ਦੇਸ਼-ਵਿਦੇਸ਼ਪਟਿਆਲਾ

ਨਜਾਇਜ਼ ਛਾਪਿਆਂ ਦੇ ਵਿਰੋਧ ‘ਚ ਪੈਸਟੀਸਾਈਡ ਵਪਾਰੀਆਂ ਨੇ ਪ੍ਰਗਟਾਇਆ ਰੋਸ

ਸਮੁੱਚੇ ਜ਼ਿਲੇ ਦੇ ਵਪਾਰੀਆਂ ਦਿੱਤਾ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਧਰਨਾ
ਪਟਿਆਲਾ, 11 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੈਸਟੀਸਾਈਡ ਦਾ ਕੰਮ ਕਰਨ ਵਾਲੇ ਵਪਾਰੀਆਂ ਉਪਰ ਅੱਜ ਥਾਂ-ਥਾਂ ਮਾਰੇ ਗਏ ਨਜਾਇਜ਼ ਛਾਪਿਆਂ ਦੇ ਦੌਰਾਨ ਵਪਾਰੀਆਂ ਦਾ ਗੁੱਸਾ ਫੁੱਟ ਪਿਆ ਅਤੇ ਰੋਸ ਵਜੋਂ ਸਮੁੱਚੇ ਜ਼ਿਲੇ ਦੇ ਵਪਾਰੀਆਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਧਰਮ ਕੁਮਾਰ ਬਾਂਸਲ ਦੀ ਅਗਵਾਈ ਹੇਠ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਧਰਨਾ ਦੇ ਕੇ ਪੰਜਾਬ ਸਰਕਾਰ ਦਾ ਪਿਟ ਸਿਆਪਾ ਕੀਤਾ।

ਇਸ ਮੌਕੇ ਵਪਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਖੇਤੀਬਾੜੀ ਵਿਭਾਗ ਦੀ ਐਨਫੋਰਸਮੈਂਟ ਟੀਮ, ਏ. ਡੀ. ਸੀ. ਜਨਰਲ ਸੂਬਾ ਸਿੰਘ ਨੇ ਕੁੱਝ ਚੁਨਿੰਦਾ ਪੁਲਸ ਅਧਿਕਾਰੀਆਂ ਦੇ ਨਾਲ ਅੱਜ ਨਵੀਂ ਅਨਾਜ ਮੰਡੀ ਪਟਿਆਲਾ, ਸਨੌਰ ਅਨਾਜ ਮੰਡੀ, ਦੇਵੀਗੜ੍ਹ ਅਨਾਜ ਮੰਡੀ, ਰਾਜਪੁਰਾ, ਸਮਾਣਾ, ਨਾਭਾ, ਪਾਤੜਾਂ ਆਦਿ ਥਾਵਾਂ ‘ਤੇ ਨਜਾਇਜ਼ ਛਾਪੇ ਮਾਰ ਕੇ ਸੈਂਪਲਿੰਗ ਕੀਤੀ ਅਤੇ ਵਿਰੋਧ ਕਰਨ ਤੋਂ ਬਾਅਦ ਜਬਰੀ ਉਹਨਾਂ ਦਾ ਰਿਕਾਰਡ ਵੀ ਚੈਕ ਕੀਤਾ। ਵਪਾਰੀ ਨੇਤਾਵਾਂ ਨੇ ਕਿਹਾ ਕਿ ਉਹ ਛਾਪਿਆਂ ਦੇ ਵਿਰੋਧ ਵਿਚ ਨਹੀਂ ਹਨ ਪਰ ਮੁੱਖ ਮੰਤਰੀ ਦੇ ਸ਼ਹਿਰ ਵਿਚ ਇਹੋ ਜਿਹੀ ਕਾਰਵਾਈ ਨੇ ਉਹਨਾਂ ਦੀ ਸਾਖ ਨੂੰ ਧੱਕਾ ਲਗਾਇਆ ਹੈ ਜਦੋਂ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਸਾਫ ਸੁਥਰਾ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਵੀ ਖੇਤੀਬਾੜੀ ਵਿਭਾਗ ਵਲੋਂ ਉਹਨਾਂ ਦੀਆਂ ਵਪਾਰਕ ਦੁਕਾਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਪਰ ਇਸ ਵਾਰ ਨਜਾਇਜ਼ ਤੌਰ ‘ਤੇ ਪੁਲਸੀਆ ਵਿਭਾਗ ਨੂੰ ਨਾਲ ਲੈ ਕੇ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਉਹਨਾਂ ਨੂੰ ਜਗ੍ਹਾ-ਜਗ੍ਹਾ ਤੋਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਤੁਸੀਂ ਅਜਿਹਾ ਕਿਹੜਾ ਕੰਮ ਕਰ ਰਹੇ ਹੋ ਜਿਹੜਾ ਪੁਲਸ ਨੇ ਅੱਜ ਤੁਹਾਡੀਆਂ ਦੁਕਾਨਾਂ ‘ਤੇ ਦਬਿਸ਼ ਦਿੱਤੀ ਹੈ। ਅੱਜ ਇਸ ਮੌਕੇ ਵਪਾਰੀਆਂ ਨੇ ਏ. ਡੀ. ਸੀ. ਪਟਿਆਲਾ ਨੂੰ ਮਿਲ ਕੇ ਮੁੱਖ ਮੰਤਰੀ ਦੇ ਨਾਮ ਇਕ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਇਹੋ ਜਿਹੀਆਂ ਨਜਾਇਜ਼ ਕਾਰਵਾਈਆਂ ਨੂੰ ਰੋਕਿਆ ਜਾਵੇ ਅਤੇ ਵਪਾਰੀਆਂ ਦੇ ਮਾਨ ਸਨਮਾਨ ਨੂੰ ਵੀ ਬਰਕਰਾਰ ਰੱਖਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਮੁੜ ਤੋਂ ਇਹੋ ਜਿਹੀ ਕੋਈ ਕਾਰਵਾਈ ਕੀਤੀ ਤਾਂ ਵਪਾਰੀ ਇਕਜੁੱਟ ਹੋ ਕੇ ਸਰਕਾਰ ਖਿਲਾਫ਼ ਧਰਨੇ ਤੇ ਪ੍ਰਦਰਸ਼ਨ ਲਗਾਉਣਗੇ। ਇਸ ਮੌਕੇ ਫੂਲ ਚੰਦ ਗੁਪਤਾ, ਸੰਜੀਵ ਗੁਪਤਾ ਰਾਜਪੁਰਾ, ਰਾਕੇਸ਼ ਪਾਹਵਾ, ਕੇਵਲ ਕ੍ਰਿਸ਼ਨ ਸਮਾਣਾ, ਕ੍ਰਿਸ਼ਨ ਜਿੰਦਲ ਸਮਾਣਾ, ਨਸੀਬ ਚੰਦ ਸਨੌਰ, ਭਗਵਾਨ ਸਿੰਘ ਸਨੌਰ, ਹਰਜਿੰਦਰ ਸਿੰਘ ਸਨੌਰ, ਵਿਜੈ ਕੁਮਾਰ ਸਨੌਰ, ਜਗਜੀਤ ਸਿੰਘ, ਅਰੁਣ ਗੁਪਤਾ, ਭੂਸ਼ਣ ਸਿੰਗਲਾ, ਅਨਵਰ, ਕ੍ਰਿਸ਼ਨ ਲਾਲ, ਸੁਨੀਲ ਕੁਮਾਰ, ਮੁਰਾਰੀ ਲਾਲ ਪਾਤੜਾਂ, ਰਾਜ ਸਿੰਗਲਾ, ਰਾਜਵਿੰਦਰ ਸਿੰਘ ਲਾਡੀ, ਜਸਵਿੰਦਰ ਸਿੰਘ, ਸ਼ਾਮ ਵਧਵਾ ਰਾਜਪੁਰਾ, ਬੰਟੀ ਕਾਂਸਲ ਨਾਭਾ ਅਤੇ ਰਾਜੇਸ਼ ਗੁਪਤਾ ਤੋਂ ਇਲਾਵਾ ਸਮੁੱਚੇ ਵਪਾਰੀ ਆਗੂ ਅਤੇ ਦੁਕਾਨਦਾਰ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *