ਵਿਧਾਨ ਸਭਾ ਦੇ ਘਿਰਾਓ ਲਈ ਵਿਧਾਇਕ ਚੰਦੂਮਾਜਰਾ ਦੀ ਅਗਵਾਈ ਹੇਠ ਰਵਾਨਾ ਹੋਏ ਅਕਾਲੀ ਆਗੂ ਤੇ ਵਰਕਰ
ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਅਕਾਲੀ ਦਲ ਨੂੰ ਵਿਧਾਨ ਸਭਾ ਦਾ ਕਰਨਾ ਪੈ ਰਿਹੈ ਘਿਰਾਓ
ਪਟਿਆਲਾ, 20 ਮਾਰਚ (ਮਧੂਸਾਰ ਬਿਊਰੋ) ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਅੱਜ ਸੈਂਕੜੇ ਦੀ ਗਿਣਤੀ ਵਿਚ ਹਲਕਾ ਸਨੌਰ ਤੋਂ ਅਕਾਲੀ ਵਰਕਰ ਤੇ ਆਗੂ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਪਹੁੰਚੇ।
ਗੁਰਦੁਆਰਾ ਸ੍ਰੀ ਨੌਵੀਂ ਪਾਤਸ਼ਾਹੀ ਤੋਂ ਆਗੂ ਤੇ ਵਰਕਰ ਰਵਾਨਾ ਹੋਏ, ਜਿਥੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਸਨੌਰ ਤੇ ਪਟਿਆਲਾ ਜ਼ਿਲੇ ਦੇ ਇਕੋ ਇਕ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੂੰਗੀ ਤੇ ਬੋਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਅਕਾਲੀ ਦਲ ਨੂੰ ਵਿਧਾਨ ਸਭਾ ਦਾ ਘਿਰਾਓ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਕੋਈ ਪੂਰਾ ਨਹੀਂ ਕੀਤਾ ਪਰ ਜਿਸ ਤਰ੍ਹਾਂ ਕਾਂਗਰਸ ਸਰਕਾਰ ਸ਼ਰੇਆਮ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰ ਰਹੀ ਹੈ, ਉਸ ਨੂੰ ਅਕਾਲੀ ਦਲ ਕਿਸੇ ਕੀਮਤ ‘ਤੇ ਸਹਿਨ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਪੰਥ, ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ। ਹੁਣ ਵੀ ਉਹ ਇਸ ਵਿਚ ਪਿੱਛੇ ਨਹੀਂ ਹਟਣਗੇ ਤੇ ਕਾਂਗਰਸ ਸਰਕਾਰ ਨੂੰ ਕਿਸੇ ਵੀ ਕੀਮਤ ‘ਤੇ ਵਾਅਦਿਆਂ ਤੋਂ ਮੁਕਰਨ ਨਹੀਂ ਦੇਣਗੇ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਉਹ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਦੋਵਾਂ ਪਾਸੇ ਸਰਕਾਰ ਤੋਂ ਜਵਾਬ ਮੰਗਣਗੇ ਕਿ ਆਖਰ ਉਨ੍ਹਾਂ ਵਲੋਂ ਕਰਜਾ ਮੁਆਫੀ, ਘਰ-ਘਰ ਰੁਜ਼ਗਾਰ, ਮੋਬਾਈਲ ਫੋਨ ਆਦਿ ਵਰਗੇ ਵੱਡੇ ਵਾਅਦੇ ਹੀ ਨਹੀਂ ਸਗੋਂ ਉਸ ਦੇ ਉਲਟ ਕਿਸ ਹੈਸੀਅਤ ਨਾਲ ਲੋਕਾਂ ਦੇ ਰੁਜ਼ਗਾਰ ਖੋਹੇ ਜਾ ਰਹੇ ਹਨ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਅੱਜ ਕਾਂਗਰਸੀਆਂ ਦਾ ਧਿਆਨ ਦੜ੍ਹਾ ਸੱਟਾ, ਮਾਈਨਿੰਗ ਅਤੇ ਲੁੱਟਾਂ ਖੋਹਾਂ ‘ਤੇ ਲੱਗਿਆ ਹੋਇਆ ਹੈ। ਦੂਜੇ ਪਾਸੇ ਪੰਜਾਬ ਆਰਥਿਕ ਮੰਦਹਾਲੀ ਦੇ ਕਿਨਾਰੇ ਪਹੁੰਚ ਚੁੱਕਾ ਹੈ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਜੈ ਸਿੰਘ ਡਕਾਲਾ, ਈਸ਼ਰ ਸਿੰਘ ਅਬਲੋਵਾਲ, ਸੁਖਬੀਰ ਸਿੰਘ ਅਬਲੋਵਾਲ, ਸੁਖਵਿੰਦਰਪਾਲ ਸਿੰਘ ਮਿੰਟਾ, ਜਗਜੀਤ ਸਿੰਘ ਕੋਹਲੀ, ਮੂਸਾ ਖਾਨ, ਸੰਦੀਪ ਸਿੰਘ ਰਾਜਾ ਤੁੜ, ਜਰਨੈਲ ਸਿੰਘ ਅਲੀਪੁਰ, ਭੋਲਾ ਸਿੰਘ ਈਸਰਹੇੜੀ, ਜਗਜੀਤ ਸਿੰਘ ਕੋਹਲੀ, ਦਲਜੀਤ ਸਿੰਘ ਕੋਹਲੀ, ਕ੍ਰਿਸ਼ਨ ਸਨੌਰ, ਇੰਦਰ ਸਿੰਘ ਛਿੰਦੀ, ਭੁਪਿੰਦਰ ਸਿੰਘ ਸ਼ੇਖੂਪੁਰਾ, ਕੁਲਦੀਪ ਸਿੰਘ ਹਰਪਾਲਪੁਰ, ਸਤਪਾਲ ਸਿੰਘ ਪੂਨੀਆ, ਜਤਿੰਦਰ ਸਿੰਘ ਮੁਹੱਬਤਪੁਰਾ, ਜਤਿੰਦਰ ਪਹਾੜਪੁਰ, ਲਾਡੀ ਪਹਾੜੀਪੁਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

