ਪੰਜਾਬਪਟਿਆਲਾ

ਡਾ. ਰਾਜਵੰਤ ਕੌਰ ਪੰਜਾਬੀ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰੂਬਰੂ

ਪਟਿਆਲਾ 10 ਮਾਰਚ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ ਨਾਲ ਸਰਕਾਰੀ ਸ਼ਿਵਾਲਿਕ ਕਾਲਜ ਨਯਾਨੰਗਲ ਦੇ ਸਾਹਿਤਕ ਮੰਚ ਵੱਲੋਂ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰੂਬਰੂ ਕਰਵਾਇਆ ਗਿਆ।

ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਬਿੱਕਰ ਸਿੰਘ ਨੇ ਕਿਹਾ ਕਿ ਉਘੀ ਪੰਜਾਬੀ ਲੇਖਿਕਾ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਦਾ ਉਹਨਾਂ ਦੇ ਕਾਲਜ ਵਿਖੇ ਆ ਕੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਣਾ ਉਹਨਾਂ ਦੇ ਕਾਲਜ ਲਈ ਮਾਣਮੱਤੀ ਗੱਲ ਹੈ। ਇਸ ਮੌਕੇ ਡਾ. ਪੰਜਾਬੀ ਨੇ ਆਪਣੇ ਸੰਘਰਸ਼ਮਈ ਜੀਵਨ ਦੇ ਨਾਲ ਨਾਲ ਔਰਤ ਦੀ ਵਰਤਮਾਨ ਦਸ਼ਾ ਅਤੇ ਦਿਸ਼ਾ ਸੰਬੰਧੀ ਬਹੁਮੱਲੇ ਵਿਚਾਰ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਔਰਤ ਨੇ ਅਨੇਕ ਸੰਕਟਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵਰਤਮਾਨ ਦੌਰ ਵਿਚ ਪੁੱਜ ਕੇ ਆਪਣੀ ਖ਼ਾਸ ਸ਼ਨਾਖ਼ਤ ਕਾਇਮ ਕੀਤੀ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੇ ਹਰ ਖੇਤਰ ਵਿਚ ਉਚ ਪੱਧਰੀ ਮੱਲਾਂ ਮਾਰੀਆਂ ਹਨ।ਡਾ. ਪੰਜਾਬੀ ਨੇ ਔਰਤ ਦੇ ਹਵਾਲੇ ਨਾਲ ਵੈਦਿਕ ਯੁੱਗ ਤੋਂ ਲੈ ਕੇ ਹੁਣ ਤੱਕ ਦੀ ਸਥਿਤੀ ਨੂੰ ਉਦਾਹਰਣਾਂ ਸਹਿਤ ਦਿਲਚਸਪੀ ਨਾਲ ਪ੍ਰਸਤੁੱਤ ਕੀਤਾ।ਇਸ ਮੌਕੇ ਕਾਲਜ ਦੀਆਂ ਬਹੁਗਿਣਤੀ ਵਿਦਿਆਰਥਣਾਂ ਨੇ ਡਾ. ਪੰਜਾਬੀ ਨੂੰ ਔਰਤ ਦੀ ਹੋਂਦ, ਹੋਣੀ, ਸੰਘਰਸ਼ ਅਤੇ ਪ੍ਰਾਪਤੀਆਂ ਨਾਲ ਸੰਬੰਧਤ ਅਨੇਕ ਸਵਾਲ ਕੀਤੇ ਜਿਨ੍ਹਾਂ ਦੇ ਉਹਨਾਂ ਬਾਖੂਬੀ ਉਤਰ ਦਿੱਤੇ ਅਤੇ ਸਮਾਗਮ ਨੂੰ ਜਿਗਿਆਸਾ ਭਰਪੂਰ ਬਣਾਈ ਰੱਖਿਆ।
ਇਸ ਅਵਸਰ ‘ਤੇ ਕਾਲਜ ਦਾ ਅਧਿਆਪਨ ਅਤੇ ਗੈਰ-ਅਧਿਆਪਨ ਅਮਲਾ ਅਤੇ ਹੋਰ ਖੋਜਾਰਥੀ ਵੀ ਮੌਜੂਦ ਸੀ ਜਿਨ੍ਹਾਂ ਵਿਚ ਡਾ. ਕਮਲ ਕੁਮਾਰ, ਪ੍ਰੋਫੈਸਰ ਗੁਰਸ਼ਰਨ ਕੌਰ ਮਾਨ, ਡਾ. ਮੋਨਿਕਾ ਸਰਹੱਦੀ, ਪ੍ਰੋਫੈਸਰ ਭਾਰਦਵਾਜ, ਪ੍ਰੋਫੈਸਰ ਜਯੋਤੀ, ਪ੍ਰੋਫੈਸਰ ਕਮਲੇਸ਼ ਰਾਣੀ, ਪ੍ਰੋਫੈਸਰ ਬਲਜਿੰਦਰ, ਡਾ. ਜੀ.ਐਸ.ਚੱਠਾ ਅਤੇ ਖੋਜਾਰਥਣ ਹਰਸਿਮਰਤ ਕੌਰ ਆਦਿ ਹਾਜ਼ਰ ਸਨ।
ਇਸ ਦੌਰਾਨ ਡਾ. ਪੰਜਾਬੀ ਦਾ ਕਾਲਜ ਦੇ ਪ੍ਰਿੰਸੀਪਲ ਡਾ. ਬਿੱਕਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਸਨਮਾਨ ਵੀ ਕੀਤਾ ਗਿਆ। ਕਾਲਜ ਦੇ ਸਾਹਿਤਕ ਮੰਚ ਦੀ ਸੰਚਾਲਕ ਪ੍ਰੋਫੈਸਰ ਗੁਰਸ਼ਰਨ ਕੌਰ ਮਾਨ ਦੀ ਸੁਚੱਜੀ ਅਗਵਾਈ ਹੇਠ ਸੰਪੰਨ ਹੋਏ ਇਸ ਸਮਾਗਮ ਦਾ ਬਾਖੂਬੀ ਸੰਚਾਲਨ ਡਾ. ਕਮਲ ਕੁਮਾਰ ਨੇ ਕੀਤਾ।

Leave a Reply

Your email address will not be published. Required fields are marked *