ਪੰਜਾਬਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਸਮਰਪਿਤ ਤਿੰਨ ਗੀਤਾਂ ਦੇ ਪੋਸਟਰ ਰਿਲੀਜ਼

ਪਟਿਆਲਾ 14 ਫਰਵਰੀ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਸਮਰਪਿਤ ਤਿਆਰ ਕੀਤੇ ਗਏ ਤਿੰਨ ਗੀਤ ਦੇਸ਼ ਪੰਜਾਬ, ਮੈਂ ਪੰਜਾਬੀ ਅਤੇ ਮਾਂ ਬੋਲੀ ਦੇ ਪੋਸਟਰ ਕਾਲਜ ਪ੍ਰਿੰਸੀਪਲ ਡਾ ਧਰਮਿੰਦਰ ਸਿੰਘ ਉਭਾ ਵੱਲੋਂ ਰਿਲੀਜ਼ ਕੀਤੇ ਗਏ।

ਕਾਲਜ ਪ੍ਰਿੰਸੀਪਲ ਡਾ ਧਰਮਿੰਦਰ ਸਿੰਘ ਉੱਭਾ ਨੇ ਇਸ ਮੌਕੇ ਤੇ ਦੱਸਿਆ ਕਿ ਪੰਜਾਬ ਦੇ ਸੱਭਿਆਚਾਰ ਅਤੇ ਬੋਲੀ ਦੇ ਖ਼ੂਬਸੂਰਤ ਪੱਖਾਂ ਨੂੰ ਉਜਾਗਰ ਕਰਨ ਹਿੱਤ ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਡਾ ਜਗਜੀਤ ਸਿੰਘ ਵੱਲੋਂ ਬਾਬੂ ਫ਼ਿਰੋਜ਼ਦੀਨ ਸ਼ਰਫ਼ ਦੀ ਲਿਖੀ ਇੱਕ ਕਵਿਤਾ -ਮੈਂ ਪੰਜਾਬੀ- ਨੂੰ ਗਾਇਆ ਗਿਆ ਹੈ, ਸੰਗੀਤ ਵਿਭਾਗ ਦੇ ਡਾਕਟਰ ਗੌਰੀ ਖੰਨਾ ਵੱਲੋਂ ਬਾਬੂ ਫ਼ਿਰੋਜ਼ਦੀਨ ਸ਼ਰਫ਼ ਦੇ ਲਿਖੇ ਗੀਤ -ਦੇਸਾਂ ਵਿੱਚੋਂ ਦੇਸ ਪੰਜਾਬ ਨੀ- ਅਤੇ ਕਾਲਜ ਦੇ ਤੇ ਇਸੇ ਵਿਭਾਗ ਦੇ ਡਾ ਤੇਜਿੰਦਰ ਸਿੰਘ ਵੱਲੋਂ ਡਾ ਸਤੀਸ਼ ਵਰਮਾ ਦਾ ਲਿਖਿਆ ਗੀਤ ਮਾਂ ਬੋਲੀ ਮੇਰੀ ਮਾਂ ਬੋਲੀ ਤਿਆਰ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਗੀਤਾਂ ਦੇ ਨਾਲ ਜੋ ਵੀਡੀਓਗ੍ਰਾਫੀ ਕੀਤੀ ਗਈ ਹੈ ਉਹ ਵੀ ਪੂਰੀ ਤਰ੍ਹਾਂ ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬੀਅਤ ਨੂੰ ਹੀ ਰੂਪਮਾਨ ਕਰਦੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਕਾਲਜ ਵਿਖੇ ਕਾਲਜ ਵੱਲੋਂ ਆਪਣਾ ਭਾਈ ਮਰਦਾਨਾ ਸੰਗੀਤ ਸਟੂਡੀਓ ਸਥਾਪਤ ਕੀਤਾ ਗਿਆ ਹੈ ਅਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਸਟੂਡੀਓ ਰਾਹੀਂ ਸਿਰਫ਼ ਤੇ ਸਿਰਫ਼ ਆਪਣੇ ਵਿਰਸੇ ਧਰਮ ਸੱਭਿਆਚਾਰ ਅਤੇ ਹੋਰ ਪ੍ਰੇਰਨਾ ਦਾਇਕ ਗੀਤ ਫਿਲਮਾਂ ਅਤੇ ਅਜਿਹੀ ਹੋਰ ਸਮੱਗਰੀ ਸਮਾਜ ਨੂੰ ਪ੍ਰਦਾਨ ਕੀਤੀ ਜਾਵੇਗੀ।ਉਨ੍ਹਾਂ ਇਹ ਕਿਹਾ ਕਿ ਇਹ ਤਿੰਨੋਂ ਗੀਤ ਕਾਲਜ ਵੱਲੋਂ ਕਰਾਈ ਜਾ ਰਹੀ ਪੰਜਾਬੀ ਗਲੋਬਲ ਕਾਨਫਰੰਸ ਦੇ ਮੌਕੇ ਉੱਪਰ ਮਿਤੀ ੨੨ ਫਰਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਵੱਲੋਂ ਜਾਰੀ ਕੀਤੇ ਜਾਣਗੇ। ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਗੀਤਾਂ ਦੀ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਥਾਵਾਂ ਉੱਪਰ ਕੀਤੀ ਗਈ ਹੈ ਅਤੇ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਥਾਵਾਂ ਪੰਜਾਬ ਦੇ ਵਿਰਸੇ ਦੀ ਸਹੀ ਰੂਪ ਮਾਨੀ ਕਰਦੀਆਂ ਹੋ।ਸਮੁੱਚੇ ਫਿਲਮਾਂਕਣ ਦੌਰਾਨ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਵੀ ਇਸ ਵਿੱਚ ਹਿੱਸਾ ਲਿਆ ਹੈ।

Leave a Reply

Your email address will not be published. Required fields are marked *