ਪਟਿਆਲਾ

ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ 2018 : ਰਿਕਾਰਡ ਤੋੜ ਖਰੀਦੋ-ਫਰੋਖਤ

ਦੋ ਦਿਨਾਂ ਵਿਚ ਬਿਆਲੀ ਲੱਖ ਰੁਪਏ ਤੋਂ ਵਧੇਰੇ ਦੀਆਂ ਪੁਸਤਕਾਂ ਦੀ ਖਰੀਦ
ਪਟਿਆਲਾ, 21 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ 2018 ਦੇ ਦੂਜੇ ਦਿਨ ਵੀ ਰਿਕਾਰਡ ਤੋੜ ਸੇਲ ਦਾ ਸਿਲਸਿਲਾ ਜਾਰੀ ਰਿਹਾ। ਦੋਵਾਂ ਦਿਨਾਂ ਦੀ ਕੁਲ ਸੇਲ ਬਿਆਲੀ ਲੱਖ ਨੂੰ ਟੱਪ ਗਈ। ਬਾਗੋ-ਬਾਗ ਹੋਏ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਪੰਜਾਬ ਦੀ ਜੁਆਨੀ ‘ਤੇ ਨਸ਼ਈ ਹੋਣ ਦੇ ਦੋਸ਼ਾਂ ਨੂੰ ਇਸ ਪੁਸਤਕ ਮੇਲੇ ਨੇ ਧੋ ਕੇ ਰੱਖ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਕੁੜੀਆਂ ਮੁੰਡਿਆਂ ਦੇ ਟੋਲਿਆਂ ਦੇ ਟੋਲੇ ਹੱਥ ਵਿਚ ਢੇਰਾਂ ਦੇ ਢੇਰ ਪੁਸਤਕਾਂ ਫੜ ਏਧਰ ਓਧਰ ਨੂੰ ਜਾਂਦੇ ਵੇਖ ਸਾਡਾ ਸਿਰ ਮਾਣ ਨਾਲ ਉਚਾ ਹੋ ਗਿਆ ਹੈ। ਉਨ੍ਹਾਂ ਨੇ ਡਾਇਰੈਕਟਰ ਪਬਲੀਕੇਸ਼ਨ ਡਾ. ਸਰਬਜਿੰਦਰ ਸਿੰਘ ਤੇ ਉਨ੍ਹਾਂ ਦੇ ਸਹਿਯੋਗੀ ਪ੍ਰੋਫੈਸਰ ਸਤਿਨਾਮ ਸਿੰਘ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਦੋਵੇਂ ਪੰਜਾਬੀ ਯੂਨੀਵਰਸਿਟੀ ਦਾ ਮਾਣ ਹਨ।
ਡਾਇਰੈਕਟਰ ਪਬਲੀਕੇਸ਼ਨ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਇਹ ਸੱਚਮੁੱਚ ਹੀ ਮੌਜਜ਼ੇ ਵਰਗੀ ਗੱਲ ਰਹੀ ਹੈ। ਇਵੇਂ ਵੀ ਵਾਪਰ ਸਕਦਾ ਹੈ, ਇਹ ਮੇਰੇ ਚੇਤਿਆਂ ਦਾ ਭਾਗ ਨਹੀਂ ਸੀ। ਹਰ ਸਟਾਲ ‘ਤੇ ਮੋਢੇ ਨਾਲ ਮੋਢਾ ਖਹਿ ਰਿਹਾ ਹੈ ਤੇ ਨਿਸ਼ਚੇ ਹੀ ਇਹ ਸਾਡੀ ਵੱਡੀ ਪ੍ਰਾਪਤੀ ਹੈ। ਪ੍ਰੋ. ਸਤਿਨਾਮ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦੋ ਦਿਨਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਾਲਜਾਂ ਦੇ ਵਿਦਿਆਰਥੀ ਮੇਲੇ ਵਿਚ ਸ਼ਿਰਕਤ ਕਰਨਗੇ।
ਡਾ. ਮਨਜੀਤ ਸਿੰਘ ਨਿੱਜਰ ਨੇ ਕਿਹਾ ਅਸੀਂ ਲੋਕਾਂ ਨੇ ਘਰ ਘਰ ਪੁਸਤਕ ਪਹੁੰਚਾਉਣ ਦਾ ਜੋ ਸੁਪਨਾ ਲੈ ਰਹੇ ਸੀ, ਉਹ ਸਰਬਜਿੰਦਰ ਸਿੰਘ ਨੇ ਸੱਚ ਕਰ ਦਿਖਾਇਆ, ਜੋ ਨਿਸ਼ਚੇ ਹੀ ਉਤਸ਼ਾਹ ਵਾਲੀ ਗੱਲ ਹੈ।

Leave a Reply

Your email address will not be published. Required fields are marked *