ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਮੁੱਖ ਮੰਤਰੀ ਦੀ ਪਹਿਲੀ ਤਰਜੀਹ-ਬ੍ਰਹਮ ਮਹਿੰਦਰਾ
-ਸਰਕਾਰੀ ਮੈਡੀਕਲ ਕਾਲਜਾਂ ਤੇ ਰਜਿੰਦਰਾ ਹਸਪਤਾਲ ਦੀ ਪੁਰਾਣੀ ਸ਼ਾਨ ਤੇ ਰੁਤਬਾ ਬਹਾਲ ਕਰਵਾਏਗੀ ਕੈਪਟਨ ਸਰਕਾਰ-ਪਰਨੀਤ ਕੌਰ
ਪਟਿਆਲਾ, 31 ਮਈ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਤੇ ਦੋ ਡੈਂਟਲ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਗਠਿਤ ਕੀਤੀ ਉੱਚ ਤਾਕਤੀ ਕਮੇਟੀ ਦੀ ਮੀਟਿੰਗ ਅੱਜ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਪੰਜਾਬ ਦੇ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਅਤੇ ਕਮੇਟੀ ਦੇ ਮੁਖੀ ਸ਼੍ਰੀ ਬ੍ਰਹਮ ਮਹਿੰਦਰਾ ਅਤੇ ਪੈਟਰਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਦੀ ਅਗਵਾਈ ਵਿੱਚ ਹੋਈ। ਅੱਜ ਦੀ ਇਸ ਮੀਟਿੰਗ ਵਿੱਚ ਮੈਡੀਕਲ ਖੇਤਰ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਮਿਆਰੀ ਤੇ ਵਾਜਬ ਖਰਚੇ ‘ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਤਰਜੀਹ ਹੈ, ਇਸ ਲਈ ਸੂਬੇ ਦੇ ਪਟਿਆਲਾ, ਫਰੀਦਕੋਟ ਤੇ ਅੰਮ੍ਰਿਤਸਰ ਵਿਖੇ ਸਥਿਤ ਮੈਡੀਕਲ ਤੇ ਡੈਂਟਲ ਕਾਲਜਾਂ ਅਤੇ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਠੋਸ ਕਦਮ ਚੁੱਕੇ ਜਾਣ ਲਈ ਇਸ ਉਚ ਤਾਕਤੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਦੀਆਂ ਸਿਫ਼ਾਰਸ਼ਾਂ ਨੂੰ ਬਹੁਤ ਜਲਦ ਲਾਗੂ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਇਹਨਾਂ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ, ਬਿਹਤਰ ਐਮਰਜੈਂਸੀ ਤੇ ਆਈ.ਸੀ. ਯੂ. ਸਹੂਲਤਾਂ ਤੇ ਲੋੜੀਂਦੀ ਮਸ਼ੀਨਰੀ ਉਪਲਬਧ ਕਰਵਾਉਣ ਸਮੇਤ ਹਸਪਤਾਲ ‘ਚ ਸਾਫ ਸਫਾਈ, ਪੀਣ ਲਈ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ, ਮੈਡੀਕਲ ਸਟਾਫ ਦੀ ਘਾਟ ਤੁਰੰਤ ਪੂਰਾ ਕਰਨ ਦੇ ਆਦੇਸ਼ ਦਿੱਤੇ ਹਨ। ਉਹਨਾਂ ਦੱਸਿਆ ਕਿ ਇਹਨਾਂ ਸਾਰੇ ਖੇਤਰਾਂ ‘ਚ ਛੇਤੀ ਹੀ ਤੇਜੀ ਨਾਲ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਸ਼੍ਰੀ ਮਹਿੰਦਰਾ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ 10 ਸਾਲ ਮੈਡੀਕਲ ਖੇਤਰ ਅਣਗੌਲਿਆ ਕਰਨ ਕਾਰਨ ਰਾਜ ਦੇ ਮੈਡੀਕਲ ਕਾਲਜ ਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਨਾਜੁਕ ਬਣ ਗਈ ਸੀ। ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ
ਸ਼੍ਰੀ ਮਹਿੰਦਰਾ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ 100 ਕਰੋੜ ਰੁਪਏ ਜਾਰੀ ਵੀ ਕਰ ਦਿੱਤੇ ਹਨ ਜਿਸ ਨਾਲ 42 ਕਰੋੜ ਦੇ ਕੰਮ ਸ਼ੁਰੂ ਹੋ ਗਏ ਹਨ। ਜਦ ਕਿ 58 ਕਰੋੜ ਦੇ ਕੰਮ ਛੇਤੀ ਹੀ ਸ਼ੁਰੂ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਮੈਡੀਕਲ ਸਹੂਲਤਾਂ ਉਪਲਬਧ ਕਰਾਉਣ ਦੀ ਹਦਾਇਤ ਕੀਤੀ ਹੈ। ਉਹਨਾਂ ਦੱਸਿਆ ਕਿ ਸੁਪਰ ਸਪੈਸ਼ਲਿਟੀ ਬਲਾਕ ਅਤੇ ਜੱਚਾ ਤੇ ਬੱਚਾ ਬਲਾਕ ਦੀ ਉਸਾਰੀ ਚਲ ਰਹੀ ਹੈ ਅਤੇ ਉਹ ਛੇਤੀ ਹੀ ਬਣ ਕੇ ਤਿਆਰ ਹੋ ਜਾਣਗੇ।
ਮੀਟਿੰਗ ਦੌਰਾਨ ਕਮੇਟੀ ਦੇ ਪੈਟਰਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦਾ ਸਰਕਾਰੀ ਰਜਿੰਦਰਾ ਹਸਪਤਾਲ ਕਿਸੇ ਵੇਲੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਮਰੀਜਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਜਾਣਿਆ ਜਾਂਦਾ ਸੀ ਪਰ ਹੁਣ ਇਸ ਦੀ ਹਾਲਤ ਨਾਜੁਕ ਹੋਣ ਕਾਰਨ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਮਹਿੰਗਾ ਇਲਾਜ਼ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਛੇਤੀ ਹੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਸਮੇਤ ਪਟਿਆਲਾ, ਫਰੀਦਕੋਟ ਤੇ ਅੰਮ੍ਰਿਤਸਰ ਦੇ ਮੈਡੀਕਲ ਤੇ ਡੈਂਟਲ ਕਾਲਜਾਂ ਦਾ ਪੁਰਾਣੀ ਸ਼ਾਨ ਤੇ ਰੁਤਬਾ ਬਹਾਲ ਕੀਤਾ ਜਾਵੇਗਾ ਤਾਂ ਕਿ ਗਰੀਬ ਤੇ ਲੋੜਵੰਦ ਵਿਅਕਤੀ ਇਲਾਜ ਕਰਵਾ ਸਕਣ। ਉਹਨਾਂ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਤੇ ਆਈ.ਸੀ.ਯੂ ਨੂੰ ਤੁਰੰਤ ਅਪਗਰੇਡ ਕਰਨ ਲਈ ਵੀ ਕਿਹਾ।
ਮੀਟਿੰਗ ਦੌਰਾਨ ਪੀ.ਜੀ.ਆਈ. ਦੇ ਸਾਬਕਾ ਡਾਇਰੈਕਟਰ ਡਾ: ਕੇ.ਕੇ. ਤਲਵਾੜ ਨੇ ਪੰਜਾਬ ਦੇ ਮੈਡੀਕਲ ਕਾਲਜਾਂ ਤੇ ਸਰਕਾਰੀ ਹਸਪਤਾਲਾਂ ਵਿੱਚ ਟੈਲੀ ਮੈਡੀਕਲ ਪ੍ਰਣਾਲੀ ਨੂੰ ਅਪਣਾਉਣ ਅਤੇ ਅਕੈਡਮਿਕ ਕਮੇਟੀਆਂ ਬਣਾਉਣ ਦੀ ਸਲਾਹ ਦਿੱਤੀ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਦੇ ਉਪ ਕੁਲਪਤੀ ਡਾ: ਰਾਜ ਬਹਾਦਰ ਨੇ ਕਿਹਾ ਕਿ ਮੈਡੀਕਲ ਕਾਲਜ ਤੇ ਹਸਪਤਾਲਾਂ ਦੀ ਅਪਗਰੇਡੇਸ਼ਨ ਲਈ ਖਰਚੇ ਪੈਸੇ ਦਾ ਮੁਕੰਮਲ ਆਡਿਟ ਹੋਣਾ ਚਾਹੀਦਾ ਹੈ ਅਤੇ ਹਸਪਤਾਲ ਵਿੱਚ ਯੂਜ਼ਿਜ਼ ਚਾਰਜਿਜ਼ ਨਾਲ ਇਕੱਤਰ ਹੋਏ ਪੈਸੇ ਨੂੰ ਹਪਸਤਾਲਾਂ ਨੂੰ ਹੀ ਖਰਚਣ ਦੀ ਇਜਾਜਤ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਤੋਂ ਅਧਿਆਪਕਾਂ ਬਾਰੇ ਫੀਡ ਬੈਕ ਵੀ ਸਮੇਂ-ਸਮੇਂ ‘ਤੇ ਲਏ ਜਾਣ ਦੀ ਲੋੜ ਹੈ।
ਮੀਟਿੰਗ ਦੌਰਾਨ ਮੈਡੀਕਲ ਖੋਜ ਤੇ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਸਤੀਸ਼ ਚੰਦਰਾ ਨੇ ਕਮੇਟੀ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ‘ਚ ਸੁਧਾਰ ਤੇ ਅਪਗਰੇਡੇਸ਼ਨ ਲਈ ਮੁੱਖ ਮੰਤਰੀ ਵੱਲੋਂ ਜਾਰੀ ਹਦਾਇਤਾਂ ਨੂੰ ਨਿਰਧਾਰਤ ਸਮੇਂ ਵਿੱਚ ਲਾਗੂ ਕੀਤਾ ਜਾਵੇਗਾ। ਦਿਲ ਦੇ ਰੋਗਾਂ ਦੇ ਮਾਹਰ ਡਾ. ਸੁਧੀਰ ਵਰਮਾ ਨੇ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਘਾਟਾਂ ਅਤੇ ਲੋੜਾਂ ਤੋਂ ਜਾਣੂ ਕਰਵਾਇਆ।
ਮੀਟਿੰਗ ਦੌਰਾਨ ਉੱਚ ਤਾਕਤੀ ਕਮੇਟੀ ਦੇ ਮੈਂਬਰ ਡਾ: ਅਜਮੇਰ ਸਿੰਘ, ਪੰਜਾਬ ਮੈਡੀਕਲ ਕਾਊਂਸਲ ਦੇ ਪ੍ਰਧਾਨ ਡਾ: ਏ.ਐਸ. ਸੇਖੋਂ, ਸਾਬਕਾ ਪ੍ਰਧਾਨ ਡਾ: ਮਨਮੋਹਨ ਸਿੰਘ, ਡੀ.ਆਰ.ਐਮ.ਈ. ਡਾ: ਅਵਿਨਾਸ਼, ਓ.ਐਸ.ਡੀ. ਡਾ: ਪੁਨੀਤ ਗਿਰਧਰ, ਡਾ: ਸੁਧੀਰ ਵਰਮਾ, ਡਾ: ਡੀ.ਐਸ. ਭੁੱਲਰ, ਆਈ.ਐਮ.ਏ. ਪੰਜਾਬ ਦੇ ਪ੍ਰਧਾਨ ਡਾ: ਜੇ.ਕੇ. ਕਾਂਸਲ, ਆਈ.ਐਮ.ਈ. ਪਟਿਆਲਾ ਦੇ ਪ੍ਰਧਾਨ ਡਾ: ਭਗਵੰਤ ਸਿੰਘ ਨੇ ਵੀ ਪੰਜਾਬ ਦੇ ਮੈਡੀਕਲ ਕਾਲਜਾਂ ਤੇ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ‘ਚ ਸੁਧਾਰ ਤੇ ਅਪਗਰੇਡੇਸ਼ਨ ਲਈ ਵਡਮੁੱਲੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੌਰਾਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ: ਬੀ.ਐਸ. ਸਿੱਧੂ, ਮੈਡੀਕਲ ਸੁਪਰਡੈਂਟ ਡਾ: ਬੀ.ਐਸ. ਬਰਾੜ ਵੀ ਹਾਜ਼ਰ ਸਨ।

