ਕਠੂਆ ਵਿਚ ਹੋਏ ਰੇਪ ਨੇ ਹਿੰਦੁਸਤਾਨ ਦੀ ਮਾਨਸਿਕਤਾ ਨੂੰ ਵਲਧੂੰਰਿਆ
ਪਟਿਆਲਾ: 16 ਅਪ੍ਰੈਲ (ਮਧੂਸਾਰ ਬਿਊਰੋ) ਅੱਠ ਸਾਲ ਦੀ ਮਾਸੂਮ ਬੱਚੀ ਨਾਲ ਕਠੂਆ ਵਿਚ ਹੋਏ ਰੇਪ ਨੇ ਹਿੰਦੁਸਤਾਨ ਦੀ ਮਾਨਸਿਕਤਾ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ।
ਮਨੁੱਖ ‘ਤੇ ਸ਼ੈਤਾਨੀਅਤ ਇਸ ਕਦਰ ਭਾਰੂ ਹੋ ਸਕਦੀ ਹੇ, ਇਹ ਕਿਸੇ ਦੇ ਚੇਤਿਆਂ ਦਾ ਵੀ ਭਾਗ ਨਹੀਂ ਸੀ। ਇਹ ਸ਼ਬਦ ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਸਾਹਮਣੇ ਸਮੂਹ ਅਧਿਆਪਨ, ਗੈਰ-ਅਧਿਆਪਨ ਅਤੇ ਸਮੂਹ ਵਿਦਿਆਰਥੀਆਂ ਵੱਲੋਂ ਆਸਿਫਾ ਰੇਪ ਕੇਸ ਵਿਰੁੱਧ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਡਾ. ਸਰਬਜਿੰਦਰ ਸਿੰਘ, ਪ੍ਰੋਫੈਸਰ ਅਤੇ ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਚੇਅਰਮੈਨ ਭਾਈ ਗੁਰਦਾਸ ਚੇਅਰ ਨੇ ਕਹੇ। ਉਨ੍ਹਾਂ ਕਿਹਾ ਕਿ ਮਨੁੱਖਤਾ ਸ਼ਰਮਸ਼ਾਰ ਹੋ ਗਈ ਹੈ ਤੇ ਹਿੰਦੁਸਤਾਨ ਦੀ ਮਾਨਸਿਕਤਾ ਵਲੂੰਧਰੀ ਗਈ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਪੱਤਰ ਵਿਹਾਰ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਡਾ. ਸਤਨਾਮ ਸਿੰਘ ਨੇ ਕਿਹਾ ਹਿੰਦੁਸਤਾਨ ਦੇ ਬਸ਼ਿੰਦਿਆਂ ਦੇ ਸਾਹਮਣੇ ਪ੍ਰਸ਼ਨ ਖੜ੍ਹੇ ਹੋ ਗਏ ਹਨ। ਇਸ ਅਸੁਰੱਖਿਅਤ ਮਾਹੌਲ ਵਿਚ ਜੀਆ ਕਿਵੇਂ ਜਾਵੇ, ਅੱਜ ਦਾ ਮੂਲ ਪ੍ਰਸ਼ਨ ਬਣ ਗਿਆ ਹੈ। ਜੇਕਰ ਬਦਇਖਲਾਕੀ ਦਾ ਇਹੀ ਦੌਰ ਚਾਲੂ ਰਿਹਾ ਤਾਂ ਹਿੰਦੁਸਤਾਨ ਦਾ ਹਰ ਸੁਜੱਗ ਬਸ਼ਿੰਦਾ ਇਥੋਂ ਹਿਜ਼ਰਤ ਕਰ ਆਪਣੇ ਨਵੇਂ ਰਾਹਾਂ ਦੀ ਤਲਾਸ਼ ਕਰ ਲਵੇਗਾ। ਮਨੋਵਿਗਿਆਨਕ ਵਿਭਾਗ ਦੀ ਪ੍ਰੋਫੈਸਰ ਡਾ. ਨੈਨਾ ਸ਼ਰਮਾ ਨੇ ਕਿਹਾ ਕਿ ਆਫਿਸਾ ਰੇਪ ਕੇਸ ਹੈਵਾਨੀਅਤ ਦਾ ਸਿਖਰ ਹੈ। ਕੀ ਮਨੁੱਖ ਦੀ ਆਤਮਾ ਮੂਲੋਂ ਹੀ ਮਰ ਚੁੱਕੀ ਹੇ। ਉਨ੍ਹਾਂ ਕਿਹਾ ਕਿ ਧਾਰਮਿਕ ਸਥਲ ‘ਤੇ ਹੋਏ ਇਸ ਘਿਨਾਉਣੇ ਜ਼ੁਰਮ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤੀਆਂ ਦੇ ਮਾਣ ਮਰਯਾਦਾ ਅਤੇ ਮਾਨ-ਸਨਮਾਨ ਨੂੰ ਪ੍ਰਸ਼ਨਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ। ਗੈਰ-ਅਧਿਆਪਨ ਅਮਲੇ ਦੇ ਡਾ. ਸਤਵਿੰਦਰ ਸਿੰਘ ਅਤੇ ਡਾ. ਪਰਮਜੀਤ ਕੌਰ ਨੇ ਕਿਹਾ ਕਿ ਆਸਿਫਾ ਨੂੰ ਇਨਸਾਫ ਦਿਵਾਉਣ ਲਈ ਪੰਜਾਬੀ ਯੂਨੀਵਰਸਿਟੀ ਦਾ ਪਰਿਵਾਰ ਇਸ ਤੋਂ ਵੀ ਵੱਡੇ ਕਦਮ ਚੁੱਕ ਸਕਦਾ ਹੈ। ਵਿਦਿਆਰਥੀ ਵਰਗ ਵੱਲੋਂ ਇਸ਼ਨੂਰ ਸਿੰਘ ਅਤੇ ਜਗਜੀਤ ਸਿੰਘ ਨੇ ਮੰਗ ਕੀਤੀ ਕਿ ਇਸ ਅਤਿ ਘਿਨਾਉਣੀ ਵਾਰਦਾਤ ਦੇ ਦਰਿੰਦਿਆਂ ਨੂੰ ਫਾਹੇ ਟੰਗਿਆ ਜਾਵੇ ਅਤੇ ਸਰਕਾਰ ਧਰਮ, ਜਾਤ, ਰੰਗ, ਨਸਲ ਤੋਂ ਉਪਰ ਉਠ ਕੇ ਸਖਤ ਕਾਰਵਾਈ ਕਰੇ। ਯੂਨੀਵਰਸਿਟੀ ਭਰ ਵਿਚੋਂ ਸੈਂਕੜੇ ਵਿਦਿਆਰਥੀ, ਅਧਿਆਪਕ ਅਤੇ ਗੈਰ-ਅਧਿਆਪਨ ਅਮਲੇ ਨੇ ਰੈਲੀ ਵਿਚ ਸ਼ਿਰਕਤ ਕੀਤੀ। ਬਾਅਦ ਵਿਚ ਵਿਛੜੀ ਰੂਹ ਲਈ ਅਰਦਾਸ ਵੀ ਕੀਤੀ ਗਈ।

