ਪਟਿਆਲਾ

ਜ਼ਿਲ੍ਹੇ ਅੰਦਰ ਹੈਜਾ ਵਿਰੋਧੀ ਕਦਮ ਉਠਾਉਣ ਦੇ ਆਦੇਸ਼

ਕੱਟੇ ਤੇ ਅਣਢੱਕੇ ਫ਼ਲ ਤੇ ਸਬਜ਼ੀਆਂ ਦੀ ਵਿਕਰੀ ਰੋਕਣ ਸਮੇਤ ਸਿਹਤ ਲਈ ਹਾਨੀਕਾਰਕ ਭੋਜਨ ਪਦਾਰਥਾਂ ਦੀ ਜਾਂਚ ਕਰਕੇ ਨਸ਼ਟ ਕਰਵਾਉਣ ਦੇ ਹੁਕਮ
ਪਟਿਆਲਾ, 31 ਮਈ (ਮਧੂਸਾਰ ਬਿਊਰੋ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਏਪੀਡਿਮਿਕ ਡੀਸੀਜ ਐਕਟ 1897 ਤਹਿਤ ਪੰਜਾਬ ਸਰਕਾਰ ਵੱਲੋਂ ਮਿਤੀ 22/5/2018 ਨੂੰ ਜਾਰੀ ਨੋਟੀਫਿਕੇਸ਼ਨ ਦੇ ਹਵਾਲੇ ਨਾਲ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਨਗਰ ਨਿਗਮ ਅਤੇ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਖੇਤਰ ਵਿੱਚ ਤੁਰੰਤ ਹੈਜਾ ਵਿਰੋਧੀ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ।

ਡਿਪਟੀ ਕਮਿਸ਼ਨਰ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਗਲੇ-ਸੜ੍ਹੇ ਫ਼ਲ ਵੇਚਣ ਤੇ ਭੰਡਾਰਨ ਸਮੇਤ ਕੱਟੀਆਂ ਸਬਜ਼ੀਆਂ, ਮੀਟ, ਕੇਕ, ਮਿਠਾਈਆਂ, ਬਿਸਕੁਟ, ਬਰੈਡ, ਭੁੰਨੇ ਦਾਣਿਆਂ ਸਮੇਤ ਹੋਰ ਖਾਣ ਪੀਣ ਯੋਗ ਵਸਤਾਂ, ਜਿਨ੍ਹਾਂ ਨੂੰ ਜਾਲੀਦਾਰ ਕੱਪੜੇ ਜਾਂ ਸ਼ੀਸ਼ੇ ਦੇ ਜਾਰ ਹੇਠ ਢੱਕ ਕੇ ਨਾ ਰੱਖਿਆ ਹੋਵੇ, ਵੇਚਣ ਦੀ ਮਨਾਹੀ ਹੈ।
ਇਸ ਤੋਂ ਬਿਨਾਂ ਅਜਿਹੀ ਆਈਸ ਕੈਂਡੀ, ਆਈਸ ਕਰੀਮ, ਮਿਨਰਲ ਵਾਟਰ, ਸੋਡੇ ਬੱਤੇ ਆਦਿ ਜਿਨ੍ਹਾਂ ਨੂੰ ਮਨੁੱਖੀ ਖਾਣ ਪੀਣ ਲਈ ਨੁਕਸਾਨਦੇਹ ਮੰਨਿਆ ਗਿਆ ਹੋਵੇ ਦੇ ਭੰਡਾਰਨ, ਵੇਚਣ ਤੇ ਬਣਾਉਣ ‘ਤੇ ਵੀ ਪਾਬੰਦੀ ਰਹੇਗੀ। ਜਦੋਂਕਿ ਵੇਚਣ ਲਈ ਖੁਲ੍ਹੇ ‘ਚ ਰੱਖੇ ਗੰਨੇ ਤੋਂ ਬਣੇ ਖਾਣ-ਪੀਣਯੋਗ ਪਦਾਰਥ ਵੀ ਨਹੀਂ ਵੇਚੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਪਟਿਆਲਾ ਦੇ ਸਿਵਲ ਸਰਜਨ, ਸਾਰੇ ਸਰਕਾਰੀ ਹਸਪਤਾਲਾਂ, ਨਗਰ ਨਿਗਮ ਦੇ ਸਿਹਤ ਅਫ਼ਸਰ, ਸਥਾਨਕ ਸਰਕਾਰਾਂ ਦੇ ਸੀਨੀਅਰ ਮੈਡੀਕਲ ਅਫ਼ਸਰ, ਮੈਡੀਕਲ ਅਫ਼ਸਰ, ਜ਼ਿਲ੍ਹਾ ਐਪੀਡੋਮੋਲੋਜਿਸਟ, ਸਿਹਤ ਸੁਪਰਵਾਈਜਰ, ਫੂਡ ਇੰਸਪੈਕਟਰਜ ਅਤੇ ਜ਼ਿਲ੍ਹੇ ਦੇ ਸਾਰੇ ਮੈਜਿਸਟ੍ਰੇਟਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬਾਜ਼ਾਰਾਂ ‘ਚ ਹੈਜਾ ਰੋਕੂ ਹੁਕਮਾਂ ਬਾਬਤ ਜਾਂਚ ਕਰਨਗੇ। ਖਰਾਬ ਪਾਏ ਜਾਂਦੇ ਖਾਧ ਪਦਾਰਥਾਂ ਦੀ ਵਿਕਰੀ ਰੁਕਵਾਉਣਗੇ ਅਤੇ ਇਨ੍ਹਾਂ ਨੂੰ ਨਸ਼ਟ ਕਰਵਾਉਣਗੇ ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਸ ਤੋਂ ਬਿਨ੍ਹਾਂ ਸੋਡਾ ਵਾਟਰ, ਮਿਨਰਲ ਵਾਟਰ ਤੇ ਆਈਸ ਕਰੀਮ ਫੈਕਟਰੀਆਂ ਦੀ ਵੀ ਜਾਂਚ ਕੀਤੀ ਜਾਵੇ ਅਤੇ ਸਟੇਟ ਬੈਕਟੀਰੀਲੋਜਿਸਟ ਪੰਜਾਬ ਤੋਂ ਜਾਰੀ ਸਰਟੀਫਿਕੇਟਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮੂਹ ਨਾਗਰਿਕਾਂ ਨੂੰ ਹੈਜਾ ਰੋਗ ਅਤੇ ਇਸ ਤੋਂ ਬਚਾਅ ਤੇ ਰੋਕਥਾਮ ਸਬੰਧੀਂ ਬਾਰੇ ਜਾਣੂ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਹੁਕਮ 31 ਦਸੰਬਰ 2018 ਤੱਕ ਜਾਰੀ ਰਹਿਣਗੇ।

Leave a Reply

Your email address will not be published. Required fields are marked *