ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਕਜੁੱਟਤਾ, ਦਲੇਰੀ ਤੇ ਬਹਾਦਰੀ ਨਾਲ ਦੇਣ। ਉਨ੍ਹਾਂ ਕਿਹਾ ਕਿ ਕਾਂਗਰਸ ਮੁੱਦਾਹੀਣ ਪਾਰਟੀ ਹੈ, ਜਿਸ ਨੇ ਝੂਠ ਮਾਰ ਕੇ ਸੱਤਾ ਤਾਂ ਹਾਸਲ ਕਰ ਲਈ ਪਰ ਲੋਕਾਂ ‘ਚੋਂ ਆਪਣਾ ਆਧਾਰ ਗੁਆ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਗੁੰਮਰਾਹ ਕਰਨ ਵਾਲੀ ਰਾਜਨੀਤੀ ਕਰਨ ਵਿਚ ਵਿਸ਼ਵਾਸ ਰੱਖਿਆ, ਜਿਸ ਦੀ ਸਮਝ ਲੋਕਾਂ ਨੂੰ ਆ ਚੁੱਕੀ ਹੈ। ਸ. ਰੱਖੜਾ ਨੇ ਕਿਹਾ ਕਿ ਥੋੜ੍ਹੇ ਸਮੇਂ ਵਿਚ ਹੀ ਕਾਂਗਰਸ ਦਾ ਝੂਠ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸ਼ੁਰੂਆਤੀ ਦੌਰ ‘ਚ ਘਪਲੇ, ਸਕੈਂਡਲਾਂ ਬੇਨਕਾਬ ਹੋਏ ਹਨ, ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਮਨਸ਼ੇ ਨਾਲ ਸੱਤਾ ਹਾਸਲ ਕੀਤੀ ਅਤੇ ਹੁਣ ਸੂਬੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਪ੍ਰੇਰਨਾ ਦਿੰਦਿਆਂ ਸ. ਰੱਖੜਾ ਨੇ ਕਿਹਾ ਕਿ ਜ਼ਿਲ੍ਹੇ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਲੋਕ ਹੁਣ ਤੋਂ ਹੀ ਇਕਜੁੱਟਤਾ ਵਿਖਾਉਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ‘ਚ ਸਿਰਫ ਉਨ੍ਹਾਂ ਲੋਕਾਂ ਨੂੰ ਅਹੁਦੇ ਅਤੇ ਨੁਮਾਇੰਦਗੀਆਂ ਦਿੱਤੀਆਂ ਜਾਣਗੀਆਂ, ਜੋ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਹੋ ਕੇ ਕੰਮ ਕਰਨ ਨੂੰ ਤਰਹੀਹ ਦੇਣਗੇ।

