ਬਿਜਲੀ ਮੁਲਾਜਮਾਂ ਨੇ ਸੂਬਾ ਪੱਧਰ ਤੇ ਮੰਡਲ ਦਫਤਰਾਂ ਅੱਗੇ ਪਾਵਰ ਮੈਨੇਜਮੈਂਟ ਦੀਆਂ ਅਰਥੀਆਂ ਫੂਕੀਆਂ
13 ਜੂਨ ਨੂੰ ਹੈਡ ਆਫਿਸ ਪਟਿਆਲਾ ਅੱਗੇ ਸੂਬਾ ਪੱਧਰੀ ਧਰਨੇ ਦਾ ਐਲਾਨ
ਪਟਿਆਲਾ 18 ਮਈ (ਮਧੂਸਾਰ ਬਿਊਰੋ) ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਪਹਿਲਵਾਨ) ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਕਰਮਚਾਰੀ ਦਲ, ਇੰਪਲਾਈਜ਼ ਫੈਡਰੇਸ਼ਨ ਬਿਜਲੀ ਮੁਲਾਜਮ ਫਰੰਟ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ, ਵਰਕਰਜ਼ ਫੈਡਰੇਸ਼ਨ ਇੰਟਕ ਅਤੇ ਪੰਜਾਬ ਰਾਜ ਬਿਜਲੀ ਮਜਦੂਰ ਸੰਘ ਨੇ ਸਮੁੱਚੇ ਪੰਜਾਬ ਅੰਦਰ ਮੰਡਲ ਦਫਤਰਾਂ ਅੱਗੇ ਰੋਹ ਭਰਪੂਰ ਰੈਲੀਆਂ ਕਰਕੇ ਪਾਵਰ ਮੈਨੇਜਮੈਂਟ ਦੀਆਂ ਅਰਥੀਆਂ ਸਾੜ ਕੇ ਰੋਸ ਪ੍ਰਗਟ ਕੀਤਾ।
ਮੁਲਾਜਮ ਮੰਗ ਕਰ ਰਹੇ ਸਨ ਕਿ ਪਾਵਰ ਮੈਨੇਜਮੈਂਟ ਜੁਆਇੰਟ ਫੋਰਮ ਨਾਲ ਕੀਤੇ ਲਿਖਤੀ ਸਮਝੌਤਿਆਂ ਅਨੁਸਾਰ ਮੰਨੀਆਂ ਮੰਗਾਂ ਲਾਗੂ ਕਰੇ। ਜੁਆਇੰਟ ਫੋਰਮ ਦੇ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬੀ.ਐਸ. ਸੇਖੋਂ, ਹਰਭਜਨ ਸਿੰਘ, ਜੈਲ ਸਿੰਘ, ਹਰਮੇਸ ਧੀਮਾਨ, ਬ੍ਰਿਜ ਲਾਲ, ਫਲਜੀਤ ਸਿੰਘ, ਰਣਬੀਰ ਪਾਤੜਾਂ, ਅਵਤਾਰ ਕੈਥ, ਗੁਰਸੇਵਕ ਸਿੰਘ, ਸੁਖਦੇਵ ਸਿੰਘ, ਵਿਜੇ ਕੁਮਾਰ, ਪ੍ਰਕਾਸ਼ ਸਿੰਘ ਮਾਨ, ਕਰਮਚੰਦ ਖੰਨਾ, ਕੰਵਲਜੀਤ ਸਿੰਘ, ਅਮਰੀਕ ਸਿੰਘ ਨੁਰਪੁਰ, ਮਹਿੰਦਰ ਨਾਥ ਅਤੇ ਪਰਮਜੀਤ ਸਿੰਘ ਨੇ ਵੱਖ-ਵੱਖ ਸਰਕਲਾਂ ਪਟਿਆਲਾ, ਸੰਗਰੂਰ, ਬਰਨਾਲਾ, ਮੁਹਾਲੀ, ਰੋਪੜ, ਖੰਨਾ, ਲੁਧਿਆਣਾ, ਫਰੀਦਕੋਟ, ਫਿਰੋਜਪੁਰ, ਬਠਿੰਡਾ, ਅੰਮ੍ਰਿਤਸਰ, ਮੁਕਤਸਰ, ਨਵਾਂ ਸ਼ਹਿਰ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਸਬ ਅਰਬਨ ਲੁਧਿਆਣਾ, ਤਰਨਤਾਰਨ, ਰੋਪੜ ਥਰਮਲ, ਸਾਹਪੁਰ ਕੰਡੀ, ਬਠਿੰਡਾ ਅਤੇ ਲਹਿਰਾ ਮੁਹੱਬਤ ਥਰਮਲ ਵਿਖੇ ਵੱਖ-ਵੱਖ ਥਾਵਾਂ ਤੇ ਸੰਬੋਧਨ ਕਰਦਿਆਂ ਮੈਨੇਜਮੈਂਟ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਅਤੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਨੇ ਮਿਤੀ 10-4-2018 ਨੂੰ ਲਿਖਤੀ ਸਮਝੌਤਾ ਕਰਕੇ ਇੱਕ ਮਹੀਨੇ ਅੰਦਰ ਮੰਨੀਆਂ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ। ਜੋ ਕਿ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਵੇਂ ਪੇ ਬੈਂਡ ਵਿੱਚ 1-12-2011 ਤੋਂ ਵਾਧਾ ਦੇਣਾ, ਬਿਨਾਂ ਸ਼ਰਤ 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧੇ ਦੇਣ ਦਾ ਫੈਸਲਾ ਕਰਨਾ, ਵਰਕਚਾਰਜ ਅਤੇ ਆਰ.ਟੀ.ਐਮ. ਕਾਮੇ ਪੱਕੇ ਕਰਨਾ, ਨਵੀਂ ਭਰਤੀ ਰਾਹੀਂ ਸਹਾਇਕ ਲਾਈਨਮੈਨ, ਜੇ.ਈ., ਐਲ.ਡੀ.ਸੀ. ਆਦਿ ਨੂੰ ਨਿਯੁਕਤੀ ਪੱਤਰ ਦੇਣਾ, ਕੰਟਰੈਕਟ ਲਾਈਨਮੈਨਾਂ ਨੂੰ ਰੈਗੂਲਰ ਕਰਕੇ ਪੂਰਾ ਸਕੇਲ ਦੇਣਾ, ਥਰਮਲਾਂ ਸਮੇਤ ਸਾਰੇ ਕੇਡਰਾਂ ਦੇ ਯੋਗ ਮੁਲਾਜਮਾਂ ਦੀਆਂ ਤਰੱਕੀਆਂ, ਕੰਟਰੈਕਟ ਕਾਮੇ ਪੱਕੇ ਕਰਨ ਸਮੇਤ ਉਨ੍ਹਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ, ਡਿਪਟੀ ਸਕੱਤਰ ਦੀ ਅਸਾਮੀ ਵਿਰੁੱਧ ਤੈਨਾਤ ਕੀਤੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਵਾਪਸ ਕਰਨ, ਸੁਪਰਡੈਂਟ ਕੇਡਰ-1 ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਨ ਅਤੇ 25 ਨੁਕਾਤੀ ਮੰਗ ਪੱਤਰ ਅਨੁਸਾਰ ਮੰਗਾਂ ਦਾ ਨਿਪਟਾਰਾ ਕਰਨ ਤੋਂ ਲਗਾਤਾਰ ਟਾਲ ਮਟੋਲ ਕਰ ਰਹੀ ਹੈ। ਪੰਜਾਬ ਸਰਕਾਰ ਵੀ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਦਾ 22 ਮਹੀਨਿਆਂ ਦਾ ਏਰੀਅਰ ਦੇਣ, ਡੀ.ਏ. ਦੀਆਂ ਕਿਸ਼ਤਾਂ ਵਿੱਚ ਕੇਂਦਰ ਸਰਕਾਰ ਵਾਗ ਵਾਧਾ ਦੇਣ, ਛੇਵੇ ਤਲਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਖਾਲੀ ਪੋਸਟਾਂ ਭਰਨ ਤੇ ਕੰਟਰੈਕਟ ਕਾਮੇ ਪੱਕੇ ਕਰਨ ਤੋਂ ਆਨਾ ਕਾਨੀ ਕਰ ਰਹੀ ਹੈ। ਜਿਸ ਕਾਰਨ ਮੁਲਾਜਮਾਂ ਵਿੱਚ ਲਗਾਤਾਰ ਰੋਸ ਵੱਧ ਰਿਹਾ ਹੈ। ਥਰਮਲ ਯੂਨਿਟ ਬੰਦ ਕਰਕੇ ਮੁਲਾਜਮ ਘਰੋਂ ਬੇਘਰ ਕੀਤੇ ਜਾ ਰਹੇ ਹਨ। ਸਕਾਡਾ ਸਕੀਮ ਤਹਿਤ ਮਨੁੱਖ ਰਹਿਤ ਗਰਿਡ ਸਬ ਸਟੇਸ਼ਨ ਲਗਾਏ ਜਾ ਰਹੇ ਹਨ। ਨਿਜੀਕਰਨ ਦੀ ਨੀਤੀ ਤਹਿਤ ਆਊਟ ਸੋਰਸਿੰਗ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਜਿਸ ਵਿਰੁੱਧ ਬਿਜਲੀ ਮੁਲਾਜਮ 23 ਮਈ ਤੋਂ 30 ਮਈ ਤੱਕ ਸਰਕਲ ਕਨਵੈਨਸ਼ਨਾਂ ਕਰਕੇ 13 ਜੂਨ ਨੂੰ ਹੈਡ ਆਫਿਸ ਪਟਿਆਲਾ ਅੱਗੇ ਹਜਾਰਾਂ ਦੀ ਗਿਣਤੀ ਵਿੱਚ ਰੋਹ ਭਰਪੂਰ ਧਰਨਾ ਦੇਣਗੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਉਹ ਅੱਜ ਤੋਂ ਹੀ ਲਗਾਤਾਰ ਦੌਹਾਂ ਨਿਗਮਾ ਦੇ ਸੀ.ਐਮ.ਡੀ. ਅਤੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਵਿਖਾਵੇ ਕਰਨਗੇ ਅਤੇ ਵਰਕ ਟੂ ਰੂਲ ਅਨੁਸਾਰ ਡਿਊਟੀ ਕਰਨਗੇ। ਇਨ੍ਹਾਂ ਆਗੂਆਂ ਪਾਵਰ ਮੈਨੇਜਮੈਂਟਾਂ ਅਤੇ ਪੰਜਾਬ ਸਰਕਾਰ ਨੂੰ ਸਖਤ ਲਹਿਜੇ ਵਿੱਚ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਦਿੱਤੇ ਭਰੋਸੇ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਅਤੇ ਰਹਿੰਦੀਆਂ ਦਾ ਨਿਪਟਾਰਾ ਨਾ ਕੀਤਾ ਤਾਂ ਉਹ ਸੰਘਰਸ਼ ਨੂੰ ਇਸ ਸਮੇਂ ਦੌਰਾਨ ਹੋਰ ਤਿੱਖਾ ਰੂਪ ਦੇਣਗੇ, ਜਿਸ ਦੀ ਜਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।

