ਪੰਜਾਬ

ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਪੰਜਾਬ ਸਰਕਾਰ ਤੇ ਈ-ਗਵ ਵਿਚਾਲੇ ਆਪਸੀ ਸਹਿਮਤੀ ਦਾ ਸਮਝੌਤਾ ਸਹੀਬੱਧ

ਚੰਡੀਗੜ੍ਹ, 28 ਫਰਵਰੀ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਸ਼ਹਿਰੀਆਂ ਨੂੰ ਘਰ ਬੈਠਿਆਂ ਸੁਖਾਲੀਆਂ ਤੇ ਪਾਰਦਰਸ਼ੀ ਸੇਵਾਵਾਂ ਦੇਣ ਦੀ ਦਿਸ਼ਾ ਵਿੱਚ ਵੱਡਾ ਕਦਮ ਪੁੱਟਦਿਆਂ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨੰਦਨ ਨੀਲਕੇਨੀ ਦੀ ਕੰਪਨੀ ਈ-ਗਵ ਨਾਲ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਗਿਆ।

ਇਹ ਸਮਝੌਤਾ ਅੱਜ ਇਥੇ ਸਥਿਤ ਪੰਜਾਬ ਮਿਉਂਸਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਸ੍ਰੀ ਅਜੋਏ ਸ਼ਰਮਾ ਤੇ ਈ-ਗਵ ਦੇ ਸੀ.ਈ.ਓ. ਸ੍ਰੀ ਵਿਰਾਜ ਤਿਆਗੀ ਵਿਚਾਲੇ ਸਹੀਬੱਧ ਹੋਇਆ। ਇਸ ਮੌਕੇ ਈ-ਗਵ ਦੇ ਡਾਇਰੈਕਟਰ ਸ੍ਰੀ ਭਾਰਗਾਵਾ ਵੀ ਹਾਜ਼ਰ ਸਨ।
ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਸ. ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸਮੂਹ ਸ਼ਹਿਰਾਂ ਤੇ ਕਸਬਿਆਂ ਦੇ ਨਿਵਾਸੀਆਂ ਨੂੰ ਇਕ ਸਾਲ ਦੇ ਅੰਦਰ 12 ਵਰਗਾਂ ਦੇ ਅੰਤਰਗਤ 67 ਆਨਲਾਈਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸੇਵਾਵਾਂ ਪ੍ਰਾਪਰਟੀ ਟੈਕਸ, ਜਲ ਤੇ ਸੀਵਰੇਜ ਪ੍ਰਬੰਧਨ, ਸ਼ਿਕਾਇਤਾਂ, ਫਾਇਰ ਸੇਵਾਵਾਂ, ਵੈਰੀਫਿਕੇਸ਼ਨ, ਜਨਮ ਤੇ ਮੌਤ ਸਰਟੀਫਿਕੇਟ, ਸ਼ਹਿਰੀ ਸਥਾਨਕ ਇਕਾਈਆਂ ਦੇ ਵੈਬ ਪੋਰਟਲ, ਮੋਬਾਈਲ ਐਪ, ਸਟੇਟ ਤੇ ਸ਼ਹਿਰੀ ਸਥਾਨਕ ਇਕਾਈਆਂ ਡੈਸ਼ਬੋਰਡ, ਪੇਅਰੋਲ ਅਤੇ ਵਿੱਤੀ ਲੇਖਾ ਪ੍ਰੀਖਣ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਹਿਰੀ ਨੂੰ ਕੋਈ ਵੀ ਸੇਵਾ ਲੈਣ ਲਈ ਦਫਤਰ ਨਹੀਂ ਜਾਣਾ ਪਵੇਗਾ ਅਤੇ ਉਹ ਘਰ ਬੈਠਿਆਂ ਹੀ ਆਨਲਾਈਨ ਸੇਵਾਵਾਂ ਹਾਸਲ ਕਰ ਸਕਣਗੇ। ਇਸ ਨਾਲ ਭ੍ਰਿਸ਼ਟਾਚਾਰ ਨੂੰ ਨਕੇਲ ਕਸੀ ਜਾਵੇਗੀ ਅਤੇ ਦਫਤਰਾਂ ਵਿੱਚ ਖੱਜਲ-ਖੁਆਰੀ ਵੀ ਬੰਦ ਹੋਵੇਗੀ।
ਪੰਜਾਬ ਮਿਉਂਸਪਲ ਭਵਨ ਵਿਖੇ ਹੀ ਇਕ ਹੋਰ ਮੀਟਿੰਗ ਵਿੱਚ ਸ.ਸਿੱਧੂ ਅਤੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਨੈਸ਼ਨਲ ਐਨਵਾਇਰਮੈਂਟਲ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਦੇ ਅਧਿਕਾਰੀਆਂ ਨਾਲ ਸ਼ਹਿਰਾਂ ਦੇ ਨਾਲਿਆਂ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਸਫਾਈ ਦੇ ਪ੍ਰਾਜੈਕਟ ਦਾ ਮੁਲਾਂਕਣ ਕੀਤਾ ਗਿਆ। ਵਿਭਾਗ ਵੱਲੋਂ ਇਸ ਪ੍ਰਾਜੈਕਟ ਸਬੰਧੀ ਨੀਰੀ ਨਾਲ ਬੀਤੇ ਦਿਨੀਂ ਸਮਝੌਤਾ ਕੀਤਾ ਗਿਆ ਸੀ। ਸ.ਸਿੱਧੂ ਨੇ ਨੀਰੀ ਦੇ ਡਾਇਰੈਕਟਰ ਡਾ. ਟੀ.ਬੈਨਰਜੀ ਅਤੇ ਸੀਨੀਅਰ ਸਾਇੰਸਦਾਨਾਂ ਰਾਕੇਸ਼ ਵਰਮਾ ਤੇ ਰਮਨ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਪ੍ਰਾਜੈਕਟ ਵਿੱਚ ਬਾਬਾ ਸੀਚੇਵਾਲ ਦੀ ਮੱਦਦ ਲੈਣ। ਬਾਬਾ ਸੀਚੇਵਾਲ ਨੇ ਕੰਪਨੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਤਰ੍ਹਾਂ ਦੀ ਮੱਦਦ ਮੁਹੱਈਆ ਕਰਵਾਉਣਗੇ।
ਨੀਰੀ ਦੇ ਅਧਿਕਾਰੀਆਂ ਨਾਲ ਗੱਲਬਾਤ ਉਪਰੰਤ ਸ. ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਤੁੰਗ ਢਾਬ ਨਾਲੇ ਦੀ ਸਫਾਈ ਦੇ ਪ੍ਰਾਜੈਕਟ ਦਾ ਕੰਮ 16 ਮਾਰਚ ਤੋਂ ਸ਼ੁਰੂ ਹੋ ਜਾਵੇਗੀ ਜਿਸ ਦੀ ਲਾਗਤ 5 ਕਰੋੜ ਰੁਪਏ ਆਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੁਧਿਆਣਾ ਵਿਖੇ ਬੁੱਢੇ ਨਾਲੇ ਦੀ ਸਫਾਈ ਵੀ ਕੈਬਨਿਟ ਦੀ ਮਨਜ਼ੂਰੀ ਉਪਰੰਤ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਜਮਾਲਪੁਰ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਫਾਈ ਦਾ ਪ੍ਰਾਜੈਕਟ ਜਿਸ ਦੀ ਲਾਗਤ 31 ਕਰੋੜ ਰੁਪਏ ਆਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਸਫਲਤਾ ਨੂੰ ਦੇਖ ਕੇ ਪੰਜਾਬ ਦੇ ਬਾਕੀ ਸਾਰੇ ਸ਼ਹਿਰਾਂ ਤੇ ਕਸਬਿਆਂ ਦੇ ਨਾਲਿਆਂ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਸਫਾਈ ਕਰਵਾਈ ਜਾਵੇਗੀ।
ਸ. ਸਿੱਧੂ ਨੇ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੀਰੀ ਵੱਲੋਂ ਤਿੰਨ ਸਾਲਾਂ ਦੇ ਅੰਦਰ ਕੂੜੇ ਦੇ ਢੇਰਾਂ ਦੀ ਮੁਕੰਮਲ ਸਫਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਪਿਛਲੇ 20 ਸਾਲਾਂ ਤੋਂ ਲੱਗੇ ਵੱਡੇ-ਵੱਡੇ ਕੂੜੇ ਦੇ ਢੇਰਾਂ ਦਾ ਮੁਕੰਮਲ ਸਫਾਇਆ ਕਰਨ ਲਈ ਨੀਰੀ ਵੱਲੋਂ ਆਉਂਦੇ ਦੋ ਮਹੀਨਿਆਂ ਅੰਦਰ ਇਨ੍ਹਾਂ ਦਾ ਵਿਗਿਆਨਕ ਅਧਿਐਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੀਰੀ ਦੇ ਸਹਿਯੋਗ ਨਾਲ ਪੰਜਾਬ ਦੇ ਸ਼ਹਿਰਾਂ ਦੀ ਮੁਕੰਮਲ ਦਿੱਖ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਲਿਆਂ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਫੁੱਲ ਬੂਟਿਆਂ ਨਾਲ ਸੁੰਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਸਨਅਤੀ ਅਦਾਰਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਅਦਾਰੇ ਵੱਲੋਂ ਬਿਨਾਂ ਟਰੀਟਮੈਂਟ ਤੋਂ ਪਾਣੀ ਕਿਸੇ ਨਾਲੇ ਵਿੱਚ ਸੁੱਟਿਆ ਗਿਆ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਉਨ੍ਹਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਵੀ ਅਜਿਹੇ ਸਨਅਤੀ ਘਰਾਣਿਆਂ ਖਿਲਾਫ ਸਖਤੀ ਕਰਨ ਲਈ ਕਿਹਾ।
ਇਸ ਮੌਕੇ ਅੰਮ੍ਰਿਤਸਰ ਸਮਾਰਟ ਸਿਟੀ ਦੇ ਪ੍ਰਾਜਕੈਟ ਮੈਨੇਜਰ ਲੈਫਟੀਨੈਂਟ ਜਨਰਲ ਮਨੂ ਚੌਧਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *