ਪਟਿਆਲਾ

ਖੱਬੀਆਂ ਅਤੇ ਜਮਹੂਰੀ ਪਾਰਟੀਆਂ ਅਤੇ ਕੌਮੀ ਮੰਚ ਵੱਲੋਂ ਮੋਦੀ ਸਰਕਾਰ ਵਿਰੁੱਧ ਰੈਲੀ

ਪਟਿਆਲਾ 23 ਮਈ (ਮਧੂਸਾਰ ਬਿਊਰੋ) ਖੱਬੀਆਂ ਅਤੇ ਜਮਹੂਰੀ ਪਾਰਟੀਆਂ ਨਾਲ ਸਬੰਧਤ ਜਨਤਕ ਜੱਥੇਬੰਦੀਆਂ ਦੇ ਸੱਦੇ ਤੇ ਕੌਮੀ ਮੰਚ ਵੱਲੋਂ ਦਿੱਤੇ ਸੱਦੇ ਅਨੁਸਾਰ ਪਟਿਆਲਾ ਮਿੰਨੀ ਸਕੱਤਰੇਤ ਸਾਹਮਣੇ ਰੋਹ ਭਰਪੂਰ ਰੈਲੀ ਕੀਤੀ। ਇਸ ਦੌਰਾਨ ਸੀ.ਪੀ.ਆਈ. ਅਤੇ ਸੀ.ਪੀ.ਐਮ. ਨਾਲ ਸਬੰਧਤ ਜੱਥੇਬੰਦੀਆਂ ਦੇ ਕਾਮਿਆਂ ਨੇ ਹਿੱਸਾ ਲਿਆ।

ਰੈਲੀ ਦੀ ਅਗਵਾਈ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਧਰਮਪਾਲ ਸਿੰਘ ਸੀਲ, ਕਾਮਰੇਡ ਕੁਲਵੰਤ ਸਿੰਘ ਮੋਲਵੀਵਾਲਾ ਅਤੇ ਕਾਮਰੇਡ ਗੁਰਦਰਸ਼ਨ ਸਿੰਘ ਨੇ ਕੀਤੀ। ਇਸ ਪੋਲ ਖੋਲ ਹੱਲਾ ਬੋਲ ਰੈਲੀ ਵਿੱਚ ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ ਕੀਤੇ 2014 ਦੇ ਚੋਣ ਵਾਅਦਿਆਂ ਬਾਰੇ ਯਾਦ ਕਰਵਾਇਆ।
ਬੁਲਾਰਿਆਂ ਨੇ ਮੰਗ ਕੀਤੀ ਕਿ ਕਿਸਾਨਾਂ ਮਜਦੂਰਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਵਾਸਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ ਅਤੇ ਮੁਕੰਮਲ ਜਮੀਨੀ ਸੁਧਾਰ ਲਾਗੂ ਕੀਤੇ ਜਾਣ। ਡੀਜਲ, ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ ਰੋਕਣ ਲਈ ਜੀ.ਐਸ.ਟੀ. ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ ਲਾਏ ਹੋਏ ਵਾਧੂ ਟੈਕਸ ਵਾਪਸ ਲਏ ਜਾਣ।
ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਮਿਤੀ 26 ਅਕਤੂਬਰ 2016 ਦੇ ਫੈਸਲੇ ਮੁਤਾਬਿਕ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ਅਤੇ ਮੁਲਾਜਮਾਂ ਦੀ ਪੱਕੀ ਭਰਤੀ ਕੀਤੀ ਜਾਵੇ। ਆਗੂਆਂ ਨੇ ਸੰਬੋਧਨ ਵਿੱਚ ਕਿਹਾ ਕਿ ਮੋਦੀ ਸਰਕਾਰ ਆਪਣੇ ਵਾਅਦੇ ਮੁਤਾਬਿਕ ਵਿਦੇਸ਼ਾਂ ਤੋਂ ਕਾਲਾ ਧੰਨ ਵਾਪਸ ਲਿਆਵੇ ਅਤੇ ਲੋਕਾਂ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮ੍ਹਾਂ ਕਰਵਾਏ। ਮਨਰੇਗਾ ਵਿੱਚ ਕੰਮ ਕਰਦੇ ਕਾਮਿਆਂ ਦੀ ਦਿਹਾੜੀ 600/- ਰੁਪਏ ਕੀਤੀ ਜਾਵੇ ਅਤੇ ਸਾਲ ਵਿੱਚ ਦੋ ਸੋ ਦਿਨ ਦਾ ਕੰਮ ਯਕੀਨੀ ਬਣਾਇਆ ਜਾਵੇ। ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੁਜਗਾਰੀ ਭੱਤਾ ਦਿੱਤਾ ਜਾਵੇ, ਅਵਾਰਾ ਪਸ਼ੂਆਂ ਦੇ ਵਪਾਰ ਦੀ ਖੁਲ ਦਿੱਤੀ ਜਾਵੇ, ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕੀਤਾ ਜਾਵੇ, ਜਮਹੂਰੀ ਸੰਸਥਾਵਾਂ ਦਾ ਭਗਵਾਕਰਨ ਬੰਦ ਕੀਤਾ ਜਾਵੇ, ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਨੀਆਂ ਬੰਦ ਕੀਤੀਆਂ ਜਾਣ। ਅੱਜ ਦੀ ਰੈਲੀ ਨੂੰ ਸਰਬ ਸ੍ਰੀ ਕਾਮਰੇਡ ਸਤਪਾਲ ਸਿੰਘ, ਰਾਮ ਚੰਦ ਚੁਨਾਗਰਾ, ਚੌਧਰੀ ਮੁਹੰਮਦ ਸਦੀਕ, ਕਸ਼ਮੀਰ ਸਿੰਘ ਗੁਦਾਈਆ, ਹਰਿੰਦਰ ਲਾਖਾ, ਕਰਮ ਚੰਦ ਭਾਰਦਵਾਜ, ਸੁੱਚਾ ਸਿੰਘ, ਸੁਖਦੇਵ ਰਾਮ ਸੁੱਖੀ, ਰੇਸ਼ਮ ਸਿੰਘ, ਬੀਬੀ ਰਵਿੰਦਰ ਜੀਤ ਕੌਰ, ਸੰਤੋਖ ਸਿੰਘ, ਨਛੱਤਰ ਸਿੰਘ, ਬ੍ਰਿਜ ਲਾਲ, ਹਰਬੰਸ ਸਿੰਘ ਬੋੜਾ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *