ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਉਸਾਰੀ ਵਿਭਾਗ ਦੇ ਜੇ.ਈ. ਖਿਲਾਫ਼ ਖੋਲ੍ਹਿਆ ਮੋਰਚਾ
ਜੇ.ਈ. ਨੂੰ ਮੁਅੱਤਲ ਕਰਕੇ ਇਨਕੁਆਰੀ ਬਿਠਾਉਣ ਦੀ ਮੁਲਾਜ਼ਮਾਂ ਨੇ ਮੰਗ ਚੁੱਕੀ
ਪਟਿਆਲਾ 5 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੁਰੰਮਤੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਵਿਭਾਗ ਜੇ.ਈ. ਖਿਲਾਫ਼ ਮੋਰਚਾ ਖੋਲ੍ਹਦਿਆਂ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਜੇ.ਈ. ਦਾ ਤਬਾਦਲਾ ਕੀਤਾ ਜਾਵੇ।
ਵਿਭਾਗ ਦੇ ਮੁਲਾਜ਼ਮਾਂ ਦੀ ਅਗਵਾਈ ਕਰ ਰਹੇ ਗੁਰਿੰਦਰਪਾਲ ਸਿੰਘ ਬੱਬੀ ਨੇ ਕਿਹਾ ਕਿ ਵਿਭਾਗ ਦੇ ਜੇ.ਈ. ਰਾਹੁਲ ਜੈਦਕਾ ਦਾ ਵਿਭਾਗ ਵਿਚ ਹੀ ਕੰਮ ਕਰਨ ਵਾਲੇ ਮੁਲਾਜ਼ਮਾਂ ਪ੍ਰਤੀ ਕਾਫੀ ਮਾੜਾ ਵਤੀਰਾ ਹੈ, ਜੋ ਕੰਮ ਕਾਜ ਦੌਰਾਨ ਅਕਸਰ ਹੀ ਮੁਲਾਜ਼ਮਾਂ ਨਾਲ ਮਾੜਾ ਵਿਵਹਾਰ ਕਰਦਾ ਹੈ ਅਤੇ ਇਥੋਂ ਤੱਕ ਕਿ ਕੰਮ ਦੌਰਾਨ ਮੁਲਾਜ਼ਮਾਂ ਨਾਲ ਗਾਲੀ ਗਲੋਚ ਵੀ ਕੀਤੀ ਜਾਂਦੀ ਹੈ।
ਰੋਸ ਪ੍ਰਗਟ ਕਰ ਰਹੇ ਮੁਲਾਜ਼ਮਾਂ ਗੁਰਪ੍ਰੀਤ ਸਿੰਘ, ਸੁੱਚਾ ਸਿੰਘ, ਕ੍ਰਿਸ਼ਨ ਚੰਦ, ਗੁਰਪਾਲ ਸਿੰਘ ਨੇ ਕਿਹਾ ਕਿ ਬੀਤੀ ਦਿਨੀਂ ਵਿਭਾਗ ਦੇ ਮੁਲਾਜ਼ਮ ਗਿਆਨ ਸਿੰਘ ਨੂੰ ਬਿਜਲੀ ਸਪਲਾਈ ਠੀਕ ਕਰਨ ਦੌਰਾਨ ਕਰੰਟ ਲੱਗਿਆ ਸੀ, ਜਿਸ ਲਈ ਜੇ.ਈ. ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇ.ਈ. ਵੱਲੋਂ ਮੁਲਾਜ਼ਮਾਂ ਤੋਂ ਦਬਾਅ ‘ਚ ਕੰਮ ਲਿਆ ਜਾਂਦਾ ਹੈ, ਜਿਸ ਦੀ ਮਿਸਾਲ ਮੈਨਟੀਨੈਂਸ ਦੌਰਾਨ ਕਰੰਟ ਲੱਗਣ ਵਾਲੇ ਗਿਆਨ ਸਿੰਘ ਤੋਂ ਲਈ ਜਾ ਸਕਦੀ ਹੈ, ਜੋ ਕੰਮ ਕਰਨ ਤੋਂ ਵੀ ਨਕਾਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਗਿਆਨ ਸਿੰਘ ਸਪਲਾਈ ਠੀਕ ਕਰ ਰਿਹਾ ਸੀ ਤਾਂ ਜੇ.ਈ. ਵੱਲੋਂ ਬਿਜਲੀ ਸਪਲਾਈ ਛੱਡ ਦਿੱਤੀ ਗਈ, ਜਿਸ ਕਾਰਨ ਗਿਆਨ ਸਿੰਘ ਅੱਜ ਕੰਮ ਕਰਨ ਤੋਂ ਅਸਮਰਥ ਹੋ ਗਿਆ ਹੈ।
ਇਸ ਦੌਰਾਨ ਗੱਲਬਾਤ ਕਰਦਿਆਂ ਗੁਰਿੰਦਰਪਾਲ ਸਿੰਘ ਬੱਬੀ ਨੇ ਕਿਹਾ ਕਿ ਜੇ.ਈ. ਨੂੰ ਮੁਅੱਤਲ ਕਰਕੇ ਉਸ ਖਿਲਾਫ਼ ਇਨਕੁਆਰੀ ਬਿਠਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਕੇ ਕੰਮ ਲੈਣ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇ.ਈ. ਖਿਲਾਫ਼ ਕਾਰਵਾਈ ਨੂੰ ਲੈ ਕੇ ਵਿਭਾਗ ਦੇ ਐਕਸੀਅਨ ਨੂੰ ਸਾਰੇ ਮਾਮਲੇ ਬਾਰੇ ਜਾਣੂੰ ਕਰਵਾ ਦਿੱਤਾ।
ਮੁਲਾਜ਼ਮਾਂ ‘ਚ ਰੋਸ, ਜੇ.ਈ. ਨੂੰ ਕਿਤੇ ਹੋਰ ਤਾਇਨਾਤ ਕਰਾਂਗੇ : ਸਿੱਧੂ
ਵਿਭਾਗ ਦੇ ਐਕਸੀਅਨ ਮਨਜੀਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇ.ਈ. ਖਿਲਾਫ਼ ਲੰਮੇ ਸਮੇਂ ਤੋਂ ਕੋਈ ਵੀ ਸ਼ਿਕਾਇਤ ਨਹੀਂ ਹੈ, ਪਰ ਹੁਣ ਮੁਲਾਜ਼ਮਾਂ ਨੇ ਜੇ.ਈ. ਦੇ ਵਤੀਰੇ ਨੂੰ ਲੈ ਕੇ ਜ਼ਰੂਰ ਇੰਤਰਾਜ਼ ਉਠਾਏ ਹਨ ਤਾਂ ਮਾਮਲੇ ਦੀ ਪੜਤਾਲ ਜ਼ਰੂਰ ਕਰਾਂਗੇ। ਉਨ੍ਹਾਂ ਜੇ.ਈ.ਦੇ ਹੱਕ ‘ਚ ਭੁਗਤਦਿਆਂ ਇਹੀ ਵੀ ਕਿਹਾ ਕਿ ਜੇ.ਈ. ਵਿਭਾਗ ਦੇ ਆਦੇਸ਼ਾਂ ਅਨੁਸਾਰ ਆਪਣੇ ਕੰਮ ਪ੍ਰਤੀ ਵਫ਼ਾਦਾਰ ਹੈ, ਜਿਸ ਦੀ ਕਦੇ ਕੋਈ ਸ਼ਿਕਾਇਤ ਨਹੀਂ ਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਿਆਨ ਸਿੰਘ ਨਾਲ ਵਪਾਰੇ ਹਾਦਸੇ ਤੋਂ ਬਾਦ ਮੁਲਾਜ਼ਮਾਂ ‘ਚ ਕਾਫੀ ਰੋਸ ਹੈ, ਜਿਨ੍ਹਾਂ ਵੱਲੋਂ ਜਿਤਾਏ ਜਾ ਰਹੇ ਰੋਸ ਨੂੰ ਵੇਖਦੇ ਹੋਏ ਜੇ.ਈ. ਨੂੰ ਦੋ ਕੁ ਮਹੀਨੇ ਲਈ ਕਿਤੇ ਹੋਰ ਤਾਇਨਾਤ ਕੀਤਾ ਜਾਵੇਗਾ।

