ਪੰਜਾਬੀ ਯੂਨੀਵਰਸਿਟੀ, ਪਟਿਆਲਾ ਹੈਰੀਟੇਜ ਫੈਸਟੀਵਲ ਵਿੱਚ ਲਏਗੀ ਹਿੱਸਾ
ਪਟਿਆਲਾ, 14 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ 21 ਫਰਵਰੀ ਤੋਂ 3 ਮਾਰਚ ਤੱਕ ਪਟਿਆਲਾ ਵਿਰਾਸਤੀ ਮੇਲੇ ਨਾਲ ਜੁੜਨ ਲਈ ਕਿਹਾ ਗਿਆ ਹੈ ਤਾਂ ਕਿ ਯੂਨੀਵਰਸਿਟੀ ਦੀ ਸ਼ਾਨ ਅਤੇ ਆਕਰਸ਼ਣ ਨੂੰ ਜੋੜਿਆ ਜਾ ਸਕੇ। ਐਡੀਸ਼ਨਲ ਡਿਪਟੀ ਕਮਿਸ਼ਨਰ ਪਟਿਆਲਾ ਨੇ ਅੱਜ ਵਾਈਸ-ਚਾਂਸਲਰ, ਡਾ. ਬੀ.ਐਸ. ਘੁੰਮਣ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕਰਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੁਆਰਾ ਇਸ ਫੈਸਟੀਵਲ ਵਿੱਚ ਸਰਗਰਮ ਹਿੱਸਾ ਲੈਣ ਦੀ ਮੰਗ ਕੀਤੀ।
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਇਹ ਮੇਲਾ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਸ਼ਬਦ ਗੁਰਬਾਣੀ ਨਾਲ ਸ਼ੁਰੂ ਕੀਤਾ ਜਾਵੇਗਾ। ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੁਆਰਾ ਆਯੋਜਿਤ ਕੀਤਾ ਜਾਂਦਾ ਸਾਲਾਨਾ ਪੰਜਾਬ ਫੋਕ ਫੈਸਟੀਵਲ ਵੀ ਵਿਰਾਸਤੀ ਮੇਲੇ ਦਾ ਇਕ ਹਿੱਸਾ ਬਣੇਗਾ, ਜਿਸ ਵਿਚ ਪੰਜਾਬ ਦੀਆਂ ਰਵਾਇਤੀ, ਅਲੋਪ ਹੋ ਰਹੀਆਂ ਕਲਾਵਾਂ ਅਤੇ ਸੱਭਿਆਚਾਰਕ ਵੰਨਗੀਆਂ ਸ਼ਾਮਲ ਹਨ। ਇਸ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਵਿਲੱਖਣਤਾ ਨੂੰ ਦਰਸਾਉਂਦੇ ਫੋਕ ਆਰਕੈਸਟਰਾ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ।
ਡਾ. ਘੁੰਮਣ ਅਨੁਸਾਰ, ਯੂਨੀਵਰਸਿਟੀ ਦੇ ਮਿਊਜ਼ੀਅਮ ਅਤੇ ਆਰਟ ਗੈਲਰੀ ਦੀ ਸ਼ੋਭਾ ਵਧਾਉਂਦੀਆਂ ਸਦੀਆਂ ਪੁਰਾਣੀਆਂ ਅਣਮੁੱਲੀਆਂ ਵਸਤੂਆਂ, ਇਸ ਫੈਸਟੀਵਲ ਵਿੱਚ ਇੱਕ ਵੱਖਰੇ ਸਥਾਨ ਤੇ ਦਰਸ਼ਕਾਂ ਨੂੰ ਦਿਖਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਸੰਗੀਤ ਵਿਭਾਗ ਵਲੋਂ ਕਲਾਸੀਕਲ ਵੋਕਲ ਅਤੇ ਇੰਸਟਰੂਮੈਂਟਲ ਕਾਰਗੁਜ਼ਾਰੀਆਂ ਵੀ ਪੇਸ਼ ਕੀਤੀਆਂ ਜਾਣਗੀਆਂ।

