ਪੰਜਾਬਪਟਿਆਲਾ

ਹਰ ਨੌਜਵਾਨ ਅਤੇ ਵਿਦਿਆਰਥੀ ਨੂੰ ਜਾਗਰੂਕ ਵੋਟਰ ਬਣਨਾ ਹੋਵੇਗਾ: ਕੁਮਾਰ ਅਮਿਤ

ਪਟਿਆਲਾ, 25 ਜਨਵਰੀ (ਮਧੂਸਾਰ ਬਿਊਰੋ) ਅੱਠਵੇਂ ਕੌਮੀ ਵੋਟਰ ਦਿਵਸ ਮੌਕੇ ਸਰਕਾਰੀ ਪੋਲੀਟੈਕਨਿਕ ਕਾਲਜ ਲੜਕੀਆਂ ‘ਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਪ੍ਰੋਗਰਾਮ ‘ਚ ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਨੌਜਵਾਨ ਵੋਟਰਾਂ ਅਤੇ ਕਾਲਜ ਵਿਦਿਆਰਥੀਣਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਨੌਜਵਾਨ ਅਤੇ ਵਿਦਿਆਰਥੀ ਨੂੰ ਨਾ ਕੇਵਲ ਜਾਗਰੂਕ ਵੋਟਰ ਬਣਨਾ ਹੋਵੇਗਾ ਬਲਕਿ ਵਧੀਆ ਵਿਚਾਰ ਚਰਚਾ ਵਿੱਚ ਹਿਸਾ ਲੈਂਦੇ ਹੋਏ ਦੇਸ਼ ‘ਚ ਸਮਾਜਿਕ ਬੁਰਾਈਆ ਅਤੇ ਸਮੱਸਿਆਵਾਂ ਬਾਰੇ ਆਪਣਾ ਪੱਖ ਵੀ ਰੱਖਣਾ ਹੋਵੇਗਾ ਤਾਂ ਹੀ ਸਾਡੇ ਲੋਕਤੰਤਰ ਦੀ ਹੋਰ ਵਧੇਰੇ ਤਰੱਕੀ ਹੋ ਸਕੇਗੀ।

ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਲੋਕਤੰਤਰ ‘ਚ ਹਰ ਵੋਟ ਕੀਮਤੀ ਹੈ ਪਰ ਸਿਰਫ਼ ਵੋਟ ਪਾ ਕੇ ਘਰ ਬੈਠ ਜਾਣ ਨਾਲ ਦੇਸ਼ ਦੀ ਸੂਰਤ ਨਹੀਂ ਬਦਲਣ ਵਾਲੀ ਇਸ ਲਈ ਇਸ ਤੋਂ ਵੀ ਅੱਗੇ ਹੋ ਕੇ ਕੋਸ਼ਿਸਾਂ ਕਰਨਗੀਆਂ ਹੋਣਗੀਆਂ। ਆਪਣੇ ਪ੍ਰੇਰਣਾ ਭਰੇ ਭਾਸ਼ਣ ‘ਚ ਜ਼ਿਲ੍ਹਾ ਚੋਣ ਅਫ਼ਸਰ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਦਿਵਾਉਂਦਿਆਂ ਦੱਸਿਆ ਕਿ ਦੇਸ਼ ਦੇ ਠੰਡੇ ਰੇਗਿਸਤਾਨ ਲਦਾਖ ਦੇ ਕਈ ਪਿੰਡਾਂ ‘ਚ ਅੱਜ ਵੀ ਮੁੱਢਲੀਆਂ ਸੁਵਿਧਾਵਾਂ ਨਹੀਂ ਪੁੱਜੀਆ, ਉÎੱਤਰ ਪੂਰਵ ਦੇ ਨਾਗਾਲੈਂਡ ‘ਚ 5 ਸਾਲ ਦੇ ਬੱਚਿਆਂ ‘ਚ ਵੀ ਐਚ.ਆਈ.ਵੀ. ਦੇ ਵਾਇਰਸ ਪਾਏ ਜਾ ਰਹੇ ਹਨ। ਇਸੇ ਤਰ੍ਹਾਂ ਉੜੀਸਾ ਅਤੇ ਝਾਰਖੰਡ ਵਰਗੇ ਇਲਾਕਿਆਂ ‘ਚ ਨਕਸਲਵਾਦ ਹੈ ਤਾਂ ਮਹਾਂਰਾਸ਼ਟਰ ਦੇ ਗੜ੍ਹਚਿਰੋਲੀ ਜ਼ਿਲ੍ਹੇ ‘ਚ ਗਰੀਬੀ ਕਰਕੇ ਲੋਕ ਮਿੱਟੀ ਖਾਣ ਲਈ ਮਜ਼ਬੂਰ ਹਨ ਅਜਿਹੇ ਵਿੱਚ ਦਿੱਤਾ ਜਾਣ ਵਾਲਾ ਹਰ ਵੋਟ ਉਸ ਗਰੀਬ ਅਤੇ ਮਜ਼ਬੂਰ ਤੱਕ ਪੁੱਜਦਾ ਹੈ ਜਿਸ ਕੋਲ ਅਜੇ ਤੱਕ ਸੁਵਿਧਾਵਾਂ ਨਹੀਂ ਪੁੱਜੀਆ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਬੀਤੇ ਇੱਕ ਸਾਲ ਦੌਰਾਨ 34 ਹਜ਼ਾਰ ਨੌਜਵਾਨ ਵੋਟਰਾਂ ਦੇ ਵੋਟ ਬਣਾ ਕੇ ਉਹਨਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਹ ਕੰਮ ਇਸੇ ਤਰ੍ਹਾਂ ਜਾਰੀ ਰਹੇਗਾ। ਉਹਨਾਂ ਦੱੱਸਿਆ ਕਿ 1 ਜਨਵਰੀ 2018 ਨੂੰ 18 ਸਾਲ ਦੇ ਹੋਣ ਵਾਲੇ ਹਰ ਨੌਜਵਾਨ ਦਾ ਵੋਟ ਬਣਾਏ ਜਾਣ ਦਾ ਕੰਮ ਜਾਰੀ ਹੈ ਕੋਈ ਵੀ ਨੌਜਵਾਨ ਚਾਹੇ ਤਾਂ ਉਹ ਆਨਲਾਈਨ ਜਾਂ ਆਪਣੇ ਇਲਾਕੇ ਦੇ ਬੀ. ਐਲ.ਓ ਨਾਲ ਮਿਲ ਕੇ ਜ਼ਰੂਰੀ ਦਸਤਾਵੇਜ਼ ਦੇ ਕੇ ਆਪਣੀ ਵੋਟ ਬਣਵਾ ਸਕਦਾ ਹੈ।
ਸਮਾਗਮ ਦੌਰਾਨ 1 ਜਨਵਰੀ 2000 ਨੂੰ ਜਨਮ ਲੈਣ ਵਾਲੇ ਅਤੇ 1 ਜਨਵਰੀ 2018 ਨੂੰ 18 ਸਾਲ ਦਾ ਹੋਣ ਵਾਲੇ ਨੌਜਵਾਨਾਂ ਨੂੰ ਮਿਲੇਨੀਅਮ ਵੋਟਰ ਦਾ ਪਹਿਚਾਣ ਪੱਤਰ ਦੇਣ ਦੇ ਨਾਲ ਹੀ ਹੋਰ ਨੌਜਵਾਨ ਵੋਟਰਾਂ ਨੂੰ ਵੀ ਫੋਟੋ ਪਹਿਚਾਣ ਪੱਤਰ ਦਿੱਤੇ ਗਏ। ਇਸ ਦੌਰਾਨ ਕਾਲਜ ਵਿਦਿਆਰਥਣਾ ਵੱਲੋਂ ਬਿਨਾਂ ਕਿਸੇ ਲਾਲਚ ਅਤੇ ਡਰ ਤੋਂ ਨਿਰਪੱਖਤਾ ਨਾਲ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਵਾਲੀ ਜਾਗੋ ਕੱਢੀ ਗਈ ਅਤੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਮੁੱਖ ਚੋਣ ਕਮਿਸ਼ਨਰ ਦੇ ਸੰਦੇਸ਼ ਦੇ ਨਾਲ ਹੀ ਵੋਟ ਪਾਉਣ ਲਈ ਸਹੁੰ ਵੀ ਚੱਕੀ ਗਈ।
ਇਸ ਮੌਕੇ ਕਾਲਜ ਦੇ ਪਿੰ੍ਰਸੀਪਲ ਸ੍ਰੀ ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਕਾਲਜ ਦੇ ਸਾਰੇ ਵਿਦਿਆਰਥੀਆਂ ਦੀ 100 ਫੀਸਦੀ ਵੋਟ ਬਣੀ ਹੋਈ ਹੈ ਅਤੇ ਉਹ ਭਵਿੱਖ ਵਿੱਚ ਵੀ ਸਵੀਪ ਦੀ ਗੀਤ ਵਿਧੀਆਂ ਜਾਰੀ ਰੱਖਣਗੇ।

Leave a Reply

Your email address will not be published. Required fields are marked *