ਬਿਜਲੀ ਬੋਰਡ ਦੀ ਚੇਅਰਮੈਨੀ ‘ਤੇ ਕੈਪਟਨ ਨੇ ਖੇਡਿਆ ‘ਸਿੱਖ’ ਪੱਤਾ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਕਾਂਗਰਸ ਲੰਮੇ ਸਮੇਂ ਤੋਂ ਗੈਰ ਸਿੱਖ ਚਿਹਰਿਆਂ ਨੂੰ ਅਹੁਦਿਆਂ ਨਾਲ ਨਿਵਾਜਦੀ ਰਹੀ ਹੈ, ਪਰ ਇਸ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਬੋਰਡ ਦਾ ਚੇਅਰਮੈਨ ਇਕ ‘ਸਿੱਖ’ ਨੂੰ ਚਿਹਰੇ ਲਿਆਕੇ ਨਵੀਂ ਚਰਚਾ ਛੇੜ ਦਿੱਤੀ ਹੈ।
ਬਿਜਲੀ ਬੋਰਡ ਦੀ ਵਾਗਢੋਰ ਹੁਣ ਤੱਕ ਹਿੰਦੂ ਚਿਹਰਿਆਂ ਨੂੰ ਸੌਂਪੀ ਗਈ ਹੈ। ਬੋਰਡ ਦੇ ਅਹਿਮ ਅਹੁਦਿਆਂ ‘ਤੇ ਹਿੰਦੂ ਚਿਹਰਿਆਂ ‘ਚ ਜਿਨ੍ਹਾਂ ‘ਚ ਡਾਇਰੈਕਟਰ ਪ੍ਰਬੰਧਕੀ ਸ੍ਰੀ ਆਰ ਪੀ ਪਾਡਵ, ਡਾਇਰੈਕਟਰ ਵਿੱਤ ਸ੍ਰੀ ਜਤਿੰਦਰ ਗੋਇਲ, ਡਾਇਰੈਕਟਰ ਵਣਜ ਸ੍ਰੀ ਓਪੀ ਗਰਗ, ਡਾਇਰੈਕਟਰ ਵੰਡ ਐਨ ਕੇ ਸ਼ਰਮਾ ਆਦਿ ਸ਼ਾਮਲ ਹਨ ਅਤੇ ਏ ਵੇਣੂੰ ਪ੍ਰਸ਼ਾਦ ਨੂੰ ਚੇਅਰਮੈਨੀ ਹਿੰਦੂ ਚਿਹਰਾ ਹੋਣ ਕਰਕੇ ਹੀ ਦਿੱਤੀ ਗਈ ਸੀ, ਪਰ ਹੁਣ ਚੁਣੌਤੀਆਂ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੋਰਡ ਦੀ ਚੇਅਰਮੈਨੀ ਸਿੱਖ ਚਿਹਰਾ ਬਲਦੇਵ ਸਿੰਘ ਸਰਾਂ ਨੂੰ ਸੌਂਪ ਦਿੱਤੀ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਬੋਰਡ ਦੇ ਚੇਅਰਮੈਨ ਦੇ ਅਹੁਦੇ ‘ਤੇ ਸਿੱਖ ਚਿਹਰਿਆਂ ‘ਚ ਚੇਅਰਮੈਨ ਐਸ.ਐਸ. ਵਸੰਤ, ਐਚ.ਐਸ. ਬਵੇਜਾ ਅਤੇ ਏ.ਐਸ. ਚੱਠਾ ਆਦਿ ਸ਼ਾਮਲ ਰਹੇ ਹਨ, ਪਰ ਬੋਰਡ ਦੀ ਵਾਗਢੋਰ ਗੈਰ ਸਿੱਖ ਚਿਹਰੇ ਨੂੰ ਹੀ ਮਿਲਦੀ ਰਹੀ।
ਪੈਡੀ ਸੀਜ਼ਨ ‘ਚ ਨਿਰਵਿਘਨ ਬਿਜਲੀ ਸਪਲਾਈ ਦੇਣਾ ਅਹਿਮ ਸਮੱਸਿਆ ਬਣੀ ਹੋਈ ਹੈ, ਦੂਜੇ ਪਾਸੇ ਥਰਮਲ ਪਲਾਂਟ ਬੰਦ ਹੋਣ ਨਾਲ ਵਿਭਾਗ ਨੂੰ ਪ੍ਰਾਈਵੇਟ ਅਪਰੇਟਰਾਂ ‘ਤੇ ਨਿਰਭਰ ਹੋਣਾ ਪੈ ਰਿਹਾ ਹੈ ਤਾਂ ਜੋ ਬਿਜਲੀ ਦੀ ਖਰੀਦੋ ਫਰੋਖਤ ਕਰਕੇ ਮੌਜੂਦਾ ਚੁਣੌਤੀ ‘ਚੋਂ ਬਾਹਰ ਨਿਕਲਿਆ ਜਾ ਸਕੇ। ਬੋਰਡ ਦੇ ਮੁਲਾਜ਼ਮਾਂ ਦਾ ਵੋਟ ਬੈਂਕ ਹਮੇਸ਼ਾ ਸਰਕਾਰ ਬਣਾਉਣ ਤੇ ਡੇਗਣ ‘ਚ ਅਹਿਮ ਰੋਲ ਅਦਾ ਕਰਦਾ ਰਿਹਾ ਹੈ, ਜਿਸ ਨੂੰ ਭਾਂਪਦਿਆਂ ਸਿੱਖ ਚਿਹਰੇ ਵਜੋਂ ਬਲਦੇਵ ਸਿੰਘ ਸਰਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਵਿਚ ਚਰਚਾ ਹੈ ਕਿ ਇਕ ਸਿੱਖ ਚਿਹਰੇ ਵਜੋਂ ਬਲਦੇਵ ਸਿੰਘ ਸਰਾਂ ਨੂੰ ਚੇਅਰਮੈਨ ਤਾਂ ਲਗਾਇਆ ਗਿਆ ਹੈ, ਪਰ ਜੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਅਤੇ ਬੋਰਡ ਦੀਆਂ ਦਰਪੇਸ਼ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਕਾਂਗਰਸ ਸਰਕਾਰ ਦੀ ਬਜਾਏ ‘ਸਿੱਖ’ ਚਿਹਰਾ ਹੀ ਬਦਨਾਮ ਹੋਵੇਗਾ।

