ਪੰਜਾਬਪਟਿਆਲਾ

ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਚਨਬੱਧ: ਨਾਗਰਾ

ਫ਼ਤਹਿਗੜ੍ਹ ਸਾਹਿਬ, 14 ਮਈ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਮਿਆਰੀ ਸਿੱਖਿਆ ਹਾਸਲ ਕਰਵਾਈ ਜਾ ਸਕੇ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਚਨਾਰਥਲ ਕਲਾਂ ਵਿਖੇ 1939 ਵਿੱਚ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ 20 ਲੱਖ ਰੁਪਏ ਦੀ ਲਾਗਤ ਨਾਲ ਪੁਰਾਤਨ ਦਿੱਖ ਬਹਾਲ ਕਰਨ ਦਾ ਪ੍ਰੋਜੈਕਟ ਪੂਰਾ ਹੋਣ ਦੀ ਖੁਸ਼ੀ ਵਿੱਚ ਕਰਵਾਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਅੰਦਰ ਪ੍ਰਾਈਵੇਟ ਸਕੂਲਾਂ ਵਿੱਚ ਦਿੱਤੀ ਜਾਂਦੀ ਪੜਾਈ ਮਹਿੰਗੀ ਹੋਣ ਕਾਰਨ ਗਰੀਬ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੋ ਚੁੱਕੀ ਹੈ ਇਸ ਲਈ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਹੀ ਵਿਦਿਆ ਦੇ ਮਿਆਰ ਨੂੰ ਅਜਿਹਾ ਬਣਾ ਦਿੱਤਾ ਜਾਵੇ ਜਿਸ ਨੂੰ ਹਾਸਲ ਕਰਕੇ ਗਰੀਬ ਪਰਿਵਾਰਾਂ ਦੇ ਬੱਚੇ ਵੀ ਉਚੀਆਂ ਪੁਜੀਸ਼ਨਾਂ ਹਾਸਲ ਕਰ ਸਕਣ। ਉਨ੍ਹਾਂ ਦੱਸਿਆ ਕਿ ਚਨਾਰਥਲ ਕਲਾਂ ਸਕੂਲ ਵਿਖੇ 7 ਕਮਰੇ ਵੀ ਉਸੇ ਸਮੇਂ ਵਾਂਗ ਉਸਾਰੇ ਗਏ ਹਨ ਤਾਂ ਜੋ ਇਮਾਰਤ ਦੀ ਪੁਰਾਤਨ ਦਿੱਖ ਉਸੇ ਤਰ੍ਹਾਂ ਬਣੀ ਰਹੇ।
ਵਿਧਾਇਕ ਨਾਗਰਾ ਨੇ ਕਿਹਾ ਕਿ ਪਿੰਡ ਚਨਾਰਥਲ ਕਲਾਂ ਦਾ ਸਕੂਲ ਬਹੁਤ ਪੁਰਾਣ ਸਕੂਲ ਹੈ ਅਤੇ ਇਥੋਂ ਪੜਾਈ ਕਰਕੇ ਕਈ ਵਿਦਿਆਰਥੀ ਉਚ ਅਸਾਮੀਆਂ ‘ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸਮਾਜ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਉਥੋਂ ਦੇ ਨਾਗਰਿਕਾਂ ਨੂੰ ਮਿਆਰੀ ਸਿੱਖਿਆ ਹਾਸਲ ਨਾ ਹੋਵੇ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠਲੀ ਸਰਕਾਰ ਆਪਣੇ ਨਾਗਰਿਕਾਂ ਨੂੰ ਮੁਕਾਬਲੇ ਦੇ ਯੁੱਗ ਦੀ ਮਿਆਰੀ ਪੜਾਈ ਕਰਵਾਉਣ ਲਈ ਵਚਨਬੱਧ ਹੈ।
ਸ. ਨਾਗਰਾ ਨੇ ਦੱਸਿਆ ਕਿ ਚਨਾਰਥਲ ਕਲਾਂ ਨੂੰ ਚਾਰੇ ਪਾਸਿਓਂ ਜੋੜਦੀਆਂ ਸੜਕਾਂ ਦੀ ਮੁਰੰਮਤ ਅਤੇ ਉਨ੍ਹਾਂ ਦੇ ਨਵ ਨਿਰਮਾਣ ‘ਤੇ ਪਿਛਲੇ 13 ਸਾਲਾਂ ਵਿੱਚ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਜਦੋਂ ਕਿ ਮੌਜੂਦਾ ਪੰਜਾਬ ਸਰਕਾਰ ਨੇ ਚਨਾਰਥਲ ਕਲਾਂ ਤੋਂ ਬਾਲਪੁਰ, ਚਨਾਰਥਲ ਕਲਾਂ ਤੋਂ ਅਤਾਪੁਰ, ਚਨਾਰਥਲ ਭੱਲ ਮਾਜਰਾ ਅਤੇ ਜਾਲਖੇੜੀ ਤੋਂ ਰਜਿੰਦਰ ਨਗਰ ਬੈਂਅ ਦੀਆਂ ਸੜਕਾਂ ਦੀ ਮੁੜ ਉਸਾਰੀ ਅਤੇ ਮੁਰੰਮਤ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਛੇਤੀ ਹੀ ਇਨ੍ਹਾਂ ਸੜਕਾਂ ਦਾ ਕੰਮ ਸ਼ੁਰੂ ਹੋ ਜਾਵੇਗਾ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਉਨ੍ਹਾਂ ਭੂਮੀ ਰੱਖਿਆ ਤੇ ਪੰਚਾਇਤੀ ਰਾਜ ਦੇ ਅਧਿਕਾਰੀਆਂ ਨੂੰ ਵਿਆਪਕ ਯੋਜਨਾ ਬਣਾਉਣ ਲਈ ਕਿਹਾ ਹੈ ਜਿਸ ਨਾਲ ਨਾ ਸਿਰਫ ਗੰਦੇ ਪਾਣੀ ਦੀ ਨਿਕਾਸੀ ਹੋ ਸਕੇਗੀ ਉਥੇ ਹੀ ਇਹ ਪਾਣੀ ਖੇਤਾਂ ਵਿੱਚ ਸਿੰਜਾਈ ਲਈ ਵੀ ਵਰਤਿਆ ਜਾਵੇਗਾ।
ਇਸ ਮੌਕੇ ਸਕੂਲ ਦੀ ਪ੍ਰਿਸੀਪਲ ਸ਼੍ਰੀਮਤੀ ਪੁਸ਼ਪਾਲ ਕੌਰ ਨੇ ਦੱਸਿਆ ਕਿ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ 90.16 ਫੀਸਦੀ ਰਿਹਾ ਹੈ ਜਦੋਂ ਕਿ 12ਵੀਂ ਜਮਾਤ ਆਰਟਸ ਗਰੁੱਪ ਦਾ ਨਤੀਜਾ 100 ਫੀਸਦੀ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ ਸਕੂਲ ਦੇ 8 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ ਅਤੇ ਸਕੂਲ ਦੀ 12ਵੀਂ ਦੀ ਵਿਦਿਆਰਣ ਕੰਵਲਜੀਤ ਕੌਰ ਨੇ 83.55 ਅੰਕ ਹਾਸਲ ਕਰਕੇ ਪਹਿਲਾ ਤੇ ਦਸਵੀਂ ਜਮਾਤ ਦੀ ਵਿਦਿਆਰਥਣ ਪ੍ਰੀਤੀ ਨੇ 90.15 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਮੌਕੇ ਐਕਸੀਅਨ ਪੰਚਾਇਤੀ ਰਾਜ ਸ਼੍ਰੀ ਜਸਬੀਰ ਸਿੰਘ, ਪਰਮਵੀਰ ਸਿੰਘ ਟਿਵਾਣਾ, ਨੰਬਰਦਾਰ ਜਗਦੀਪ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀ ਇੰਦਰ ਸਿੰਘ, ਸ਼੍ਰੀ ਲਖਵਿੰਦਰ ਸਿੰਘ ਲੱਖੀ, ਸ਼੍ਰੀ ਅੰਗਦ ਸਿੰਘ, ਅਵਤਾਰ ਸਿੰਘ ਗਿਆਨੀ, ਗੁਰਸੇਵਕ ਸੋਨੀ, ਪ੍ਰਦੀਪ ਸਿੰਘ, ਠੇਕੇਦਾਰ ਪਰਮਜੀਤ ਸਿੰਘ ਤੇ ਕਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ, ਸਕੂਲ ਦੇ ਅਧਿਆਪਕ ਤੇ ਹੋਰ ਪਤਵੰਤੇ ਹਾਜਰ ਹੋਏ।

Leave a Reply

Your email address will not be published. Required fields are marked *