ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਹੋਈ 67 ਲੱਖ ਰੁਪਏ ਦੀ ਧਾਂਦਲੀ ਦਾ ਰਹੱਸ ਖੁੱਲ੍ਹਿਆ
ਕਾਲਜ ਫੰਡਾਂ ਦੀ ਦੁਰਵਰਤੋਂ ਬਾਰੇ ਕਾਲਜ ਦੀ ਆਡਿਟ ਰਿਪੋਰਟ ‘ਚ ਹੋਇਆ ਖੁਲਾਸਾ
2011 ਵਿਚ ਕੀਤੀਆਂ ਐਡਹਾਕ ‘ਤੇ ਨਿਯੁਕਤੀਆਂ
ਪਟਿਆਲਾ 5 ਅਪ੍ਰੈਲ (ਮਧੂਸਾਰ ਬਿਊਰੋ) ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ਤੋਂ ਬਾਦ ਦਿਨ-ਬ-ਦਿਨ ਸ਼੍ਰੋਮਣੀ ਅਧਿਕਾਰੀਆਂ ਵੱਲੋਂ ਵਿੱਦਿਅਕ ਅਦਾਰਿਆਂ ‘ਚ ਕੀਤੀਆਂ ਗਈਆਂ ਬੇਨਿਯਮੀਆਂ ਤੋਂ ਵੀ ਪਰਦਾ ਉਠਣਾ ਸ਼ੁਰੂ ਹੋ ਗਿਆ, ਜਿਸ ਦੀ ਸ਼ੁਰੂਆਤ ਮਾਤਾ ਗੁਜਰੀ ਫਤਹਿਗੜ੍ਹ ਸਾਹਿਬ ਵਿਖੇ ਕੀਤੀਆਂ 71 ਦੇ ਕਰੀਬ ਉਹ ਨਿਯੁਕਤੀਆਂ ਹਨ, ਜੋ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀਆਂ ਗਈਆਂ ਸਨ।
ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਤਤਕਾਲੀ ਪ੍ਰਿੰਸੀਪਲ, ਜੋ ਅੱਜ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਿਆ ਡਾਇਰੈਕਟਰ ਦੇ ਅਹੁਦੇ ਤੇ ਤਾਇਨਾਤ ਹਨ, ਵਲੋਂ ਬਿਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਸਾਲ 2011 ‘ਚ 70 ਦੇ ਕਰੀਬ ਵਿਅਕਤੀਆਂ ਨੂੰ ਐਡਹਾਕ ‘ਤੇ ਕਰਨ ਦਾ ਮਾਮਲਾ ਸ਼ਾਂਤ ਹੁੰਦਾ ਵਿਖਾਈ ਨਹੀਂ ਦੇ ਰਿਹਾ ਹੈ,ਉਥੇ ਹੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਤਤਕਾਲੀ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਸਿੱਧੂ ਵਲੋਂ ਆਪਣੇ ਕਾਰਜ਼ਕਾਲ ਦੋਰਾਨ ਕਥਿਤ ਤੋਰ ਤੇ ਕੀਤੀ ਗਈ ਇਕ ਹੋਰ ਧਾਂਦਲੀ ਦਾ ਰਹੱਸ ਉਸ ਸਮੇਂ ਖੁੱਲ੍ਹਦਾ ਨਜ਼ਰ ਆਇਆ ਜਦੋਂ ਮਾਤਾ ਗੁਜਰੀ ਕਾਲਜ ਦੇ ਫੰਡਾਂ ਵਿਚੋਂ 67 ਲੱਖ ਰੁਪਏ ਦੇ ਫੰਡਾਂ ਨੂੰ ਡਕਾਰ ਲਿਆ ਗਿਆ।
ਜਾਣਕਾਰੀ ਅਨੁਸਾਰ ਡਾਇਰਕੈਟਰ ਜਤਿੰਦਰ ਸਿੰਘ ਸਿੱਧੂ ਜ਼ਿਨ੍ਹਾਂ ਨੇ ਪਿਛਲੇ ਵਰ੍ਹੇ ਮਾਤਾ ਗੁਜਰੀ ਕਾਲਜ ਤੋਂ ਅਸਤੀਫਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਿਆ ਡਾਇਰੈਕਟਰ ਵਜੋਂ ਜੁਆਇੰਨ ਕਰ ਲਿਆ ਸੀ ਨੇ ਮਾਤਾ ਗੁਜਰੀ ਕਾਲਜ ਵਿਚ ਪ੍ਰਿੰਸੀਪਲ ਦੇ ਅਹੁਦੇ ਤੇ ਨਿਯੁਕਤੀ ਉਪਰੰਤ ਡੀ.ਪੀ.ਆਈ ਤੋਂ ਆਪਣੀ ਤਨਖਾਹ ਸਕੇਲ ਵਿਚ ਸੋਧ ਕਰਵਾਉਣੀ ਸੀ, ਜੋ ਕਿ ਉਨ੍ਹਾਂ ਨੇ ਨਹੀਂ ਕਰਵਾਈ। ਡੀ.ਪੀ.ਆਈ ਤੋਂ 95ਫੀਸਦੀ ਸੋਧੇ ਹੋਏ ਸਕੇਲਾਂ ਵਿਚ ਤਨਖਾਹ ਦੀ ਗ੍ਰਾਂਟ ਆਉਂਦੀ ਹੈ ਪਰ ਸ. ਸਿੱਧੂ ਵਲੋਂ ਆਪਣੀ ਨਿਯੁੱਕਤੀ ਦੀ ਤਨਖਾਹ ਸਕੇਲ ਵਿਚ ਸੋਧ ਨਾ ਕਰਵਾਉਣ ਕਰਕੇ ਪੰਜਾਬ ਸਰਕਾਰ ਤੋਂ ਅਣਸੋਧੀ ਹੋਈ ਗ੍ਰਾਂਟ ਆਉਂਦੀ ਰਹੀ, ਜਿਸ ਦੀ ਦੁਰਵਰਤੋਂ ਕਰਦੇ ਹੋਏ ਸ. ਸਿੱਧੂ ਕਾਲਜ ਦੇ ਫੰਡਾਂ ਵਿਚੋਂ ਹੀ ਸੋਧੀ ਹੋਈ ਤਨਖਾਹ ਕਢਵਾਉਂਦੇ ਰਹੇ, ਜਿਸ ਨਾਲ ਕਾਲਜ ਦੇ ਫੰਡਾਂ ਦੀ ਦੁਰਵਰਤੋਂ ਕਰਦਿਆਂ ਕਾਲਜ ਦੇ 67 ਲੱਖ ਰੁਪਏ ਦੇ ਕਰੀਬ ਫੰਡਾਂ ਦੀ ਵਰਤੋਂ ਕੀਤੀ ਗਈ। ਇਹ ਪੋਲ ਉਸ ਸਮੇਂ ਖੁੱਲ੍ਹਕੇ ਸਾਹਮਣੇ ਜਦੋਂ ਕਾਲਜ ਦੀ ਆਡਿਟ ਰਿਪੋਰਟ ਵਿਚ ਵੀ ਸ. ਸਿੱਧੂ ਵਲੋਂ ਲਗਭਗ 67 ਲੱਖ ਰੁਪਏ ਕਾਲਜ ਫੰਡਾਂ ਵਿਚੋਂ ਕਢਵਾਏ ਜਾਣ ਦਾ ਕਥਿਤ ਇਤਰਾਜ ਲਗਾਇਆ ਗਿਆ।
ਜਾਣਕਾਰੀ ਅਨੁਸਾਰ ਕਾਲਜ ਦੇ ਤਤਕਾਲੀ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਸਿੱਧੂ ਵੱਲੋਂ ਐਡਹਾਕ ਪੱਧਰ ਤੇ ਕੀਤੀਆਂ ਨਿਯੁਕਤੀਆਂ ‘ਚ ਪ੍ਰੀਖਿਆ ਕੰਟਰੋਲਰ, ਕਲਰਕ, ਡਰਾਈਵਰ, ਸਫਾਈ ਸੇਵਕ, ਮਾਲੀ, ਨਰਸ, ਲੱਕੜ ਮਿਸਤਰੀ ਤੇ ਲੈਬ ਅਟੇਂਡੈਟ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਹ ਐਡਹਾਕ ਨਿਯੁੱਕਤੀਆਂ ਇਕ ਸਾਲ ਜਾਂ ਦੋ ਸਾਲ ਦੇ ਸਮੇਂ ਲਈ ਕੀਤੀਆਂ ਗਈਆਂ ਸਨ ਪਰ ਨਾ ਤਾਂ ਇਨ੍ਹਾਂ ਦਾ ਐਡਹਾਕ ਸਮਾਂ ਸਮਾਪਤ ਹੋਣ ਤੇ ਇਨ੍ਹਾਂ ਨਿਯੁਕਤੀਆਂ ਨੂੰ ਨਵਿਆਇਆ ਗਿਆ ਤੇ ਨਾ ਹੀ ਇਨ੍ਹਾਂ ਵਿਅਕਤੀਆਂ ਨੂੰ ਨਿਯੁੱਕਤੀ ਪੱਤਰ ਦਿੱਤੇ ਗਏ।
ਕੰਟਰੈਕਟ ਨਵਿਆਏ ਨਹੀਂ ਗਏ : ਪ੍ਰਿੰਸੀਪਲ ਕਸ਼ਮੀਰ ਸਿੰਘ
ਇਸ ਸਬੰਧੀ ਕਾਲਜ ਦੇ ਮੌਜੂਦਾ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਆਇਆ ਤਾਂ ਉਨ੍ਹਾਂ ਨੇ ਜਨਵਰੀ 2018 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਿਆ ਡਾਇਰੈਕਟਰ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਜਾਣਕਾਰੀ ਭੇਜ ਦਿੱਤੀ ਸੀ। ਉਨ੍ਹਾਂ ਦੱਸਿਆ ਕਿ 2011 ਵਿਚ ਕੀਤੀਆਂ ਕਈ ਐਡਹਾਕ ਨਿਯੁੱਕਤੀਆਂ 2013 ਅਤੇ 2014 ਵਿਚ ਨਵਿਆਉਣਯੋਗ ਸਨ ਪਰ ਉਨ੍ਹਾਂ ਦੇ ਕੰਟਰੈਕਟ ਨਵਿਆਏ ਨਹੀਂ ਗਏ ਤੇ ਉਹ ਹੁਣ ਤੱਕ ਕਾਲਜ ਫੰਡਾਂ ਵਿਚੋਂ ਤਨਖਾਹਾਂ ਲੈ ਰਹੇ ਹਨ।

