ਗੜੇਮਾਰ ਕਾਰਨ ਹੋਏ ਫ਼ਸਲ ਦੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਯੋਗ ਮੁਆਵਜ਼ਾ ਦੇਵੇ: ਮਜੀਠੀਆ
ਮਜੀਠਾ / ਅੰਮ੍ਰਿਤਸਰ, 20 ਅਪ੍ਰੈਲ (ਮਧੂਸਾਰ ਬਿਊਰੋ) ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਸਾਨਾਂ ਦੇ ਮਾਮਲੇ ‘ਚ ਅਣਗਹਿਲੀ ਤਿਆਗਣ ਅਤੇ ਬੇ ਮੌਸਮ ਬਾਰਿਸ਼, ਤੇਜ ਹਵਾਵਾਂ ਤੇ ਗੜੇਮਾਰ ਕਾਰਨ ਫ਼ਸਲਾਂ ਹੋਏ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਹੈ।
ਹਲਕਾ ਮਜੀਠਾ ਦੇ ਅਕਾਲੀ ਵਿਧਾਇਕ ਸ: ਮਜੀਠੀਆ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਕਿਸਾਨਾਂ ਨੂੰ ਦਰਪੇਸ਼ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ । ਉਨ੍ਹਾਂ ਮੰਡੀਆਂ ਵਿਚ ਸਰਕਾਰ ਦੇ ਘਟੀਆ ਖ਼ਰੀਦ ਪ੍ਰਬੰਧਾਂ ਦੀ ਨਿੰਦਾ ਕੀਤੀ ਤੇ ਕਿਹਾ ਕਿ ਸਰਕਾਰ ਵੱਲੋਂ ਖ਼ਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਨਾ ਕੀਤੇ ਜਾਣ ਕਾਰਨ ਮੰਡੀਆਂ ਵਿਚ ਕਣਕ ਰੁਲ ਰਹੀ ਹੈ। ਫ਼ਸਲ ਦੀ ਖ਼ਰੀਦ ਲਈ ਕਿਸਾਨ ਹੀ ਨਹੀਂ ਆੜ੍ਹਤੀਆਂ ਅਤੇ ਮਜ਼ਦੂਰਾਂ ਵੱਲੋਂ ਵੀ ਸੜਕੀ ਆਵਾਜਾਈ ਜਾਮ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਐਫ ਸੀ ਆਈ ਵੱਲੋਂ ਖ਼ਰੀਦ ਜਿੱਥੇ ਬਹੁਤ ਧੀਮੀ ਗਤੀ ਨਾਲ ਚਲ ਰਹੀ ਹੈ ਉੱਥੇ ਹੀ ਪਨਗ੍ਰੇਨ ਅਤੇ ਪੰਜਾਬ ਐਗਰੋ ਆਦਿ ਖ਼ਰੀਦ ਕਰਨ ਲਈ ਅਗੇ ਨਹੀਂ ਆ ਰਹੀਆਂ ਹਨ। ਕਈਆਂ ਮੰਡੀ ਵਿਚ ਤਾਂ ਪਿਛਲੇ ਦਸ ਦਿਨਾਂ ਤੋਂ ਕਣਕ ਦੀ ਫ਼ਸਲ ਵਿਕ ਹੀ ਨਹੀਂ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਿਸਾਨਾਂ ਨੂੰ 48 ਘੰਟਿਆਂ ‘ਚ ਕਣਕ ਦੀ ਅਦਾਇਗੀ ਕਰਨ ਦੇ ਸਰਕਾਰੀ ਦਾਵਿਆਂ ਦੀ ਵੀ ਫੂਕ ਨਿਕਲ ਰਹੀ ਹੈ। ਕਈਆਂ ਨੂੰ ਹਫ਼ਤਾ ਹਫ਼ਤਾ ਹੋ ਗਏ ਹਨ ਕਣਕ ਵੇਚੀ ਨੂੰ ਪਰ ਅਦਾਇਗੀ ਨਹੀਂ ਕੀਤੀ ਜਾ ਰਹੀ, ਜਿਸ ਨਾਲ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਣਕ ਦੀ ਲਿਫ਼ਟਿੰਗ ਪ੍ਰਤੀ ਨਵੀ ਨੀਤੀ ਨਾਲ ਵੀ ਕਾਰਗਰ ਨਹੀਂ ਹੋ ਰਹੀ । ਦੂਜੇ ਪਾਸੇ ਟਰੱਕ ਅਪਰੇਟਰਾਂ ਦਾ ਕਾਰੋਬਾਰ ਤਬਾਹ ਹੋਣ ਲੱਗਿਆ ਹੈ। ਪੁਰਾਣੇ ਟਰੱਕਾਂ ਨਾਲ ਹਾੜ੍ਹੀ-ਸਾਉਣੀ ਦਾ ਸੀਜ਼ਨ ਲਾ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਵਾਲੇ ਛੋਟੇ ਟਰੱਕ ਅਪਰੇਟਰ ਟਰੱਕ ਕਬਾੜ ਵਿਚ ਵੇਚਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਖ਼ਰੀਦ ਪ੍ਰਬੰਧ ‘ਚ ਤੁਰੰਤ ਸੁਧਾਰ ਨਾ ਕੀਤਾ ਤਾਂ ਸਰਕਾਰ ਨੂੰ ਕਿਸਾਨਾਂ ਦੇ ਗ਼ੁੱਸੇ ਦਾ ਸਾਹਮਣਾ ਕਰਨਾ ਪਵੇਗਾ ਅਤੇ ਅਕਾਲੀ ਦਲ ਕਿਸਾਨਾਂ ਨਾਲ ਚਟਾਨ ਵਾਂਗ ਖੜਾ ਹੈ। ਇਸ ਮੌਕੇ ਤਲਬੀਰ ਸਿੰਘ ਗਿਲ, ਤਰੁਨ ਅਬਰੋਲ, ਪਿੰਸ ਨਈਅਰ, ਬਬੀ ਭੰਗਵਾਂ, ਅਮਰਬੀਰ ਸਿੰਘ, ਮਹਿੰਦਰ ਸਿੰਘ, ਬਿਲਾ ਆੜਤੀਆ ਆਦਿ ਮੌਜੂਦ ਸਨ।

