ਇਲਾਜ ਖੁਣੋ ਤਿਲ ਤਿਲ ਕਰ ਕੇ ਮਰ ਰਹੀ ਮਾਸੂਮ ਵੱਲੋਂ ਸਹਾਇਤਾ ਲਈ ਅਪੀਲ
ਕੈਂਸਰ ਕਾਰਨ ਦੋਵੇਂ ਅੱਖਾਂ ਦੀ ਰੌਸ਼ਨੀ ਗੁੱਲ
ਮਾਪਿਆਂ ਨੇ ਇਲਾਜ ਲਈ ਘਰ ਬਾਰ ਵੇਚਿਆ
ਰਾਜਪੁਰਾ 26 ਅਪ੍ਰੈਲ (ਡਾ. ਅਮਨ) ਤਹਿਸੀਲ ਰਾਜਪੁਰਾ ਦੇ ਪਿੰਡ ਖਾਨਪੁਰ ਰੈਲੂ ਦੀ ਵਸਨੀਕ ਅਮਨਦੀਪ ਕੌਰ ਲਈ ਉਸ ਦੀ ਗਰੀਬੀ ਹੀ ਉਸ ਦੀ ਜਿੰਦਗੀ ਲਈ ਸ਼ਰਾਪ ਬਣ ਗਈ।
ਮਾਸੂਮ ਅਮਨਦੀਪ ਕੌਰ ਨੂੰ ਬਰੇਨ ਕੈਂਸਰ ਹੈ। ਅਨਪੜ ਪਰਿਵਾਰ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬਿਮਾਰੀ ਦਾ ਮਸੇਂ ਸਿਰ ਪਤਾ ਨਹੀਂ ਚਲਿਆ ਜਿਸ ਕਾਰਨ ਹੁਣ ਉਸ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਵੀ ਖਤਮ ਹੋ ਗਈ ਹੈ। ਗਰੀਬ ਅਤੇ ਅਨਪੜ੍ਹ ਮਾਪੇ ਬਸ ਕੇਵਲ ਉਸ ਦੀ ਤਰਸਯੋਗ ਹਾਲਤ ਦੇਖ ਕੇ ਹੰਝੂ ਹੀ ਡੇਗ ਸਕਦੇ ਹਨ।
ਪੇਸ਼ੇ ਤੋਂ ਡਰਾਇਵਰ ਅਮਨਦੀਪ ਦੇ ਪਿਤਾ ਭਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਚਾਰ ਧੀਆਂ ਵਿਚੋਂ ਅਮਨਦੀਪ ਕੌਰ (18 ਸਾਲ) ਤੀਜੇ ਨੰਬਰ ‘ਤੇ ਹੈ। ਜਦੋਂ ਅਮਨਦੀਪ ਕੌਰ ਅਜੇ ਤੀਜੀ ਚੌਥੀ ਜਮਾਤ ਵਿਚ ਸੀ ਤਾਂ ਉਸ ਦੇ ਸਿਰ ਵਿਚ ਦਰਦ ਹੋਇਆ। ਉਨ੍ਹਾਂ ਨੇ ਡਾਕਟਰ ਨੂੰ ਦਿਖਾਇਆ ਤਾਂ ਡਾਕਟਰ ਨੇ ਦਵਾਈ ਦੇ ਦਿੱਤੀ। ਇਵੇਂ ਹੀ ਜਦੋਂ ਵੀ ਉਸ ਦੇ ਸਿਰ ਵਿਚ ਦਰਦ ਹੁੰਦਾ ਤਾਂ ਉਹ ਡਾਕਟਰ ਤੋਂ ਦਵਾਈ ਲੈ ਲੈਂਦੇ ਸਨ। ਪਰ ਹੁਣ ਜਾ ਕੇ ਪਤਾ ਲੱਗਿਆ ਹੈ ਕਿ ਉਸ ਨੂੰ ਨਾਮੁਰਾਦ ਬਿਮਾਰੀ ਨੇ ਘੇਰ ਰੱਖਿਆ ਹੈ। ਆਪਣੀ ਧੀ ਦੇ ਇਲਾਜ ਲਈ ਉਸ ਨੇ ਆਪਣਾ ਪੂਰਾ ਜੋਰ ਲਗਾ ਦਿੱਤਾ ਹੈ ਪਰ ਹੁਣ ਉਹ ਹੰਭ ਗਏ ਹਨ। ਉਨ੍ਹਾਂ ਨੇ ਪਟਿਆਲਾ ਅਤੇ ਚੰਡੀਗੜ੍ਹ ਆਦਿ ਜਿੱਥੇ ਕਿਧਰੇ ਵੀ ਲੋਕਾਂ ਨੇ ਇਲਾਜ ਹੋਣ ਦੀ ਗਰੰਟੀ ਦਿੱਤੀ ਉੱਥੇ ਤੱਕ ਪਹੁੰਚ ਕੀਤੀ। ਹੁਣ ਉਨ੍ਹਾਂ ਪਾਸ ਲੜਕੀ ਦੇ ਇਲਾਜ ਲਈ ਫੁੱਟੀ ਕੋਡੀ ਵੀ ਨਹੀਂ ਬਚੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕਹਿਣ ‘ਤੇ ਉਨ੍ਹਾਂ ਨੇ ਸਾਧੂ ਬਾਬਿਆਂ ਅਤੇ ਤੰਤਰੀਕਾਂ ਕੋਲੋਂ ਵੀ ਝਾੜ ਫੂਸ ਕਰਵਾਈ ਹੈ ਪਰ ਕਿਧਰੋਂ ਵੀ ਆਸ ਦੀ ਖੇਰ ਨਹੀਂ ਪਈ ਹੈ। ਉਨ੍ਹਾਂ ਦੱਸਿਆ ਕਿ ਪੀਜੀਆਈ ਵਾਲੇ ਉਸ ਦੀ ਬੇਟੀ ਦੇ ਇਲਾਜ ਲਈ ਅਪਰੇਸ਼ਨ ਦੀ ਸਲਾਹ ਦੇ ਰਹੇ ਹਨ ਪਰ ਅਪ੍ਰੇਸ਼ਨ ਉਪਰ ਹੋਣ ਵਾਲਾ ਖਰਚਾ ਉਸ ਦਾ ਪਰਿਵਾਰ ਸਹਿਣ ਨਹੀਂ ਕਰ ਸਕਦਾ। ਉਨ੍ਹਾਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਲਈ ਅਪੀਲ ਕੀਤੀ ਹੈ ਤਾਂ ਜੋ ਉਸ ਦੀ ਬੇਟੀ ਨੂੰ ਜੀਵਨ ਦਾਨ ਮਿਲ ਸਕੇ।

