ਬਾਲਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭੱਠੇ ਦੀ ਪੜਤਾਲ
ਘਨੌਰ/ਪਟਿਆਲਾ, 20 ਅਪਰੈਲ (੍ਰਮਧੂਸਾਰ ਬਿਊਰੋ) ਬਾਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦੇ ਸਕੱਤਰ ਸ੍ਰੀ ਅਸ਼ੀਸ਼ ਬਾਂਸਲ ਦੇ ਹੁਕਮਾਂ ਅਨੁਸਾਰ ਕਈ ਵਿਭਾਗਾਂ ਦੀ ਇੱਕ ਸਾਂਝੀ ਟੀਮ, ਜਿਸ ‘ਚ ਜ਼ਿਲਾ ਬਾਲ ਸੁਰੱਖਿਆ ਦਫ਼ਤਰ, ਸਿੱਖਿਆ ਵਿਭਾਗ, ਫ਼ੂਡ ਸਪਲਾਈ ਇੰਸਪੈਕਟਰ, ਲੇਬਰ ਵਿਭਾਗ, ਬਲਾਕ ਵਿਕਾਸ ਪ੍ਰਾਜੈਕਟ ਅਫ਼ਸਰ, ਪੈਰਾ ਲੀਗਲ ਵਲੰਟੀਅਰ, ਆਂਗਣਵਾੜੀ ਵਰਕਰ ਤੇ ਸੁਪਰਵਈਸਰ ਸ਼ਾਮਲ ਸਨ, ਨੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ ਸ੍ਰੀਮਤੀ ਸ਼ਾਇਨਾ ਕਪੂਰ ਦੀ ਅਗਵਾਈ ਹੇਠ ਅੰਬੇ ਬ੍ਰਿਕ ਕਿਲਨ, ਭੱਟਮਾਜਰਾ, ਘਨੌਰ ਵਿਖੇ ਪੜਤਾਲ ਕੀਤੀ।
ਇਸ ਮੌਕੇ ਸ੍ਰੀਮਤੀ ਸ਼ਾਇਨਾ ਕਪੂਰ ਨੇ ਦੱਸਿਆ ਕਿ ਟੀਮ ਨੇ ਤਕਰੀਬਨ 40 ਕਾਮਿਆਂ ਨੂੰ ਚਲ ਰਹੀਆਂ ਸਰਕਾਰ ਦੀਆਂ ਭਲਾਈ ਸਕੀਮਾਂ ਜੋ ਕਿ ਇਨ੍ਹਾਂ ਮਜਦੂਰਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਲਾਹੇਵੰਦ ਸਾਬਿਤ ਹੋ ਸਕਦੀਆਂ ਹਨ, ਬਾਰੇ ਜਾਣੂ ਕਰਵਾਇਆ ਗਿਆ। ਟੀਮ ਵਲੋਂ ਪੜਤਾਲ ਕੀਤੀ ਗਈ ਕਿ ਭੱਠੇ ‘ਤੇ ਕਿੰਨੇ ਕਿਰਤੀਆਂ ਦੇ 0 ਤੋਂ 6 ਸਾਲ ਦੇ ਕੁਲ ਕਿੰਨੇ ਬੱਚੇ ਹਨ, ਕਿੰਨੇ ਬੱਚਿਆਂ ਨੂੰ ਨੀਊਟ੍ਰੀਸ਼ਨ ਦਿਤੀ ਜਾ ਰਹੀ ਹੈ, ਕਿੰਨੇ ਬੱਚੇ ਸਕੂਲ ਜਾ ਰਹੇ ਹਨ, ਭੱਠੇ ‘ਤੇ ਕੁਲ ਕਿੰਨੇ ਪੁਰਸ਼ ਅਤੇ ਕਿੰਨੀਆਂ ਔਰਤਾਂ ਕੰਮ ਕਰ ਰਹੀਆਂ ਹਨ? ਕਿੰਨੇ ਪੁਰਸ਼ ਅਤੇ ਔਰਤਾਂ ਪੰਜਾਬ ਰਾਜ ਦੇ ਹਨ, ਕਿੰਨੇ ਬੱਚਿਆਂ ਦੇ ਅਧਾਰ ਕਾਰਡ ਬਣੇ ਹੋਏ ਹਨ ਤੇ ਕੀ ਕਿਰਤੀਆਂ ਲਈ ਸਾਫ ਪਾਣੀ ਅਤੇ ਗੁਸਲਖਾਨਿਆਂ ਦੀ ਵਿਵਸਥਾ ਅਤੇ ਬੱਚਿਆਂ ਲਈ ਕਰੈਚ ਦੀ ਵਿਵਸਥਾ ਹੈ ਜਾਂ ਨਹੀਂ?
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਟੀਮ ਨੇ ਇਹ ਵੀ ਜਾਂਚ ਕੀਤੀ ਕਿ ਕੀ ਬੱਚਿਆਂ ਤੋਂ ਭੱਠੇ ‘ਤੇ ਕੋਈ ਕੰਮ ਕਰਵਾਇਆ ਜਾ ਰਿਹਾ ਹੈ ਜਾਂ ਨਹੀਂ? ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੀ ਚੈਕਿੰਗ ਅਤੇ ਭੱਠਿਆਂ ‘ਤੇ ਅਜਿਹੇ ਦੌਰੇ ਲਗਾਤਾਰ ਕੀਤੇ ਜਾਣਗੇ ਅਤੇ ਉਥੇ ਦੇ ਮਜਦੂਰਾਂ ਨੂੰ ਮਿਲਦੀਆਂ ਸਹੂਲਤਾਂ ਬਾਰੇ ਵੀ ਸਮੇਂ ਸਮੇਂ ਸਿਰ ਜਾਣੂ ਕਰਵਾਇਆ ਜਾਵੇਗਾ।

