ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਸਟਿਨ ਟਰੂਡੋ ਪ੍ਰਤੀ ਅਪਣਾਏ ਅਣਗੌਲ਼ੇ ਰਵੱਈਏ ਤੋਂ ਸਿੱਖਾਂ ਦੇ ਮਨਾਂ ਵਿਚ ਭਾਰੀ ਰੋਸ -ਭਾਈ ਗਰੇਵਾਲ
ਸ੍ਰੀ ਅੰਮ੍ਰਿਤਸਰ, 20 ਫਰਵਰੀ (ਮਧੂਸਾਰ ਬਿਊਰੋ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਸਮੇਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਦੇ ਸਵਾਗਤ ਵਿਚ ਦਿਖਾਈ ਉਦਾਸੀਨਤਾ ਨੂੰ ਲੈ ਕੇ ਸਿੱਖਾਂ ਦੇ ਮਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅੱਜ ਅੰਮ੍ਰਿਤਸਰ ਸਾਹਿਬ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਸੁਆਗਤੀ ਪ੍ਰਬੰਧਾਂ ਵਿਚ ਸ਼ਾਮਲ ਹੋਣ ਸਮੇਂ ਕੀਤਾ।
ਭਾਈ ਗਰੇਵਾਲ ਨੇ ਅਫਸੋਸ ਜਾਹਰ ਕੀਤਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕੀ ਇਹ ਗੁਨਾਹ ਹੈ ਕਿ ਕੈਨੇਡਾ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਸਿੱਖ ਭਾਈਚਾਰੇ ਦਾ ਵਿਸ਼ਵਾਸ ਅਤੇ ਪਿਆਰ ਜਿੱਤਿਆ ਹੈ। ਸਿੱਖਾਂ ਦੇ ਹਿਮਾਇਤੀ ਹੋਣ ਕਰਕੇ ਦੇਸ਼ ਦੀ ਕੇਂਦਰ ਅਤੇ ਪੰਜਾਬ ਸਰਕਾਰ ਨੇ ਉਸਦੇ ਸਵਾਗਤ ਲਈ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਹੈ। ਇਜ਼ਰਾਇਲ ਵਰਗੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕਾਨੂੰਨ ਦੀ ਉਲੰਘਣਾਂ ਕਰਕੇ ਉਸਦੇ ਸਵਾਗਤ ਵਿਚ ਹਵਾਈ ਅੱਡੇ ‘ਤੇ ਪਹੁੰਚਦੇ ਹਨ ਪਰ ਇਸ ਫੇਰੀ ਲਈ ਜਿਸ ਵਿਚ ਪ੍ਰਧਾਨ ਮੰਤਰੀ ਦੇ ਨਾਲ ਕੈਨੇਡਾ ਦੇ ਮੰਤਰੀ ਮੰਡਲ ਦੇ 4 ਸਿੱਖ ਮੰਤਰੀ ਅਤੇ 16 ਦੇ ਕਰੀਬ ਪੰਜਾਬੀ ਭਾਈਚਾਰੇ ਦੇ ਐਮ.ਪੀ. ਸ਼ਾਮਲ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਸਬੰਧੀ ਸਿੱਖ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਭਾਵੇਂ ਕਿ ਪਹਿਲਾਂ ਵੀ ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਦੀ ਫੇਰੀ ਸਮੇਂ ਅਤੇ ਹੁਣ ਪ੍ਰਧਾਨ ਮੰਤਰੀ ਤੇ ਉਸਦੀ ਕੈਬਨਿਟ ਦਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ‘ਤੇ ਪੁੱਜਣ ਸਮੇਂ ਵੱਡੀ ਪੱਧਰ ‘ਤੇ ਪੰਥਕ ਰਿਵਾਇਤਾਂ ਮੁਤਾਬਕ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਹਿਯੋਗੀਆਂ ਨਾਲ ਜੋ ਸੁਆਗਤ ਕਰ ਰਹੀ ਹੈ ਉਸਦੇ ਲਈ ਸਿੱਖਾਂ ਦੇ ਮਨਾਂ ਅੰਦਰ ਭਾਰੀ ਉਤਸ਼ਾਹ ਹੈ। ਕੈਨੇਡਾ ਵਰਗੇ ਦੇਸ਼ ਅੰਦਰ ਸਿੱਖਾਂ ਦਾ, ਸਿੱਖਾਂ ਦੀ ਦਸਤਾਰ ਦਾ, ਸਿੱਖਾਂ ਦੇ ਇਤਿਹਾਸਕ ਦਿਹਾੜਿਆਂ ਦਾ, ਮੌਜੂਦਾ ਟਰੂਡੋ ਸਰਕਾਰ ਨੇ ਪੂਰਾ ਸਨਮਾਨ ਕੀਤਾ ਹੈ, ਜਿਸ ਨਾਲ ਸਿੱਖਾਂ ਦੀ ਅੱਡਰੀ ਪਹਿਚਾਣ ਅਤੇ ਸਨਮਾਨ ਵਧਿਆ ਹੈ। ਇਸ ਸਬੰਧੀ ਸਿੱਖ ਸਟੂਡੈਂਟਸ ਫੈਡਰੇਸ਼ਨ ਜਿੱਥੇ ਆਪਣੇ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਉਸਦੇ ਸਾਥੀਆਂ ਦਾ ਪੰਜਾਬ ਪੁੱਜਣ ‘ਤੇ ਨਿੱਘਾ ਸਵਾਗਤ ਕਰਦੀ ਹੈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਸਵਾਗਤ ਦੀ ਭਰਪੂਰ ਸ਼ਲਾਘਾ ਕੀਤੀ ਜਾਂਦੀ ਹੈ। ਇਸ ਮੌਕੇ ਭਾਈ ਗਰੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਮਾੜੇ ਅਤੇ ਵਿਤਕਰੇ ਭਰਪੂਰ ਰਵੱਈਏ ਦੀ ਪੁਰਜ਼ੋਰ ਨਿੰਦਾ ਕੀਤੀ ਹੈ। ਇਸ ਮੌਕੇ ਕਮਲਜੀਤ ਸਿੰਘ ਲਾਲੀ, ਦਿਸ਼ਾਦੀਪ ਸਿੰਘ ਵਾਰਿਸ, ਮਨਜੀਤ ਸਿੰਘ, ਗੁਰਫਤਹਿ ਸਿੰਘ, ਸੁਖਦੀਪ ਸਿੰਘ ਸਿਧਵਾਂ, ਗੁਰਜੀਤ ਸਿੰਘ ਰੰਧਾਵਾ ਆਦਿ ਮੌਜੂਦ ਸਨ।

