ਪਾਵਰਕਾਮ ਟਾਲ-ਮਟੋਲ ਨੀਤੀ ਅਪਣਾਉਂਦਾ ਰਿਹਾ ਤਾਂ ਪੂਰੇ ਪੰਜਾਬ ਵਿਚ ਕੀਤੇ ਜਾਣਗੇ ਪ੍ਰਦਰਸ਼ਨ : ਪ੍ਰਧਾਨ ਕੜੈਲ
ਮਾਮਲਾ ਟੈਂਡਰ ਨਵੀਂ ਨੀਤੀ ਤਹਿਤ ਦਿੱਤੇ ਜਾਣ
ਪਟਿਆਲਾ, 14 ਮਈ (ਮਧੂਸਾਰ ਬਿਊਰੋ) ਪਿਛਲੇ ਦਿਨੀਂ ਪਾਵਰਕਾਮ ਵਲੋਂ ਆਪਣੇ ਕੰਮਾਂ ਸਬੰਧੀ ਟੈਂਡਰਾਂ ਦੀ ਕਾਲ ਨਵੀਆਂ ਨੀਤੀਆਂ ਅਨੁਸਾਰ ਦਿੱਤੀ ਗਈ ਸੀ, ਜਿਸ ਕਾਰਨ 80 ਫੀਸਦੀ ਠੇਕੇਦਾਰ ਇਸ ਟੈਂਡਰ ਨੂੰ ਭਰਨ ਤੋਂ ਵਾਂਝੇ ਰਹਿ ਗਏ ਸਨ।
ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਕੜੈਲ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਟੈਂਡਰਕਾਰਾ ਨੇ ਰੋਹ ਵਿਚ ਆ ਕੇ ਪਿਛਲੇ ਦਿਨੀਂ ਪਾਵਰਕਾਮ ਦੇ ਬਾਹਰ ਧਰਨਾ ਦਿੱਤਾ ਸੀ ਅਤੇ ਪਾਵਰਕਾਮ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੋਮਵਾਰ ਨੂੰ ਪਰਿਵਾਰ ਸਮੇਤ ਅਣਮਿਥੇ ਸਮੇਂ ਲਈ ਭੁੱਖ ਹੜ੍ਹਤਾਲ ‘ਤੇ ਬੈਠਿਆ ਜਾਵੇਗਾ।
ਉਹਨਾਂ ਦੱਸਿਆ ਕਿ ਇਹ ਸਭ ਕੁੱਝ ਧਿਆਨ ਵਿਚ ਰੱਖਦਿਆਂ ਅੱਜ ਠੇਕੇਦਾਰਾਂ ਨੂੰ ਭੁੱਖ ਹੜ੍ਹਤਾਲ ‘ਤੇ ਬੈਠਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਵਲੋਂ ਠੇਕੇਦਾਰਾਂ ਨੂੰ ਕੰਟਰੋਲ ਵਿਚ ਕਰਨ ਲਈ ਡੀ. ਐਸ. ਪੀ. ਸਿਟੀ ਸੌਰਵ ਜਿੰਦਲ ਨੇ ਠੇਕੇਦਾਰਾਂ ਦੀ ਮੀਟਿੰਗ ਪਾਵਰਕਾਮ ਦੇ ਅਧਿਕਾਰੀ ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਂਡਵ ਨਾਲ ਫਿਕਸ ਕਰਵਾ ਦਿੱਤੀ ਪਰ ਆਰ. ਪੀ. ਪਾਂਡਵ ਦੇ ਨਾ ਹੋਣ ਕਾਰਨ ਉਹਨਾਂ ਦੀ ਗੈਰ ਹਾਜ਼ਰੀ ਵਿਚ ਮੀਟਿੰਗ ਉਪ-ਸਕੱਤਰ ਪੀ. ਐਸ. ਗੁਰਮ ਨਾਲ ਕਰਵਾਈ ਗਈ, ਜਿਨ੍ਹਾਂ ਨੇ ਠੇਕੇਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਤੁਹਾਡੀਆਂ ਮੰਗਾਂ ਪ੍ਰਤੀ ਸਾਡੇ ਵਲੋਂ ਉਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਮਸਲੇ ਦਾ ਸਹੀ ਤਰੀਕੇ ਨਾਲ ਹੱਲ ਕੱਢਣ ਲਈ ਸਾਨੂੰ ਦੋ ਦਿਨ ਦਾ ਸਮਾਂ ਹੋਰ ਦਿੱਤਾ ਜਾਵੇ, ਜਿਸ ‘ਤੇ ਠੇਕੇਦਾਰਾਂ ਵਲੋਂ ਸਹਿਮਤੀ ਜਤਾਉਂਦਿਆ ਅੱਜ ਦਾ ਧਰਨਾ ਟਾਲ ਦਿੱਤਾ ਗਿਆ ਹੈ। ਇਸ ਮੌਕੇ ਨਿਰਮਲ ਸਿੰਘ ਕੜੈਲ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਸਾਡੇ ਵਲੋਂ ਪਾਵਰਕਾਮ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਹਰੇਕ ਵਾਰ ਪਾਵਰਕਾਮ ਵਲੋਂ ਸਮਾਂ ਲੈ ਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਇਸ ਵਾਰ ਇੰਝ ਹੀ ਹੋਇਆ ਤਾਂ ਸਾਡੀ ਯੂਨੀਅਨ ਵਲੋਂ ਸਮੁੱਚੇ ਪੰਜਾਬ ਵਿਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤੇ ਜਾਣਗੇ, ਜਿਸਦੀ ਜ਼ਿੰਮੇਵਾਰੀ ਪਾਵਰਕਾਮ ਦੀ ਹੋਵੇਗੀ। ਇਸ ਮੌਕੇ ਕਿਸਾਨ ਯੂਨੀਅਨ ਡਕੌਂਦਾ ਦੇ ਕਰਨੈਲ ਸਿੰਘ ਲੰਗ ਜਿਲਾ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਤੁੱਲੇਵਾਲ, ਹਰਭਜਨ ਸਿੰਘ ਚੱਠਾ ਸੀ. ਮੀਤ ਪ੍ਰਧਾਨ, ਨਿਸ਼ਾਨ ਸਿੰਘ
ਧਰਮੇੜੀ ਸਕੱਤਰ, ਦਵਿੰਦਰ ਸ਼ਰਮਾ ਮੁਕਤਸਰ, ਸੁਖਰਾਜ ਮੁਕਤਸਰ, ਅਮਨਦੀਪ ਸਿੰਘ ਫਾਜ਼ਿਲਕਾ, ਗੁਰਨਾਮ ਸਿੰਘ ਸੇਖੋਂ, ਅਮਨਦੀਪ ਗੋਲਡੀ ਕੈਂਟ ਕਪੂਰਥਲਾ, ਲਖਵਿੰਦਰ ਬਾਠ ਫਰੀਦਕੋਟ ਆਦਿ ਮੌਜੂਦ ਸਨ।

