ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਨੇ ਸੰਸਾਰ ਦਾ ਹਾਣੀ ਬਣਾਉੁਣ ਲਈ ਤਬਦੀਲੀਆਂ ਕੀਤੀਆਂ : ਵਾਈਸ ਚਾਂਸਲਰ

ਪਟਿਆਲਾ 25 ਅਪ੍ਰੈਲ (ਮਧੂਸਾਰ ਬਿਊਰੋ) ਵਾਈਸ-ਚਾਂਸਲਰ ਡਾ. ਬੀ.ਐਸ.ਘੁੰਮਣ ਦੀ ਸਰਪ੍ਰਸਤੀ ਵਿਚ ਪੰਜਾਬੀ ਯੂਨੀਵਰਸਿਟੀ ਅਲੂਮਨੀ ਮੀਟ ਦਾ ਆਯੋਜਨ ਕਲਾ ਭਵਨ ਵਿਖੇ ਹੋਇਆ ਜਿਸ ਵਿਚ ਦੇਸ਼ ਵਿਦੇਸ਼ ਤੋਂ ਪੰਜਾਬੀ ਯੂਨੀਵਰਸਿਟੀ ਦੇ ਅਲੂਮਨੀ ਮੈਂਬਰਜ਼ ਨੇ ਹਿੱਸਾ ਲਿਆ। ਇਸ ਅਲੂਮਨੀ ਮੀਟ ਅਤੇ ਜਨਰਲ ਹਾਊਸ ਵਿਚ ਸਮੁੱਚੇ ਹਾਊਸ ਨੇ ਚੀਫ਼ ਪੈਟਰਨ ਨੂੰ ਐਗਜ਼ੈਕਟਿਵ ਕਾਊਂਸਲ ਚੁਣਨ ਅਤੇ ਇਸ ਵਿਚ ਮੈਂਬਰ ਨਾਮਜਦ ਕਰਨ ਦਾ ਪੂਰਨ ਅਧਿਕਾਰ ਦਿੱਤਾ ਤਾਂ ਜੋ ਦੇਸ਼ ਵਿਦੇਸ਼ ਦੇ ਅਲੂਮਨਸ ਨਾਲ ਸੰਪਰਕ ਕਰਕੇ ਪੰਜਾਬੀ ਯੂਨੀਵਰਸਿਟੀ ਦਾ ਸਰਬ ਪੱਖੀ ਵਿਕਾਸ ਕੀਤਾ ਜਾ ਸਕੇ ਅਤੇ ਵੱਖ ਵੱਖ ਪ੍ਰੋਜੈਕਟਾਂ ਲਈ ਫੰਡ ਜੁਟਾਏ ਜਾ ਸਕਣ।

ਡਾ. ਬੀ.ਐਸ.ਘੁੰਮਣ ਨੇ ਇਸ ਸਮਾਗਮ ਵਿਚ ਬੋਲਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਅਕਾਦਮਿਕ ਤੌਰ ਤੇ ਪਾਠਕ੍ਰਮਾਂ ਨੂੰ ਸਮਕਾਲੀ ਸੰਸਾਰ ਦਾ ਹਾਣੀ ਬਣਾਉੁਣ ਲਈ ਤਬਦੀਲੀਆਂ ਕੀਤੀਆਂ ਹਨ।ਵਿਦਿਆਰਥੀਆਂ ਦੇ ਹਿਤ ਵਿਚ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਨਾਲ ਐਮ.ਓ.ਯੂ. ਸਾਈਨ ਕੀਤੇ ਹਨ ਅਤੇ ਵਿਦੇਸ਼ਾਂ ਵਿਚ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੇ ਵੱਖ ਵੱਖ ਚੈਪਟਰਜ਼ ਸਥਾਪਿਤ ਕੀਤੇ ਹਨ। ਇਨ੍ਹਾਂ ਯਤਨਾਂ ਨਾਲ ਇਸ ਖਿਤੇ ਦੇ ਵਿਦਿਆਰਥੀਆਂ ਨੂੰ ਹੋਰ ਅਵਸਰ ਪ੍ਰਦਾਨ ਹੋਣਗੇ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਸਮੂਹ ਅਲੂਮਨਸ ਨੂੰ ਪੰਜਾਬੀ ਯੂਨੀਵਰਸਿਟੀ ਦੀ ਰੈਂਕਿੰਗ ਵਧਾਉਣ ਵਿਚ ਆਪਣੀ ਸਕਾਰਾਤਮਕ ਪਹੁੰਚ ਦੁਆਰਾ ਵਿਸ਼ਵ ਯੂਨੀਵਰਸਿਟੀਆਂ ਵਿਚ ਰੈਂਕਿੰਗ ਵਧਾਉਣ ਹਿਤ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਅਵਸਰ ‘ਤੇ ਵਾਈਸ-ਚਾਂਸਲਰ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਇਕ ਅਲੂਮਨੀ ਹਾਊਸ ਬਣਾਉਣ ਦਾ ਐਲਾਨ ਕੀਤਾ ਜਿਸ ਲਈ ਡਾ. ਅੰਮ੍ਰਿਤਪਾਲ ਕੌਰ, ਡੀਨ ਅਤੇ ਐਸੋਸੀਏਟ ਡੀਨ ਅਲੂਮਨੀ ਰਿਲੇਸ਼ਨਜ਼ ਡਾ. ਪਰਮਵੀਰ ਸਿੰਘ ਦੇ ਪਿਤਾ ਗਿਆਨੀ ਤ੍ਰਿਲੋਕ ਸਿੰਘ ਨੇ ਮੌਕੇ ‘ਤੇ ਇਕ-ਇਕ ਲੱਖ ਰੁਪਏ ਦੀ ਰਾਸ਼ੀ ਦਿਤੀ। ਸਮਾਗਮ ਦਾ ਆਰੰਭ ਵਿਛੜੇ ਮੈਂਬਰਾਂ ਨੂੰ ਸ਼ਰਧਾਂਜਲੀ ਨਾਲ ਹੋਇਆ ਅਤੇ ਸੁਆਗਤ ਡੀਨ ਅਕਾਦਮਿਕ ਡਾ. ਜੀ.ਐਸ.ਬਤਰਾ ਨੇ ਕੀਤਾ।
ਡੀਨ ਅਲੂਮਨੀ ਰਿਲੇਸ਼ਨਜ਼ ਡਾ. ਗੁਰਨਾਮ ਸਿੰਘ ਨੇ ਅਲੂਮਨੀ ਐਸੋਸੀਏਸ਼ਨ ਦੀ ਰਿਪੋਰਟ ਪੇਸ਼ ਕਰਦਿਆਂ ਦਸਿਆ ਕਿ ਹੁਣ ਤੱਕ ਟਰਾਈ ਸਟੇਟ, ਬੇਅ ਏਰੀਆ ਤੇ ਲਾਸ ਏਂਜਲਸ ਆਦਿ ਚੈਪਟਰਾਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਵਿਖੇ 47 ਅਲੂਮਨੀ ਚੈਪਟਰ ਬਣਾਏ ਜਾ ਚੁੱਕੇ ਹਨ। ਇਨ੍ਹਾਂ ਚੈਪਟਰਜ਼ ਦੁਆਰਾ ਅਲੂਮਨੀ ਮੀਟ ਕਰਵਾਉਣ ਦਾ ਸਿਲਸਿਲਾ ਜਾਰੀ ਹੈ। ਵੱਖ ਵੱਖ ਵਿਭਾਗਾਂ ਨੂੰ ਵੱਖ ਵੱਖ ਪ੍ਰੋਜੈਕਟਾਂ ਅਤੇ ਇਮਾਰਤਾਂ ਲਈ ਆਈ ਦਾਨ ਰਾਸ਼ੀ ਦੇ ਵੇਰਵੇ ਵੀ ਦੱਸੇ ਅਤੇ ਇਸ ਮੰਚ ਤੋਂ ਸਮੂਹ ਵਿਭਾਗਾਂ ਨੂੰ ਬੇਨਤੀ ਕੀਤੀ ਕਿ ਉਹ ਆਪੋ ਆਪਣੇ ਵਿਭਾਗ ਦੇ ਪ੍ਰੋਜੈਕਟ ਅਤੇ ਦੇਸ਼ ਵਿਦੇਸ਼ ਵਿਚ ਵਸਦੇ ਅਲੂਮਨਸ ਦੇ ਸਿਰਨਾਵੇਂ ਦੇਣ ਤਾਂ ਕਿ ਪੰਜਾਬੀ ਯੂਨੀਵਰਸਿਟੀ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਇਨਫਰਾਸਟਰਕਚਰ ਅਤੇ ਵੱਖ ਵੱਖ ਪ੍ਰੋਜੈਕਟਾਂ ਲਈ ਫੰਡ ਜੁਟਾਏ ਜਾ ਸਕਣ। ਸਮਾਗਮ ਵਿਚ ਦਰਬਾਰਾ ਸਿੰਘ ਗੁਰੂ ਸਾਬਕਾ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਮੈਂਬਰ ਸਿੰਡੀਕੇਟ ਸ. ਹਰਿੰਦਰਪਾਲ ਸਿੰਘ ਹੈਰੀ ਮਾਨ, ਪ੍ਰੋਫੈਸਰ ਰਣਜੀਤ ਸਿੰਘ ਘੁੰਮਣ, ਡਾ. ਤਾਰਾ ਸਿੰਘ ਸੰਧੂ ਵਲੋਂ ਪ੍ਰਗਟਾਏ ਵਿਚਾਰਾਂ ਨੂੰ ਐਗਜ਼ੈਕਟਿਵ ਕਾਊਂਸਲ ਵਿਚ ਵਿਚਾਰਣ ਉਪਰੰਤ ਅਗਲੇਰੀ ਕਾਰਵਾਈ ਕਰਨ ਦਾ ਭਰੋਸਾ ਦਿਤਾ ਗਿਆ।
ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਰਬਾਰ ਸਿੰਘ ਗੁਰੂ ਨੇ ਸਮੂਹ ਅਲੂਮਨੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਯੂਨੀਵਰਸਿਟੀ ਦੀ ਹਰ ਤਰ੍ਹਾਂ ਨਾਲ ਬਹੁ ਪੱਖੀ ਮਦਦ ਕਰਨ। ਸ. ਹਰਿੰਦਰ ਪਾਲ ਸਿੰਘ ਹੈਰੀ ਮਾਨ ਨੇ ਸਮਾਗਮ ਵਿਚ ਭਰੋਸਾ ਦਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਦਿਤੀ ਗਈ 50 ਕਰੋੜ ਦੀ ਗ੍ਰਾਂਟ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਅਤੇ ਅਗਾਂਹ ਤੋਂ ਵੀ ਯੂਨੀਵਰਸਿਟੀ ਲਈ ਸਰਕਾਰੀ ਮਾਲੀ ਮਦਦ ਲਈ ਕੋਸ਼ਿਸ਼ ਕਰਦੇ ਰਹਾਂਗੇ।ਸ. ਤਾਰਾ ਸਿੰਘ ਸੰਧੂ ਨੇ ਯੂਨੀਵਰਸਿਟੀ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਤੋਂ ਇਲਾਵਾ ਅਲੂਮਨੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਜਿਥੇ ਕਿਤੇ ਵੀ ਜਿਸ ਵੀ ਅਹੁਦੇ ਤੇ ਬੈਠੇ ਹਨ, ਉਹ ਆਪਣਾ ਅਸਲ ਰਸੂਖ ਵਰਤ ਕੇ ਪੰਜਾਬੀ ਯੂਨੀਵਰਸਿਟੀ ਨੂੰ ਹਰ ਤਰ੍ਹਾਂ ਨਾਲ ਮਦਦ ਕਰਨ। ਉਨਾਂ੍ਹ ਵਿਦੇਸ਼ ਵਿਚ ਸਥਾਪਿਤ ਕੀਤੇ ਗਏ ਅਲੂਮਨੀ ਚੈਪਟਰਜ਼ ਦਾ ਸੁਆਗਤ ਕੀਤਾ।
ਡਾ. ਆਰ.ਐਸ.ਘੁੰਮਣ ਨੇ ਯੂਨੀਵਰਸਿਟੀ ਲਈ ਅਧਿਆਪਕਾਂ ਨੂੰ ਅਧਿਆਪਨ ਦਾ ਪੱਧਰ ਉੱਚਾ ਕਰਨ ਅਤੇ ਸਾਂਝੇ ਸਹਿਯੋਗ ਦੁਆਰਾ ਪੰਜਾਬੀ ਯੂਨੀਵਰਸਿਟੀ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਨਾਲ ਇਹ ਵੀ ਮੰਗ ਕੀਤੀ ਕਿ ਟੀਚਰ ਯੁਨੀਅਨ ਪੂਟਾ ਦੀ ਪੁਨਰ ਸਥਾਪਤੀ ਹੋਣੀ ਚਾਹੀਦੀ ਹੈ।ਪ੍ਰੋਗਰਾਮ ਦਾ ਸੰਚਾਲਨ ਐਸੋਸੀਏਟ ਡੀਨ ਐਸੋਸੀਏਸ਼ਨ ਡਾ. ਪਰਮਵੀਰ ਸਿੰਘ ਨੇ ਕੀਤਾ ਅਤੇ ਉਨ੍ਹਾਂ ਸਮੂਹ ਅਲੂਮਨਸ ਨੂੰ ਆਪਣੀ ਅਕਾਦਮਿਕ ਜਨਮ ਦਾਤੀ ਅਤੇ ਕਰਮਦਾਤੀ ਦਾ ਕਰਜ ਉਤਾਰਣ ਦੀ ਅਪੀਲ ਕੀਤੀ।
ਸਮਾਗਮ ਵਿਚ ਦਰਬਾਰਾ ਸਿੰਘ ਗੁਰੂ ਸਾਬਕਾ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਮੈਂਬਰ ਸਿੰਡੀਕੇਟ ਸ. ਹਰਿੰਦਰਪਾਲ ਸਿੰਘ ਹੈਰੀ ਮਾਨ, ਪ੍ਰੋਫੈਸਰ ਰਣਜੀਤ ਸਿੰਘ ਘੁੰਮਣ, ਡਾ. ਤਾਰਾ ਸਿੰਘ ਸੰਧੂ, ਸ੍ਰੀ ਰਾਜੇਸ਼ ਪੰਜੋਲਾ, ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਯੂਥ ਵੈਲਫੇਅਰ ਵਿਭਾਗ ਵਲੋਂ ਪੰਜਾਬ ਦੇ ਸੱਭਿਆਚਾਰ ਦੀਆਂ ਤਿੰਲ ਵੰਨਗੀਆਂ ਲੋਕ ਗੀਤ, ਲੋਕ ਨਾਚ ਅਤੇ ਫੋਕ ਆਰਕੈਸਟਰਾ ਦੀ ਪੇਸ਼ਕਾਰੀ ਕੀਤੀ ਗਈ।ਧੰਨਵਾਦ ਕਰਦਿਆਂ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਅਲੂਮਨੀ ਐਸੋਸੀਏਸ਼ਨ ਦੀ ਇਸ ਮੀਟ ਦੀ ਸਫਲਤਾ ਉਤੇ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿਤੀ ਅਤੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ।ਸਮਾਗਮ ਵਿਚ ਪੰਜਾਬੀ ਯੂਨੀਵਰਸਿਟੀ ਅਲੂਮਨੀ ਮੈਂਬਰ, ਡੀਨਜ਼, ਮੁਖੀ, ਅਧਿਆਪਕਾਂ, ਵਿਦਿਆਰਥੀਆਂ ਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਰਾਜੇਸ਼ ਪੰਜੋਲਾ, ਸੀ.ਐਮ. ਬੇਦੀ (ਚੰਚਲ ਮਨੋਹਰ ਸਿੰਘ ਬੇਦੀ), ਹਰਦੀਪ ਕਿੰਗਰ ਸਾਬਕਾ ਪ੍ਰੋਗਰਾਮ ਸਲਾਹਕਾਰ ਅਤੇ ਐਡਿਸ਼ਨਲ ਸਕੱਤਰ ਭਾਰਤ ਸਰਕਾਰ ਹਾਜਰ ਸਨ।

Leave a Reply

Your email address will not be published. Required fields are marked *