ਪਾਕਿਸਤਾਨ : ਆਤਮਘਾਤੀ ਹਮਲੇ ‘ਚ 11 ਦੀ ਮੌਤ, 13 ਜ਼ਖ਼ਮੀ
ਪੇਸ਼ਾਵਰ 3 ਫਰਵਰੀ (ਮਧੂਸਾਰ ਬਿਊਰੋ) ਉੱਤਰੀ ਪਾਕਿਸਤਾਨ ਦੇ ਸਵਾਤ ਘਾਟੀ ਖੇਤਰ ‘ਚ ਸਥਿਤ ਇਕ ਫੌਜੀ ਅੱਡੇ ਨੇੜੇ ਸ਼ਨੀਵਾਰ ਨੂੰ ਹੋਏ ਆਤਮਘਾਤੀ ਹਮਲੇ ‘ਚ ਕਰੀਬ 11 ਫੌਜੀਆਂ ਦੀ ਮੌਤ ਹੋ ਗਈ ਤੇ 13 ਹੋਰ ਜ਼ਖਮੀ ਹੋ ਗਏ।
ਧਿਕਾਰੀਆਂ ਮੁਤਾਬਕ ਇਹ ਆਮਤਘਾਤੀ ਹਮਲਾ ਤਾਲਿਬਾਨ ਦੇ ਇਕ ਸਥਾਨਕ ਧਿਰ ਦੇ ਕੰਟਰੋਲ ਵਾਲੇ ਖੇਤਰ ‘ਚ ਹੋਇਆ। ਪਾਕਿਸਤਾਨੀ ਫੌਜ ਦੇ ਜਨਤਕ ਸਬੰਧ ਵਿਭਾਗ ਨੇ ਇਕ ਬਿਆਨ ਜਾਰੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ।
ਬਿਆਨ ਮੁਤਾਬਕ ਇਹ ਆਤਮਘਾਤੀ ਹਮਲਾ ਸਵਾਤ ਘਾਟੀ ਨੇੜੇ ਫੌਜੀ ਅੱਡੇ ਦੀ ਸਪੋਰਟਸ ਯੂਨਿਟ ‘ਚ ਹੋਇਆ। ਇਕ ਸੁਰੱਖਿਆ ਅਧਿਕਾਰੀ ਨੇ ਪਛਾਣ ਗੁੱਪਤ ਰੱਖੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਫੌਜੀ ਅੱਡੇ ਦੀ ਸਪੋਰਟਸ ਯੂਨਿਟ ‘ਚ ਫੌਜੀ ਸ਼ਨੀਵਾਰ ਸ਼ਾਮ ਵਾਲੀਵਾਲ ਖੇਡ ਰਹੇ ਸਨ ਉਦੋਂ ਹੀ ਅਚਾਨਕ ਇਕ ਆਤਮਘਾਤੀ ਹਮਲਾਵਰ ਨੇ ਉਥੇ ਵੜ੍ਹ ਕੇ ਖੁਦ ਨੂੰ ਬੰਬ ਨਾਲ ਉਡਾ ਲਿਆ। ਹਮਲੇ ਦੇ ਸਮੇਂ ਨਾਗਰਿਕ ਵੀ ਫੌਜੀਆਂ ਦਾ ਇਹ ਵਾਲੀਵਾਲ ਮੈਚ ਦੇਖ ਰਹੇ ਸੀ।
ਅਧਿਕਾਰੀ ਨੇ ਦੱਸਿਆ ਕਿ ਇਸ ਹਮਲੇ ‘ਚ ਜ਼ਖਮੀ ਲੋਕਾਂ ਨੂੰ ਨੇੜਲੇ ਇਕ ਫੌਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਤਹਿਰੀਕ-ਏ-ਤਾਲਿਬਾਨ ਉਰਫ ਪਾਕਿਸਤਾਨੀ ਤਾਲਿਬਾਨ ਦੇ ਬੁਲਾਰੇ ਮੁਹੰਮਦ ਖੁਰਾਸਾਨੀ ਨੇ ਮੀਡੀਆ ਨੂੰ ਇਕ ਬਿਆਨ ਜਾਰੀ ਕਰ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

