ਪੰਜਾਬਪਟਿਆਲਾ

ਜੰਗਲਾਤ ਮੰਤਰੀ ਵਲੋਂ ਵਣ ਚੇਤਨਾ ਪਾਰਕ ਸਿਸਵਾਂ ਦਾ ਨਿਰੀਖਣ

ਚੰਡੀਗੜ੍ਹ, 26 ਅਪਰੈਲ (ਮਧੂਸਾਰ ਬਿਊਰੋ) ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸੂਬਾ ਸਰਕਾਰ ਵਲੋਂ ਬਣਾਈ ਜਾ ਰਹੀ ਵਣ ਚੇਤਨਾ ਪਾਰਕ ਲੋਕਾਂ ਵਿੱਚ ਵਣਾਂ ਸਬੰਧੀ ਜਾਗਰੂਕਤਾ ਪੈਦਾ ਕਰਨ ‘ਚ ਸਹਾਈ ਹੋਵੇਗੀ। ਜੰਗਲਾਤ ਮੰਤਰੀ ਨੇ ਅੱਜ ‘ਨਗਰ ਵਣ ਉਦਿਆਨ ਯੋਜਨਾ’ ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ ਪਿੰਡ ਸਿਸਵਾਂ ਵਿਖੇ ਬਣਾਏ ਜਾਣ ਵਾਲੇ ਵਣ ਚੇਤਨਾ ਕੇਂਦਰ ਦੇ ਖੇਤਰ ਦਾ ਨਿਰੀਖਣ ਕਰਨ ਮੌਕੇ ਇਹ ਪ੍ਰਗਟਾਵਾ ਕੀਤਾ।

ਸ. ਧਰਮਸੋਤ ਨੇ ਦੱਸਿਆ ਕਿ ਇਹ ਪਾਰਕ ਪਿੰਡ ਸਿਸਵਾਂ ਦੀ ਪੰਚਾਇਤ ਦੇ ਤਕਰੀਬਨ 25 ਹੈਕਟੇਅਰ ਰਕਬੇ ਨੂੰ ਚੇਨ ਕਿੰਨ ਫੈਂਸਿੰਗ ਨਾਲ ਬੰਦ ਕਰਕੇ ਇਸ ਥਾਂ ‘ਚ ਇਹ ਪਾਰਕ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਣ ਚੇਤਨਾ ਪਾਰਕ ਵਿੱਚ ਹਰ ਉਮਰ ਵਰਗ ਦੇ ਵਿਅਕਤੀਆਂ ਲਈ ਕੁਦਰਤ ਦਾ ਆਨੰਦ ਮਾਣਨ ਲਈ ਬੈਂਚ, ਝੂਲੇ, ਖੁੱਲ੍ਹਾ ਜਿੰਮ, ਲਾਅਨ, ਵਾਚ ਟਾਵਰ, ਹੱਟ ਅਤੇ ਚੇਤਨਾ ਕੇਂਦਰ ਆਦਿ ਸਹੂਲਤਾਂ ਮੁਹੱਈਆ ਹੋਣਗੀਆਂ। ਇਸ ਮੌਕੇ ਜੰਗਲਾਤ ਮੰਤਰੀ ਅਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਣ ਸਿੰਘ ਕੰਗ ਨੇ ਪਿੱਪਲ ਦਾ ਇੱਕ ਬੂਟਾ ਵੀ ਲਾਇਆ।
ਸ. ਧਰਮਸੋਤ ਨੇ ਦੱਸਿਆ ਕਿ ਅਜਿਹਾ ਹੀ ਇੱਕ-ਇੱਕ ਪਾਰਕ ਦੰਦਰਾਲਾ, ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ), ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਅਤੇ ਹੁਸ਼ਿਆਰਪੁਰ ਵਿਖੇ ਵੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟ ਨਾਲ ਲੋਕਾਂ ਵਿੱਚ ਵਣਾਂ ਅਤੇ ਜੰਗਲੀ ਜੀਵਾਂ ਦੀ ਮਹੱਤਤਾ ਸਬੰਧੀ ਜਾਗਰੂਕਤਾ ਪੈਦਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਰਕਾਂ ‘ਤੇ ਅਨੁਮਾਨਿਤ ਇੱਕ-ਇੱਕ ਕਰੋੜ ਰੁਪਏ ਖ਼ਰਚੇ ਜਾਣ ਦੀ ਤਜ਼ਵੀਜ ਹੈ।
ਸ. ਧਰਮਸੋਤ ਨੇ ਆਪਣੇ ਇਸ ਦੌਰੇ ਦੌਰਾਨ ਮੁੱਲਾਂਪੁਰ ਤਹਿਤ ਪੈਂਦੇ ਜੰਗਲੀ ਖੇਤਰ ਵਿਖੇ ਚੰਦਨ ਦੇ ਬੂਟਿਆਂ ਦੇ ਪ੍ਰਦਰਸ਼ਨੀ ਪਲਾਂਟ ਦਾ ਦੌਰਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਸ ਖੇਤਰ ‘ਚ 400 ਚੰਦਨ ਦੇ ਬੂਟਿਆਂ ਤੋਂ ਇਲਾਵਾ ਸੀਸਮ, ਧਰੇਕ ਤੇ ਆਂਵਲਾ ਦੇ ਲਗਭੱਗ 15 ਹਜ਼ਾਰ ਬੂਟੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਚੰਦਨ ਦੇ 2 ਲੱਖ ਬੂਟੇ ਲੋਕਾਂ ਨੂੰ ਸਸਤੀਆਂ ਰੇਟਾਂ ‘ਤੇ ਮੁਹੱਈਆ ਕਰਵਾਉਣ ਲਈ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੰਦਨ ਦਾ ਬੂਟਾ ਤਕਰੀਬਨ 15 ਵਰ੍ਹਿਆਂ ਬਾਅਦ 15 ਕਿਲੋ ‘ਹਰਟ ਵੁੱਡ’ ਪੈਦਾ ਕਰਦਾ ਹੈ ਜਿਸਦੀ ਕੀਮਤ ਲਗਭੱਗ 5 ਹਜ਼ਾਰ ਰੁਪਏ ਕਿਲੋ ਹੈ। ਉਨ੍ਹਾਂ ਦੱਸਿਆ ਕਿ ਚੰਦਨ ਦੀ ਖੇਤੀ ਨਾਲ ਜਿੱਥੇ ਕਿਸਾਨ ਖ਼ੁਸ਼ਹਾਲ ਹੋਣਗੇ ਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹ ਮਿਲੇਗਾ, ਉੱਥੇ ਹੀ ਧਰਮੀ ਹੇਠਲੇ ਪਾਣੀ ਦੇ ਪੱਧਰ ‘ਚ ਵੀ ਸੁਧਾਰ ਹੋਵੇਗਾ।
ਸ. ਧਰਮਸੋਤ ਨੇ ਆਪਣੇ ਇਸ ਦੌਰੇ ਦੌਰਾਨ ਮਿਰਜ਼ਾਪੁਰ ਵਿਖੇ ਵਣ ਵਿਭਾਗ ਵਲੋਂ ਆਯੋਜਿਤ ਸਿਲਾਈ/ਕਢਾਈ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ ਵਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ। ਉਨ੍ਹਾਂ ਨੇ ਇਸ ਮੌਕੇ ਸੈਲਫ ਹੈਲਪ ਗਰੁੱਪਾਂ ਦੁਆਰਾ ਤਿਆਰ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਦਾ ਨਿਰੀਖਣ ਵੀ ਕੀਤਾ।
ਇਸ ਮੌਕੇ ਪ੍ਰਮੁੱਖ ਮੁੱਖ ਵਣਪਾਲ ਸ੍ਰੀ ਜਤਿੰਦਰ ਸ਼ਰਮਾ, ਡੀ.ਐਫ਼.ਓ. ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਸ੍ਰੀ ਗੁਰਅਮਨ ਸਿੰਘ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *