ਪੰਜਾਬਪਟਿਆਲਾ

ਡਿਪਟੀ ਕਮਿਸ਼ਨਰ ਨੇ ਸੰਧਾਰਸੀ ਹਾਦਸੇ ਦੇ ਪੀੜਤ ਜਖ਼ਮੀਆਂ ਦਾ ਹਾਲ ਚਾਲ ਜਾਣਿਆ

ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ
ਡੀ.ਸੀ. ਵੱਲੋਂ ਸੰਧਾਰਸੀ ਘਟਨਾ ਸਥਾਨ ਦਾ ਵੀ ਦੌਰਾ, ਹਾਲਾਤ ਦਾ ਲਿਆ ਜਾਇਜਾ
ਪਟਿਆਲਾ, 20 ਫਰਵਰੀ (ਮਧੂਸਾਰ ਬਿਊਰੋ) ਜ਼ਿਲ੍ਹਾ ਪਟਿਆਲਾ ਦੇ ਘਨੌਰ-ਸ਼ੰਭੂ ਰੋਡ ‘ਤੇ ਸਥਿਤ ਪਿੰਡ ਸੰਧਾਰਸੀ ਨੇੜੇ ਫੂਡ ਪ੍ਰੋਸੈਸਿੰਗ ਫੈਕਟਰੀ (ਹਿਮਾਲਿਆ ਫਰੈਸ਼ ਪ੍ਰੋਟੀਨ ਫੈਕਟਰੀ) ਵਿਖੇ ਅੱਜ ਸਵੇਰੇ ਤੜਕੇ ਅਚਾਨਕ ਅਮੋਨੀਆ ਗੈਸ ਦਾ ਸਿਲੰਡਰ ਫਟਣ ਕਰਕੇ ਵਾਪਰੇ ਹਾਦਸੇ ਨਾਲ ਜਖ਼ਮੀ ਹੋਏ 11 ਵਰਕਰ, ਜੋ ਕਿ ਇਥੇ ਰਜਿੰਦਰਾ ਹਸਪਤਾਲ ‘ਚ ਇਲਾਜ ਲਈ ਦਾਖਲ ਹਨ, ਦਾ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਹਾਲ ਚਾਲ ਜਾਣਿਆ।

ਉਨ੍ਹਾਂ ਨੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਭੁਪਿੰਦਰ ਸਿੰਘ ਬਰਾੜ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਉਂਦਿਆਂ ਹਦਾਇਤ ਕੀਤੀ ਕਿ ਜਖ਼ਮੀਆਂ ਦੇ ਇਲਾਜ ‘ਚ ਕੋਈ ਢਿੱਲ ਮੱਠ ਨਾ ਵਰਤੀ ਜਾਵੇ। ਜਿਕਰਯੋਗ ਹੈ ਕਿ 11 ਫੱਟੜ ਵਰਕਰਾਂ ‘ਚੋਂ 6 ਜਣੇ ਆਈ.ਸੀ.ਯੂ. ‘ਚ ਦਾਖਲ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਹਾਦਸੇ ‘ਚ ਤਿੰਨ ਜਣਿਆਂ ਦੀ ਮੌਤ ਹੋਈ ਸੀ, ਜਿਨ੍ਹਾਂ ਦੀ ਪਛਾਣ ਰਾਜਪੁਰਾ ਨੇੜਲੇ ਪਿੰਡਾਂ ਦੇ ਵਸਨੀਕਾਂ ਵਜੋਂ ਹੋਈ, ਜਿਨ੍ਹਾਂ ‘ਚ 42 ਸਾਲਾ ਸੁਰਿੰਦਰ ਕੁਮਾਰ ਪੁੱਤਰ ਹਰਕੇਸ਼ ਕੁਮਾਰ ਵਾਸੀ ਪਿੰਡ ਸੋਗਲਪੁਰ, 22 ਸਾਲਾ ਚਰਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਅਤੇ 19 ਸਾਲਾ ਗੁਰਜਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀਅਨ ਪਿੰਡ ਬਘੌਰਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਹਾਦਸੇ ‘ਚ ਮਾਰੇ ਗਏ ਕਾਮਿਆਂ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
ਇਸੇ ਦੌਰਾਨ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮ੍ਰਿਤਕਾਂ ਦੇ ਅੰਤਮ ਸੰਸਕਾਰ ‘ਚ ਸ਼ਮੂਲੀਅਤ ਕਰਕੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਵੀ ਘਨੌਰ ਸਥਿਤ ਫੈਕਟਰੀ, ਜਿਥੇ ਹਾਦਸਾ ਵਾਪਰਿਆ ਸੀ, ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਥਾਂ ਦਾ ਜਾਇਜਾ ਲੈਣ ਅਤੇ ਬਚਾਅ ਕਾਰਜਾਂ ਲਈ ਐਨ.ਡੀ.ਆਰ.ਐਫ. ਦੀ ਟੀਮ ਸਮੇਤ ਐਨ.ਐਫ.ਐਲ. ਬਠਿੰਡਾ ਦੇ ਕੈਮੀਕਲ ਮਾਹਰਾਂ ਦੀ ਟੀਮ ਵੀ ਸੱਦੀ ਗਈ ਹੈ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਾਲਾਤ ਦਾ ਜਾਇਜਾ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਹਾਦਸੇ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਹਰਕਤ ‘ਚ ਆਉਂਦਿਆਂ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਬਚਾਅ ਕਾਰਜ ਅਰੰਭੇ। ਇਸ ਹਾਦਸੇ ‘ਚ 11 ਜਣੇ ਫੱਟੜ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਰਜਿੰਦਰਾ ਹਸਪਤਾਲ ‘ਚ ਪਹੁੰਚਾਇਆ ਗਿਆ ਅਤੇ ਇਨ੍ਹਾਂ ਦੇ ਇਲਾਜ ਲਈ ਤੁਰੰਤ ਲੋੜੀਂਦੇ ਪ੍ਰਬੰਧ ਕੀਤੇ ਗਏ। ਡਿਪਟੀ ਕਮਿਸ਼ਨਰ ਦੇ ਨਾਲ ਇਸ ਸਮੇਂ ਐਸ.ਡੀ.ਐਮ. ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ, ਮੈਡੀਕਲ ਸੁਪਰਡੈਂਟ ਡਾ. ਭੁਪਿੰਦਰ ਸਿੰਘ ਬਰਾੜ ਸਮੇਤ ਹੋਰ ਡਾਕਟਰ ਅਤੇ ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਆਦਿ ਹਾਜਰ ਸਨ।

Leave a Reply

Your email address will not be published. Required fields are marked *