ਸ੍ਰੀ ਅਕਾਲ ਤਖਤ ਸਾਹਿਬ ਤੋਂ ਫਿਲਮ ਨਿਰਦੇਸ਼ਕ ਨੂੰ ਸਿੱਖ ਪੰਥ ‘ਚੋਂ ਛੇਕਣ ਦਾ ਐਲਾਨ
ਗੰਭੀਰ ਸਿੱਟਿਆਂ ਲਈ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਜਿੰਮੇਵਾਰ ਹੋਣਗੀਆਂ : ਪੰਜ ਸਿੰਘ ਸਾਹਿਬਾਨ
ਅੰਮ੍ਰਿਤਸਰ 12 ਅਪ੍ਰੈਲ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਫਿਲਮ ਨਾਨਕ ਸ਼ਾਹ ਫਕੀਰ ਦੀ ਰਲੀਜ਼ਿੰਗ ਦੇ ਚੱਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ ਸਿੰਘ ਸਾਹਿਬਾਨਾਂ ਦੀ ਇਕੱਤਰਤਾ ‘ਚ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ‘ਚ ਭਾਰੀ ਰੋਸ ਨੂੰ ਵੇਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਫਿਲਮ ਦੇ ਨਿਰਦੇਸ਼ਕ ਹਰਿੰਦਰ ਸਿੰਘ ਨੂੰ ਸਿੱਖ ਪੰਥ ‘ਚੋ ਛੇਕਣ ਦਾ ਐਲਾਨ ਕਰ ਦਿੱਤਾ ਹੈ।
ਇਕੱਤਰਤਾ ਤੋਂ ਬਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਨਾਨਕ ਸ਼ਾਹ ਫਕੀਰ” ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਵਲੋਂ ਤਿਆਰ ਕਰਾਈ ਗਈ ਵਿਵਾਦਿਤ ਫਿਲਮ ਕਾਰਣ ਵਿਸ਼ਵ ਭਰ ਦੀਆਂ ਸਿੱੱਖ ਸੰਗਤਾਂ ਵਿੱਚ ਭਾਰੀ ਰੋਸ ਨੂੰ ਵੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਫਿਲਮ ਨੂੰ ਰਿਲੀਜ਼ ਕਰਨ ਉਤੇ ਪੂਰਨ ਰੂਪ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਜਾਰੀ ਹੋਈਆਂ ਸਾਰੀਆਂ ਹੀ ਪੱਤਰਕਾਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਦੇ ਬਾਵਜੂਦ ਪੰਥ ਦੀਆਂ ਭਾਵਨਾਵਾਂ ਨੂੰ ਅਣਡਿੱਠ ਕਰਦਿਆਂ ਹਰਿੰਦਰ ਸਿੰਘ ਕਾਨੂੰਨੀ ਹੱਥਕੰਡੇ ਵਰਤ ਕੇ 13 ਅਪ੍ਰੈਲ 2018 ਨੂੰ ਫਿਲਮ ਰਿਲੀਜ਼ ਕਰਨ ਲਈ ਬਜਿੱਦ ਹੈ ਜੋ ਸਿੱਖ ਕੌਮ ਦਾ ਘਾਣ ਕਰਵਾਉਣ ਲਈ ਰਚੀ ਗਈ ਇੱਕ ਕੋਝੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਜ਼ਿਕਰ ਕਰਦਿਆਂ ਕਿ ਪਹਿਲਾਂ ਵੀ ਸਿੱਖੀ ਭੇਖ ਵਿੱਚ ਨਰਕਧਾਰੀਆਂ ਨੇ 1978 ਦੀ ਵਿਸਾਖੀ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਖੂਨ ਦੀ ਹੋਲੀ ਖੇਡੀ ਜਿਸ ਦੇ ਗੰਭੀਰ ਨਤੀਜੇ ਨਿਕਲੇ। ਹਰਿੰਦਰ ਸਿੰਘ ਵੀ ਮੁੜ ਸਿੱਖਾਂ ਦਾ ਖੂਨ ਡੋਲਣ ਲਈ ਰਚੀ ਗਈ ਸਾਜਿਸ਼ ਦਾ ਇੱਕ ਮੋਹਰਾ ਬਣ ਕੇ ਨਿੰਦਣਯੋਗ ਰੋਲ ਨਿਭਾ ਰਿਹਾ ਹੈ ਜੋ ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਫਿਲਮ ਨੂੰ ਰਿਲੀਜ਼ ਕਰਨ ਲਈ ਬਜਿੱਦ ਹੈ ।
ਉਨ੍ਹਾਂ ਕਿਹਾ ਕਿ ਅੱਜ ਦੀ ਇਕੱਤਰਤਾ ‘ਚ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਗਿਆ ਹੈ ਕਿ ਹਰਿੰਦਰ ਸਿੰਘ ਦੇ ਹੱਠੀ ਵਤੀਰੇ ਨੂੰ ਵੇਖਦਿਆਂ ਉਸਨੂੰ ਪੰਥ ਵਿੱਚੋ ਛੇਕਿਆ ਜਾਂਦਾ ਹੈ ਅਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਉਹ ਹਰਿੰਦਰ ਸਿੰਘ ਨਾਲ ਕਿਸੇ ਕਿਸਮ ਦੀ ਵੀ ਕੋਈ ਸਮਾਜਿਕ,ਧਾਰਮਿਕ ਅਤੇ ਰੋਟੀ-ਬੇਟੀ ਦੀ ਸਾਂਝ ਨਾ ਰੱਖਣ।
ਸਿੰਘ ਸਾਹਿਬਾਨ ਨੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਪ੍ਰਧਾਨ ਸ਼੍ਰੋਮਣੀ ਗੁ:ਪ੍ਰ:ਕਮੇਟੀ, ਪ੍ਰਧਾਨ ਦਿੱਲੀ ਸਿੱਖ ਗੁ:ਪ੍ਰ:ਕਮੇਟੀ ਤੇ ਸਿੱਖ ਐਮ.ਪੀਜ਼ ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਤੁਰੰਤ ਮਿਲ ਕਿ ਸਿੱਖ ਭਾਵਨਾਵਾਂ ਤੋਂ ਜਾਣੂ ਕਰਵਾਉਣ ਤੇ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਵਲੋਂ ਫਿਲਮ ‘ਤੇ ਪਾਬੰਧੀ ਨਹੀ ਲਗਾਈ ਜਾਂਦੀ ਤਾਂ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਜਿੰਮੇਵਾਰ ਹੋਣਗੀਆਂ, ਜੇਕਰ ਕੋਈ ਵੀ ਸਿਨੇਮਾਕਾਰ ਇਹ ਫਿਲਮ ਆਪਣੇ ਸਿਨੇਮੇ ਘਰ ਵਿੱਚ ਰਿਲੀਜ਼ ਕਰਦਾ ਹੈ ਤਾਂ ਉਹ ਸਿਨੇਮਾ ਦੇ ਹੋਣ ਵਾਲੇ ਨੁਕਸਾਨ ਦਾ ਖੁਦ ਜਿੰਮੇਵਾਰ ਹੋਵੇਗਾ। ਪੰਜ ਸਿੰਘ ਸਾਹਿਬਾਨ ਵਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਸ਼ਾਂਤਮਈ ਢੰਗ ਨਾਲ ਫਿਲਮ ਦਾ ਵਿਰੋਧ ਕਰਨ ਤੇ ਫਿਲਮ ਦਾ ਮੁਕੰਮਲ ਰੂਪ ਵਿੱਚ ਬਾਈਕਾਟ ਕਰਨ।

