ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੁਜਾਹਰਾ ਅਤੇ ਧਰਨਾ
ਪਟਿਆਲਾ 18 ਮਈ (ਮਧੂਸਾਰ ਬਿਊਰੋ) ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਨਾਭਾ ਬਲਾਕ ਨਾਲ ਸਬੰਧਤ ਪਿੰਡ ਬਿਨਾਹੇੜੀ, ਬੌੜਾ ਕਲਾਂ ਅਤੇ ਸਰਾਜਪੁਰ ਦੀ ਪੰਚਾਇਤੀ ਜਮੀਨ ਦੇ ਰਾਖਵੇ ਕੋਟੇ ਦੀ ਤੀਜੇ ਹਿੱਸੇ ਦੀ ਪੂਰੀ ਜਮੀਨ ਘੱਟ ਰੇਟ ਤੇ 99 ਸਾਲਾ ਪਟੇ ਅਤੇ ਪੇਂਡੂ ਮਜਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਦੇਣ ਦੀ ਮੰਗ ਨੂੰ ਲੈ ਕੇ ਅੱਜ ਪਟਿਆਲਾ ਵਿਖੇ ਮੁਜ਼ਾਹਰਾ ਕਰਨ ਮਗਰੋਂ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਧਰਨਾ ਦਿੱਤਾ। ਜਿਸਦੀ ਅਗਵਾਈ ਗੁਰਚਰਨ ਸਿੰਘ ਡਕੌਂਦਾ, ਬਲਵੰਤ ਸਿੰਘ ਬਿਨਾਹੇੜੀ ਅਤੇ ਗੁਰਦੇਵ ਬੌੜਾ ਕਲਾਂ ਨੇ ਕੀਤੀ।
ਕਮੇਟੀ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਿਨਾਹੇੜੀ ਦੀ ਕੁੱਲ ਪੰਚਾਇਤੀ ਜਮੀਨ 146 ਏਕੜ ਦੱਸੀ ਗਈ ਜਿਸ ਮੁਤਾਬਿਕ ਦਲਿਤਾਂ ਦੇ ਤੀਜੇ ਹਿੱਸੇ ਦੀ ਰਾਖਵੇ ਕੋਟੇ ਦੀ ਜਮੀਨ 48 ਏਕੜ ਬਣਦੀ ਹੈ ਪਰ ਬੋਲੀ 24 ਏਕੜ ਦੀ ਕਰਵਾਈ ਜਾਂਦੀ ਹੈ। ਸੰਘਰਸ਼ ਕਮੇਟੀ ਪਿਛਲੇ ਸਾਲ ਵੀ ਇਸ ਸਬੰਧੀ ਮੰਗ-ਪੱਤਰ ਦੇ ਚੁੱਕੀ ਹੈ ਪਰ ਅਧਿਕਾਰੀ ਮਸਲਾ ਹੱਲ ਨਹੀਂ ਕਰ ਰਹੇ।
ਆਗੂਆਂ ਨੇ ਕਿਹਾ ਕਿ ਬੌੜਾ ਕਲਾਂ ‘ਚ ਤੀਜੇ ਹਿੱਸੇ ਦੀ ਜਮੀਨ 88 ਬਿਘੇ ਬਣਦੀ ਹੈ 2017 ‘ਚ ਬੋਲੀ 75 ਬਿਘੇ ਦੀ 282600/- ਰੁਪਏ ‘ਚ ਕੀਤੀ ਗਈ ਪਰ ਕਬਜਾ 47 ਬਿਘੇ ਦਾ ਹੀ ਦਿੱਤਾ ਗਿਆ। ਬੋਲੀ ਧਾਰਕਾਂ ਨੇ ਫਿਰ ਵੀ 54 ਬਿਘੇ ਜਮੀਨ ਦੇ 2,36,460/- ਰੁਪਏ ਭਰ ਦਿੱਤੇ ਪਰ ਹੁਣ ਬੀ.ਡੀ.ਪੀ.ਓ. ਨਾਭਾ ਜਮੀਨ ਪੂਰੀ ਨਾ ਦੇਣ ਦੇ ਬਾਵਜੂਦ 75 ਬਿਘੇ ਦੇ ਬਾਕੀ 46140 ਰੁਪਏ ਭਰਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਪੁਲੀਸ ਕੇਸ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜੋ ਕਿ ਦਲਿਤਾਂ ਨਾਲ ਸਰਾਸਰ ਧੱਕਾ ਹੈ।
ਧਰਨਾਕਾਰੀਆਂ ਦੇ ਵਫਦ ਨੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਂ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਤੋਂ ਕਬਜੇ ‘ਚ ਮਿਲੀ ਅਸਲ ਜਮੀਨ ਦੇ ਰੁਪਏ ਭਰਾਏ ਜਾਣ ਅਤੇ ਅੱਗੇ ਤੋਂ ਤੀਜੇ ਹਿੱਸੇ ਦੀ ਬਣਦੀ ਜਮੀਨ ਪੂਰੀ ਕਰਕੇ ਘੱਟ ਰੇਟ ਤੇ 99 ਸਾਲਾ ਲਈ ਪਟੇ ਤੇ ਦਿੱਤੀ ਜਾਵੇ।

