ਸੁਪਰੀਮ ਕੋਰਟ ‘ਚ ਕੋਈ ਵੱਖਰਾ ਸਟੈਂਡ ਨਹੀਂ ਸੀ ਲਿਆ ਜਾ ਸਕਦਾ-ਕੈਪਟਨ ਅਮਰਿੰਦਰ ਸਿੰਘ
ਜੱਜਾਂ ਵੱਲੋਂ ਸਿੱਧੂ ਦੇ ਸਮਾਜ ਤੇ ਦੇਸ਼ ਪ੍ਰਤੀ ਯੋਗਦਾਨ ਨੂੰ ਵਿਚਾਰਨ ਦੀ ਉਮੀਦ ਜ਼ਾਹਰ ਕੀਤੀ
ਪੰਜਾਬ ਕਾਂਗਰਸ ਦੇ ਮੁਖੀ ਦੇ ਵਾਕਆਊਟ ਕਰਨ ਦੀ ਕਥਿਤ ਘਟਨਾ ਬਾਰੇ ਸਪੱਸ਼ਟੀਕਰਨ, ਮੈਂ ਹਮੇਸ਼ਾ ਜਾਖੜ ਦਾ ਸਮਰਥਨ ਕੀਤਾ -ਮੁੱਖ ਮੰਤਰੀ
ਸੁਰੇਸ਼ ਕੁਮਾਰ ਕੇ ਮਾਮਲੇ ਅਤੇ ਪੁਲੀਸ ਵਿੱਚ ਵਿਰੋਧੀ ਸੁਰਾਂ ਨੂੰ ਸ਼ਖਸੀਅਤਾਂ ਦਾ ਟਕਰਾਅ ਦੱਸਿਆ
ਚੰਡੀਗੜ੍ਹ, 13 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਕੇਸ ਵਿੱਚ ਸਰਕਾਰ ਦੇ ਸਟੈਂਡ ਦੀ ਪੈਰਵੀ ਕਰਦਿਆਂ ਆਖਿਆ ਕਿ ਇਸ ਸਬੰਧੀ ਸਰਕਾਰ ਕੋਲ ਇਕੋ-ਇਕ ਕਾਨੂੰਨ ਬਦਲ ਮੌਜੂਦ ਸੀ ਪਰ ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਸਮਾਜ ਤੇ ਦੇਸ਼ ਲਈ ਸ੍ਰੀ ਸਿੱਧੂ ਦਾ ਯੋਗਦਾਨ ਦੇਖਦੇ ਹੋਏ ਹੀ ਜੱਜ ਆਪਣਾ ਅੰਤਮ ਫੈਸਲਾ ਲੈਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਪਹਿਲਾਂ ਸਰਕਾਰ ਵੱਲੋਂ ਲਏ ਗਏ ਸਟੈਂਡ ਦੇ ਮੱਦੇਨਜ਼ਰ ਹੀ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਕੋਈ ਹੋਰ ਵੱਖਰਾ ਸਟੈਂਡ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਅਦਾਲਤ ਦੀ ਸਵੱਲੀ ਨਜ਼ਰ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਜਿਹਾ ਕਰ ਲੈਂਦੇ ਤਾਂ ਸਾਡੇ ‘ਤੇ ਦੋਸ਼ ਲੱਗਣੇ ਸਨ ਕਿ ਹੁਣ ਝੂਠ ਮਾਰਿਆ ਗਿਆ ਜਾਂ ਪਹਿਲਾਂ। ਉਨ੍ਹਾਂ ਕਿਹਾ ਕਿ ਉਹ ਨਿਆਂਇਕ ਮਾਮਲਿਆਂ ਵਿੱਚ ਸਿਆਸਤ ਖੇਡਣ ‘ਚ ਵਿਸ਼ਵਾਸ ਨਹੀਂ ਰੱਖਦੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸ੍ਰੀ ਸਿੱਧੂ ਨੂੰ ਬਚਪਨ ਤੋਂ ਜਾਣਦੇ ਹਨ। ਉਹ ਲੋਕਾਂ ਦੀ ਲੋੜ ਪੈਣ ‘ਤੇ ਹੱਦੋਂ ਵੱਧ ਸੇਵਾ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਨੂੰ ਪਸੰਦ ਨਾ ਕਰਨ ਦੇ ਦੋਸ਼ਾਂ ਨੂੰ ਰੱਦ ਕੀਤਾ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਪਾਰਟੀ ਆਗੂ ਨਾਲ ਨਾਰਾਜ਼ ਨਹੀਂ ਹਨ ਜਿਵੇਂ ਕਿ ਮੀਡੀਆ ਦੇ ਇਕ ਹਿੱਸੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸ੍ਰੀ ਸਿੱਧੂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਦਾ ਹੀ ਨਿੱਜੀ ਤੌਰ ‘ਤੇ ਹਮਾਇਤ ਕਰਦੇ ਰਹੇ ਹਨ।
ਦੋ ਦਿਨ ਪਹਿਲਾਂ ਸ੍ਰੀ ਜਾਖੜ ਵੱਲੋਂ ਮੁੱਖ ਮੰਤਰੀ ਨੂੰ ਮਿਲੇ ਬਿਨਾਂ ਚਲੇ ਜਾਣ ਦੀ ਘਟਨਾ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਉਨ੍ਹਾਂ ਨੂੰ ਮਿਲਣ ਦਾ ਤੈਅ ਪ੍ਰੋਗਰਾਮ ਸੀ ਪਰ ਇਸ ਦੌਰਾਨ ਇਕ ਅਨਿਸ਼ਚਿਤ ਮੀਟਿੰਗ ਆ ਗਈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਸ੍ਰੀ ਜਾਖੜ ਨੂੰ ਉਸ ਕਮਰੇ ਵਿੱਚ ਜਾਣ ਲਈ ਆਖਿਆ ਸੀ ਜਿੱਥੇ ਮੀਟਿੰਗ ਕੀਤੀ ਜਾਣੀ ਸੀ ਪਰ ਸ੍ਰੀ ਜਾਖੜ ਨੇ ਉਡੀਕ ਨਾ ਕਰਕੇ ਜਾਣ ਦਾ ਫੈਸਲਾ ਲਿਆ। ਸ਼ਾਇਦ ਉਨ੍ਹਾਂ ਨੂੰ ਕੋਈ ਹੋਰ ਕੰਮ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਸ੍ਰੀ ਜਾਖੜ ਦਾ ਕੇਸ ਪਾਰਟੀ ਵਿੱਚ ਲੀਡਰਸ਼ਿਪ ਲਈ ਪੇਸ਼ ਕੀਤਾ। ਇੱਥੋਂ ਤੱਕ ਗੁਰਦਾਸਪੁਰ ਜ਼ਿਮਨੀ ਚੋÎਣ ਲਈ ਉਨ੍ਹਾਂ ਦਾ ਕੇਸ ਪੇਸ਼ ਕੀਤਾ ਸੀ।
ਫ਼ੇਸਬੁੱਕ ਅਤੇ ਯੂ-ਟਿਊਬ ਉਤੇ ਇੰਟਰਵਿਊ ਦੌਰਾਨ ਮੁੱਖ ਮੰਤਰੀ ਨੇ ਸੁਰੇਸ਼ ਕੁਮਾਰ ਦੇ ਮਾਮਲੇ, ਪੰਜਾਬ ਪੁਲਿਸ ਵਿਚਲੀ ਖਿੱਚੋਤਾਣ ਅਤੇ ਅਕਾਲੀਆਂ ਬਾਰੇ ਨਰਮ ਰੁਖ਼ ਅਪਨਾਉਣ ਦੇ ਦੋਸ਼ਾਂ ਅਤੇ ਸੂਬਾਈ ਕੈਬਨਿਟ ਵਿੱਚ ਵਿਸਥਾਰ ਵਰਗੇ ਕਈ ਹੋਰਨਾਂ ਮੁੱਦਿਆਂ ਬਾਰੇ ਵੀ ਗੱਲ ਕੀਤੀ।
ਸੁਰੇਸ਼ ਕੁਮਾਰ ਦੇ ਮਾਮਲੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਆਸ ਜਤਾਈ ਕਿ ਇਹ ਮਾਮਲਾ ਅਦਾਲਤ ਵਿੱਚ ਛੇਤੀ ਹੀ ਹੱਲ ਹੋ ਜਾਵੇਗਾ ਪਰ ਉਨ੍ਹਾਂ ਦ੍ਰਿੜ੍ਹਤਾ ਨਾਲ ਆਖਿਆ ਕਿ ਉਨ੍ਹਾਂ ਕੋਲ ਆਪਣੇ ਅਧਿਕਾਰੀ ਚੁਣਨ ਦਾ ਹੱਕ ਸੀ ਜਿਵੇਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਅਧਿਕਾਰੀ ਚੁਣਦੇ ਰਹੇ ਹਨ। ਕੇਂਦਰ ਵਿੱਚ ਪ੍ਰਧਾਨ ਮੰਤਰੀ ਵੀ ਆਪਣੇ ਅਧਿਕਾਰੀਆਂ ਬਾਰੇ ਖ਼ੁਦ ਫ਼ੈਸਲਾ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੁਰੇਸ਼ ਕੁਮਾਰ ਖ਼ਿਲਾਫ਼ ਸਾਰਾ ਮਾਮਲਾ ਨੌਕਰਸ਼ਾਹੀ ਵਿਚਲੇ ਉਨ੍ਹਾਂ ਅਫ਼ਸਰਾਂ ਦੀ ਦੇਣ ਹੈ ਜਿਹੜੇ ਇਸ ਅਫ਼ਸਰ ਨੂੰ ਪਸੰਦ ਨਹੀਂ ਕਰਦੇ।
ਮੁੱਖ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਪੁਲਿਸ ਵਿਚਲੀ ਖਿੱਚੋਤਾਣ ਅਸਲ ਵਿੱਚ ਸ਼ਖ਼ਸੀਅਤ ਦਾ ਟਕਰਾਅ ਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੀ ਸਥਿਤੀ ਹਥਿਆਰਬੰਦ ਬਲਾਂ ਸਣੇ ਪੁਲਿਸ ਫ਼ੋਰਸ ਵਿਚਲੇ ਇਕਤਰਫ਼ਾ ਢਾਂਚੇ ਕਾਰਨ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਬਰਾਬਰ ਤਰੱਕੀਆਂ ਮਿਲਣ ਕਾਰਨ ਰਾਜ ਵਿੱਚ ਅਹੁਦਿਆਂ ਨਾਲੋਂ ਵੱਧ ਡੀ.ਜੀ.ਪੀ. ਅਤੇ ਆਈ.ਜੀ. ਪੱਧਰ ਦੇ ਅਧਿਕਾਰੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇ ਇਹੀ ਵਰਤਾਰਾ ਜਾਰੀ ਰਿਹਾ ਤਾਂ 50 ਸਾਲਾਂ ਵਿੱਚ ਸਿਰਫ਼ ਉੱਚ ਅਧਿਕਾਰੀ ਹੀ ਹੋਣਗੇ ਨਾ ਕਿ ਕੋਈ ਸਿਪਾਹੀ।
ਮੰਤਰੀ ਮੰਡਲ ਦੇ ਵਿਸਥਾਰ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਗਲੇ ਕੁਝ ਦਿਨਾਂ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਕੈਬਨਿਟ ਦੇ ਵਿਸਥਾਰ ਕਰ ਲੈਣ ਦੀ ਆਸ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਜਾਂ ਤਾਂ ਮੰਤਰੀਆਂ ਜਾਂ ਵਿਧਾਨਕ ਸਹਿਯੋਗੀਆਂ ਜਾਂ ਫਿਰ ਬੋਰਡਾਂ/ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਨਿਯਕਤ ਕੀਤਾ ਜਾਵੇਗਾ। ਉਨ੍ਹਾਂ ਨੇ ਆਪਣੀ ਸਰਕਾਰ ਵੱਲੋਂ ਵਿਧਾਨਕ ਸਹਿਯੋਗੀ ਬਣਾਉਣ ਦੇ ਕਦਮ ਦੀ ਪੈਰਵੀ ਕਰਦਿਆਂ ਆਖਿਆ ਕਿ ਸਰਕਾਰ ਦੇ 42 ਵਿਭਾਗ ਹਨ ਅਤੇ ਮੰਤਰੀਆਂ ਵੱਲੋਂ ਇਕੱਲਿਆਂ ਸਾਰੇ ਕੰਮਾਂ ਨਾਲ ਨਜਿੱਠਣਾ ਸੰਭਵ ਨਹੀਂ ਹੈ।
ਮੰਤਰੀਆਂ ਅਤੇ ਪਾਰਟੀ ਵਿਧਾਇਕਾਂ ਵੱਲੋਂ ਆਪਣੇ ਸਰਕਾਰੀ ਕੰਮਕਾਜ ਨਾਲ ਆਪਣਾ ਕਾਰੋਬਾਰ ਕਰਨ ਦੇ ਆਪਣੇ ਸਟੈਂਡ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਈ-ਭਤੀਜਾਵਾਦ ਜਾਂ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆਂ ਗੈਰ-ਕਾਨੂੰਨੀ ਸਰਗਰਮੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਰੇਤ ਖੱਡਾਂ ਦੇ ਸਬੰਧ ਵਿੱਚ ਉਨ੍ਹਾਂ ਨੇ 50 ਹੈਕਟੇਅਰ ਤੋਂ ਘੱਟ ਖੇਤਰ ਵਾਲੇ ਰੇਤ ਖਣਨ ਵਿੱਚ ਜੇ.ਸੀ.ਬੀ. ਮਸ਼ੀਨਾਂ ‘ਤੇ ਪਾਬੰਦੀ ਲਾਉਣ ਵਾਲੇ ਕੇਂਦਰੀ ਕਾਨੂੰਨ ਦੇ ਦੋਸ਼ ਮੜ੍ਹਦੇ ਹੋਏ ਆਖਿਆ ਕਿ ਉਨ੍ਹਾਂ ਦੀ ਸਰਕਾਰ ਇਸ ਮਸਲੇ ਦੇ ਹੱਲ ਲਈ ਕੋਈ ਰਾਹ ਲੱਭੇਗੀ।
ਅਕਾਲੀ ਆਗੂਆਂ ਪ੍ਰਤੀ ਨਰਮ ਰੁਖ ਅਪਨਾਉਣ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਨਰਮੀ ਵਰਤਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਪਰ ਅਕਾਲੀਆਂ ਵੱਲੋਂ ਕੀਤੇ ਮਾੜੇ ਕੰਮਾਂ ਦਾ ਭਾਵ ਇਹ ਨਹੀਂ ਕਿ ਮੈਨੂੰ ਵੀ ਉਸੇ ਰਾਹ ‘ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਸਿਆਸੀ ਬਦਲਾਖੋਰੀ ਦੇ ਰੂਪ ਵਿੱਚ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕਰਨਗੇ।
ਆਪਣੀ ਸਰਕਾਰ ਦੀਆਂ ਵੱਖ-ਵੱਖ ਉਪਲਬਧੀਆਂ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਜ਼ਾ ਰਾਹਤ ਸਕੀਮ ਪੂਰੀ ਤਰ੍ਹਾਂ ਲੀਹ ਉਤੇ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਇਸ ਵਰ੍ਹੇ ਨਵੰਬਰ ਤੱਕ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਕਰਜ਼ੇ ਦੇ ਮੱਕੜ ਜਾਲ ਵਿੱਚੋਂ ਕੱਢਣ ਲਈ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਵਾਸਤੇ ਚੁੱਕੇ ਕਦਮ ਵੀ ਗਿਣਾਏ।
ਮੁੱਖ ਮੰਤਰੀ ਨੇ ਪੰਜਾਬ ਵਿੱਚ ਨਿਵੇਸ਼ ਲਈ ਸਨਅਤਾਂ ਵੱਲੋਂ ਵਿਖਾਈ ਜਾ ਰਹੀ ਰੁਚੀ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਮੀਨ ਪੱਧਰ ‘ਤੇ ਨਿਵੇਸ਼ ਦੇ ਠੋਸ ਨਤੀਜੇ ਪਹਿਲੇ ਹੀ ਦਿਸਣੇ ਸ਼ੁਰੂ ਹੋ ਗਏ ਹਨ ਅਤੇ ਅਗਲੇ ਦੋ-ਤਿੰਨ ਸਾਲਾਂ ਵਿੱਚ ਰਾਜ ਨੂੰ ਇਸ ਖੇਤਰ ਤੋਂ ਫ਼ਾਇਦਾ ਹੁੰਦਾ ਪ੍ਰਤੱਖ ਦਿੱਸੇਗਾ। ਸਨਅਤ ਖੇਤਰ ਦੇ ਸਹਿਯੋਗ ਨਾਲ ਰੁਜ਼ਗਾਰ ਮੇਲੇ ਚੰਗੀ ਤਰ੍ਹਾਂ ਚਲਦੇ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝਣ ਲੱਗੇ ਹਨ ਕਿ ਇਹ ਸਰਕਾਰ ਕੰਮ ਕਰਕੇ ਦਿਖਾ ਰਹੀ ਹੈ।

